ਵਿਰਸੇ ਦੀ ਸੰਭਾਲ ਲਈ ਗੱਤਕੇ ਨੂੰ ਪਿੰਡ-ਪਿੰਡ ਪੰਹੁਚਾਉਣ ਦਾ ਸੱਦਾ

ਰੂਪਨਗਰ ‘ਚ ਦੂਜਾ ਵਿਰਸਾ ਸੰਭਾਲ ਗੱਤਕਾ ਕੱਪ ਕਰਵਾਇਆ

ਸ਼ਸ਼ਤਰ ਪ੍ਰਦਰਸ਼ਨੀ ‘ਚ ਸੰਤ ਜਰਨੈਲ ਸਿੰਘ ਗੱਤਕਾ ਅਖਾੜਾ ਜੇਤੂ

ਨਬਜ਼-ਏ-ਪੰਜਾਬ ਬਿਊਰੋ, ਰੂਪਨਗਰ, 28 ਜਨਵਰੀ :
ਅੱਜ ਇਥੇ ਗੁਰੂਦੁਆਰਾ ਕੋਟ ਪਰਾਣ ਟਿੱਬੀ ਸਾਹਿਬ (ਹੈਡਵਰਕਸ) ਵਿਖੇ ਕਰਵਾਏ ਗਏ ਦੂਜੇ ਵਿਰਸਾ ਸੰਭਾਲ ਗੱਤਕਾ ਟੂਰਨਾਮੈਂਟ ਦੌਰਾਨ ਸ਼ਸ਼ਤਰ ਪ੍ਰਦਰਸ਼ਨੀ ਵਿੱਚ ਸੰਤ ਜਰਨੈਲ ਸਿੰਘ ਗੱਤਕਾ ਅਖਾੜਾ ਖਿਜਰਾਬਾਦ ਦੀ ਟੀਮ ਜੇਤੂ ਰਹੀ ਜਦਕਿ ਮੀਰੀ ਪੀਰੀ ਗੱਤਕਾ ਅਖਾੜਾ ਘਨੌਲੀ ਦੀ ਟੀਮ ਦੂਜੇ ਨੰਬਰ ‘ਤੇ ਅਤੇ ਮਾਈ ਭਾਗੋ ਗੱਤਕਾ ਅਖਾੜਾ ਪਿਰੋਜ਼ਪੁਰ ਦੀ ਟੀਮ ਤੀਜੇ ਨੰਬਰ ‘ਤੇ ਰਹੀ। ਗੱਤਕਾ ਸੋਟੀ-ਫ਼ਰੀ (ਵਿਅਕਤੀਗਤ) ਮੁਕਾਬਲੇ ਵਿੱਚ ਰਣਬੀਰ ਸਿੰਘ ਪਹਿਲੇ, ਗੁਰਪ੍ਰੀਤ ਸਿੰਘ ਦੂਜੇ ਅਤੇ ਜਸਪ੍ਰੀਤ ਸਿੰਘ ਤੀਜੇ ਸਥਾਨ ‘ਤੇ ਰਿਹਾ।
ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਅਤੇ ਜਾਗਰਨ ਗਰੁੱਪ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਦੂਜੇ ਜਿਲ੍ਹਾ ਪੱਧਰੀ ਗੱਤਕਾ ਟੂਰਨਾਮੈਂਟ ਦਾ ਉਦਘਾਟਨ ਗੁਰੂਦੁਆਰਾ ਟਿੱਬੀ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ, ਸੀਨੀਅਰ ਕਾਂਗਰਸੀ ਨੇਤਾ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਇਸਮਾ ਦੇ ਚੇਅਰਮੈਨ ਹਰਜੀਤ ਸਿੰਘ ਗਰੇਵਾਲ ਨੇ ਸਾਂਝੇ ਤੌਰ ‘ਤੇ ਕੀਤਾ। ਉਨ੍ਹਾਂ ਦੇ ਨਾਲ ਸਹਾਇਕ ਸੰਪਾਦਕ ਮਹਿਤਾਬ-ਉਦ-ਦੀਨ ਅਤੇ ਇਸਮਾ ਦੇ ਸੀਨੀਅਰ ਵਾਈਸ ਚੇਅਰਮੈਨ ਰਘਬੀਰ ਚੰਦ ਸ਼ਰਮਾ ਨੇ ਸਾਥ ਦਿੱਤਾ।
