ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡੇ ’ਤੇ ਨਿਵੇਸ਼ਕਾਂ ਨੇ ਡਿਪਟੀ ਮੇਅਰ ਕੁਲਜੀਤ ਬੇਦੀ ਨੂੰ ਦੱਸੀਆਂ ਸਮੱਸਿਆਵਾਂ

ਕਈ ਸਾਲਾਂ ਤੋਂ ਆਪਣੇ ਪੈਸੇ ਵਾਪਸ ਲੈਣ ਜਾਂ ਕਬਜ਼ਾ ਦੇਣ ਲਈ ਧੱਕੇ ਖਾ ਰਹੇ ਨੇ ਨਿਵੇਸ਼ਕ: ਕੁਲਜੀਤ ਬੇਦੀ

ਨਿਵੇਸ਼ਕਾਂ ਨਾਲ ਧੱਕਾ ਨਹੀਂ ਹੋਣ ਦਿਆਂਗੇ, ਖੂਨ ਪਸੀਨੇ ਦੀ ਕਮਾਈ ਵਾਪਸ ਕਰਵਾਏ ਜਾਣਗੇ:: ਡਿਪਟੀ ਮੇਅਰ

ਨਬਜ਼-ਏ-ਪੰਜਾਬ, ਮੁਹਾਲੀ, 2 ਅਕਤੂਬਰ:
ਇੱਥੋਂ ਦੇ ਬਾਬਾ ਬੰਦਾ ਸਿੰਘ ਬਹਾਦਰ ਬੱਸ ਅੱਡਾ ਸਹੀ ਰੂਪ ਵਿੱਚ ਚਾਲੂ ਨਾ ਹੋਣ ਕਾਰਨ ਪਹਿਲਾਂ ਹੀ ਸ਼ਹਿਰ ਵਾਸੀਆਂ ਅਤੇ ਯਾਤਰੀਆਂ ਨੂੰ ਵੱਡੀ ਪ੍ਰੇਸ਼ਾਨੀ ਹੋ ਰਹੀ ਹੈ।, ਉੱਥੇ ਹੁਣ ਇਸ ਪ੍ਰਾਜੈਕਟ ਲਈ ਨਿਵੇਸ਼ ਕਰਨ ਵਾਲੇ ਨਿਵੇਸਕ ਵੀ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਉਨ੍ਹਾਂ ਨੇ ਨਾਅਰੇਬਾਜ਼ੀ ਕਰਕੇ ਰੋਸ ਪ੍ਰਗਟ ਕੀਤਾ ਅਤੇ ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੂੰ ਮੌਕੇ ’ਤੇ ਸੱਦ ਕੇ ਆਪਬੀਤੀ ਦੱਸੀ।
ਨਿਵੇਸ਼ਕਾਂ ਨੇ ਦੱਸਿਆ ਕਿ ਉਨ੍ਹਾਂ ਨੇ 2010 ਤੋਂ 2012 ਦਰਮਿਆਨ ਇੱਥੇ ਪੈਸੇ ਲਗਾਏ ਸਨ ਅਤੇ ਉਨ੍ਹਾਂ ਨੂੰ ਕੰਪਨੀ ਨੇ ਸਬਜ਼ਬਾਗ ਦਿਖਾਏ ਗਏ ਸੀ। ਉਨ੍ਹਾਂ ਨੂੰ ਤਿੰਨ ਸਾਲਾਂ ਵਿੱਚ ਦਫ਼ਤਰਾਂ ਦਾ ਕਬਜ਼ਾ ਦੇਣ ਦਾ ਵਾਅਦਾ ਕੀਤਾ ਗਿਆ ਸੀ ਪਰ ਇਹ ਟਾਵਰ ਹੀ ਨਹੀਂ ਬਣਾਏ ਗਏ ਤਾਂ ਕਬਜ਼ਾ ਕਿੱਥੋਂ ਦੇਣਾ ਸੀ। ਕੱੁਝ ਨਿਵੇਸ਼ਕਾਂ ਨੇ ਹਰ ਮਹੀਨੇ ਵਾਪਸੀ ਦੇ ਅਧਾਰ ’ਤੇ ਪੈਸੇ ਭਰੇ ਸਨ ਪਰ ਬਾਅਦ ਵਿੱਚ ਕੰਪਨੀ ਮੁੱਕਰ ਗਈ। ਇੱਕ ਨਿਵੇਸ਼ਕ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਆਪਣੀ ਪੈਨਸ਼ਨ ਦੇ 15 ਲੱਖ ਰੁਪਏ ਦੀ ਰਕਮ ਇੱਥੇ ਲਗਾਈ ਸੀ। ਹੁਣ ਤਾਂ ਉਸ ਦੇ ਪਿਤਾ ਵੀ ਇਸ ਦੁਨੀਆਂ ਵਿੱਚ ਨਹੀਂ ਰਹੇ ਪਰ ਉਨ੍ਹਾਂ ਦੇ ਖੂਨ ਪਸੀਨੇ ਦੀ ਕਮਾਈ ਲੁੱਟੀ ਗਈ ਹੈ। ਸਬੰਧਤ ਨਿਵੇਸ਼ਕ ਪਿਛਲੇ ਡੇਢ ਦਹਾਕੇ ਤੋਂ ਆਪਣੇ ਪੈਸੇ ਵਾਪਸ ਲੈਣ ਲਈ ਤਰਲੇ ਕੱਢ ਰਹੇ ਹਨ। ਉਨ੍ਹਾਂ ਦੱਸਿਆ ਕਿ ਉਹ ਖਪਤਕਾਰ ਅਦਾਲਤ ਵਿੱਚ ਕੇਸ ਵੀ ਜਿੱਤ ਚੁੱਕੇ ਹਨ। ਖਪਤਕਾਰ ਅਦਾਲਤ ਨੇ 12 ਫੀਸਦੀ ਵਿਆਜ ਨਾਲ ਪੈਸੇ ਵਾਪਸ ਕਰਨ ਦੇ ਹੁਕਮ ਜਾਰੀ ਕੀਤੇ ਸਨ ਪਰ ਹੁਣ ਤੱਕ ਇੱਕ ਧੇਲਾ ਨਹੀਂ ਮਿਲਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਬੱਸ ਅੱਡਾ ਬਣਾਉਣ ਸਮੇਂ ਪ੍ਰਾਈਵੇਟ ਕੰਪਨੀ ਨੇ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਲਗਵਾ ਲਈ, ਜੋ ‘ਬੀ’ ਅਤੇ ‘ਸੀ’ ਟਾਵਰ ਵਿੱਚ ਦਫ਼ਤਰ ਦੇਣ ਲਈ ਨਿਵੇਸ਼ ਕਰਵਾਇਆ ਸੀ, ਉਹ ਟਾਵਰ ਬਣੇ ਹੀ ਨਹੀਂ। ਉਨ੍ਹਾਂ ਕਿਹਾ ਕਿ ਬੱਸ ਅੱਡਾ ਚਾਲੂ ਕਰਵਾਉਣ ਅਤੇ ਬੰਦੀ ਕੀਤੀ ਸੜਕ ਨੂੰ ਆਵਾਜਾਈ ਲਈ ਖੋਲ੍ਹਣ ਲਈ ਉੱਚ ਅਦਾਲਤ ਦਾ ਬੂਹਾ ਖੜਕਾਇਆ ਗਿਆ ਹੈ। ਅਦਾਲਤ ਨੇ ਪੰਜਾਬ ਦੇ ਮੁੱਖ ਸਕੱਤਰ ਸਮੇਤ ਗਮਾਡਾ, ਡੀਸੀ ਅਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ ਪੱਖ ਰੱਖਣ ਲਈ ਕਿਹਾ ਗਿਆ ਹੈ।
ਸ੍ਰੀ ਬੇਦੀ ਨੇ ਦੱਸਿਆ ਕਿ ਨਵੀਂ ਕੰਪਨੀ ਖ਼ਿਲਾਫ਼ ਵੀ ਨੈਸ਼ਨਲ ਟ੍ਰਿਬਿਊਨਲ ਵਿੱਚ ਕੇਸ ਦਾਇਰ ਕੀਤਾ ਗਿਆ ਹੈ ਅਤੇ ਹਾਈਕੋਰਟ ਵਿੱਚ ਵੀ ਕੇਸ ਵਿਚਾਰ ਅਧੀਨ ਹੈ। ਗਮਾਡਾ ਨੇ ਵੀ ਕੰਪਨੀ ਖ਼ਿਲਾਫ਼ ਵੱਖਰਾ ਕੇਸ ਕੀਤਾ ਹੋਇਆ ਹੈ ਕਿਉਂਕਿ ਜ਼ਮੀਨ ਗਮਾਡਾ ਦੀ ਹੈ। ਉਨ੍ਹਾਂ ਮੰਗ ਕੀਤੀ ਕਿ ਨਿਵੇਸ਼ਕਾਂ ਨੂੰ ਪੂਰੇ ਪੈਸੇ ਵਿਆਜ ਸਮੇਤ ਵਾਪਸ ਕੀਤੇ ਜਾਣ ਜਾਂ ਉਨ੍ਹਾਂ ਨੂੰ ਵਾਅਦੇ ਅਨੁਸਾਰ ਕਬਜ਼ਾ ਦਿੱਤਾ ਜਾਵੇ। ਇਸ ਮੌਕੇ ਗਿਆਨ ਸਿੰਘ ਥਿੰਦ, ਵਿਮਲ ਰਾਏ ਕਟਾਰੀਆ, ਡਾ. ਹਰਪ੍ਰੀਤ ਸਿੰਘ, ਉਪਕਾਰ ਸਿੰਘ, ਡਾ. ਕੇਵਲ ਕ੍ਰਿਸ਼ਨ, ਜਸਪਾਲ ਸਿੰਘ, ਐਮਪੀ ਸਿੰਘ, ਰਵਿੰਦਰ ਕੌਰ, ਸਾਈਮਨ ਪੀਟਰ ਸਮੇਤ ਹੋਰ ਨਿਵੇਸ਼ਕ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ

ਪਾਵਰਕੌਮ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੁਲਾਜ਼ਮ ਮੰਗਾਂ ਸਬੰਧੀ ਕਨਵੈਂਨਸ਼ਨ ਨਬਜ਼-ਏ-ਪੰਜਾਬ, ਮੁਹਾਲੀ, 5 ਅਕ…