ਇਸ ਮੌਕੇ ਬੋਲਦਿਆਂ ਜੈਲਦਾਰ ਚੈੜੀਆਂ ਨੇ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿਚ ਇਸਮਾ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਵਿਰਸਾ ਸੰਭਾਲ ਗੱਤਕਾ ਪ੍ਰੋਗਰਾਮਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਗੱਤਕਾ ਖੇਡ ਦੇ ਅਜਿਹੇ ਵਿਰਾਸਤੀ ਟੂਰਨਾਮੈਂਟ ਕਰਵਾਉਣ ਲਈ ਉਨਾਂ ਇਸਮਾ ਨੂੰ ਪੂਰੇ ਸਹਿਯੋਗ ਦਾ ਭਰੋਸਾ ਦਿੱਤਾ। ਆਪਣੇ ਸੰਬੋਧਨ ਵਿਚ ਇਸਮਾ ਦੇ ਚੇਅਰਮੈਨ ਸ. ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਗੱਤਕਾ ਖੇਤਰ ਵਿੱਚ ਹੋਈਆਂ ਪ੍ਰਾਪਤੀਆਂ ਸਦਕਾ ਗੱਤਕਾ ਖੇਡ ਦਾ ਭਵਿੱਖ ਬਹੁਤ ਉੱਜਲ ਹੈ। ਉਨ੍ਹਾਂ ਕਿਹਾ ਕਿ ਕੌਮੀ ਸਕੂਲ ਖੇਡਾਂ ਅਤੇ ਯੂਨੀਵਰਸਿਟੀ ਖੇਡਾਂ ਵਿਚ ਮਾਨਤਾ ਮਿਲ ਜਾਣ ਅਤੇ ਪੰਜਾਬ ਸਰਕਾਰ ਵੱਲੋਂ ਗੱਤਕਾ ਖੇਡ ਦੀ ਗ੍ਰੇਡੇਸ਼ਨ ਹੋਣ ਸਦਕਾ ਹੁਣ ਗੱਤਕਾ ਖਿਡਾਰੀ ਵੀ ਦੂਜੀਆਂ ਖੇਡਾਂ ਵਾਂਗ ਵੱਖ-ਵੱਖ ਵਿਦਿਅਕ ਅਦਾਰਿਆਂ ਵਿਚ ਦਾਖਲਾ ਲੈਣ ਅਤੇ ਨੌਕਰੀਆਂ ਹਾਸਲ ਕਰਨ ਸਮੇਂ ਖਿਡਾਰੀਆਂ ਨੂੰ ਮਿਲਦੀ 3 ਫੀਸਦੀ ਰਾਖਵੇਂਕਰਨ ਦੀ ਸਹੂਲਤ ਪ੍ਰਾਪਤ ਕਰ ਸਕਦੇ ਹਨ। ਗੱਤਕਾ ਪ੍ਰੋਮੋਟਰ ਗਰੇਵਾਲ ਨੇ ਸਮੂਹ ਸੰਗਤਾਂ ਨੂੰ ਸੱਦਾ ਦਿੱਤਾ ਕਿ ਉਹ ਨੌਜਵਾਨਾਂ ਨੂੰ ਪੰਜਾਬ ਦੇ ਮਾਣਮੱਤੇ ਸਭਿਆਚਾਰ, ਅਮੀਰ ਵਿਰਸੇ, ਮਾਂ-ਬੋਲੀ ਅਤੇ ਬਾਣੀ-ਬਾਣੇ ਨਾਲ ਜੋੜਨ ਲਈ ਗੱਤਕਾ ਖੇਡ ਵੱਲ ਪ੍ਰੇਰਿਤ ਕਰਦੇ ਹੋਏ ਗੱਤਕੇ ਨੂੰ ਘਰ-ਘਰ ਦੀ ਖੇਡ ਬਣਾਇਆ ਜਾਵੇ ਅਤੇ ਪਿੰਡ ਪੱਧਰ ‘ਤੇ ਗੱਤਕਾ ਅਖਾੜੇ ਖੋਲ ਕੇ ਬੱਚਿਆਂ ਨੂੰ ਗੱਤਕੇ ਦੀ ਸਿਖਲਾਈ ਦਿੱਤੀ ਜਾਵੇ।
ਇਸ ਮੌਕੇ ਸੰਤ ਅਵਤਾਰ ਸਿੰਘ ਟਿੱਬੀ ਸਾਹਿਬ ਨੇ ਪੰਜਾਬ ਵਿਚ ਬੱਚਿਆਂ ਨੂੰ ਜਿੱਥੇ ਖੇਡਾਂ ਵੱਲ ਰੁਚਿਤ ਹੋਣ ਲਈ ਪ੍ਰੇਰਿਤ ਕੀਤਾ ਉਥੇ ਨਾਲ ਹੀ ਆਖਿਆ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਰੋਕਣ, ਉਸਾਰੂ ਕੰਮਾਂ ਵੱਲ ਲਾਉਣ ਅਤੇ ਬੱਚਿਆਂ ਅੰਦਰ ਚੰਗੇ ਸੰਸਕਾਰ ਪੈਦਾ ਕਰਨ ਲਈ ਗੱਤਕਾ ਖੇਡ ਨੂੰ ਅਪਨਾਇਆ ਜਾਵੇ ਕਿਉਂਕਿ ਗੱਤਕੇ ਨਾਲ ਜਿੱਥੇ ਸਰੀਰਕ ਵਰਜਿਸ਼ ਹੋਵੇਗੀ ਉਥੇ ਮਨ ਵਿਚ ਧਾਰਮਿਕ ਖਿਆਲ ਵੀ ਪੈਦਾ ਹੋਣਗੇ। ਉਨ੍ਹਾਂ ਨੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਵੱਲੋਂ ਵਿਰਸਾ ਸੰਭਾਲ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਇਸਮਾ ਦੇ ਵਾਈਸ ਚੇਅਰਮੈਨ ਅਤੇ ਗੱਤਕਾ ਕੋਚ ਅਵਤਾਰ ਸਿੰਘ ਪਟਿਆਲਾ, ਸਕੱਤਰ ਉਦੇ ਸਿੰਘ ਤੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਸਹਾਇਕ ਜਿਲਾ ਲੋਕ ਸੰਪਰਕ ਅਫਸਰ ਰੂਪਨਗਰ ਹਰੀਸ਼ ਕੁਮਾਰ ਕਾਲੜਾ, ਜਥੇਦਾਰ ਜਗਮਿੱਤਰ ਸਿੰਘ, ਜਿਲ੍ਹਾ ਗੱਤਕਾ ਐਸੋਸ਼ੀਏਸ਼ਨ ਰੂਪਨਗਰ ਦੇ ਪ੍ਰਧਾਨ ਅਮਰਜੀਤ ਸਿੰਘ, ਬਹਾਦਰਜੀਤ ਸਿੰਘ, ਸੁਖਵਿੰਦਰ ਸਿੰਘ ਸੋਨੀ, ਰਾਕੇਸ਼ ਗੌੜ (ਸਮੂਹ ਪੱਤਰਕਾਰ), ਕਾਂਗਰਸੀ ਨੇਤਾ ਜਗਦੀਸ਼ ਕਾਂਜਲਾ, ਮਿੰਟੂ ਸਰਾਫ, ਬਲਦੇਵ ਸਿੰਘ ਗਿੱਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਅਤੇ ਹਰਪ੍ਰੀਤ ਸਿੰਘ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …