Nabaz-e-punjab.com

ਆਪ ਵਲੰਟੀਅਰਾਂ ਨੂੰ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ

‘ਆਪ’ ਨੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਢਿੱਲੋਂ ਨੂੰ ਮੁਹਾਲੀ ਹਲਕੇ ਦਾ ਇੰਚਾਰਜ ਥਾਪਿਆ

ਇਲਾਕੇ ਵਿੱਚ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਜਨ ਸੰਪਰਕ ਮੁਹਿੰਮ ਵਿੱਢੀ ਜਾਵੇਗੀ: ਢਿੱਲੋਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 16 ਦਸੰਬਰ:
ਆਮ ਆਦਮੀ ਪਾਰਟੀ (ਆਪ) ਨੇ ਮੁਹਾਲੀ ਵਿੱਚ ਆਪਣੀ ਸਰਗਰਮੀਆਂ ਤੇਜ਼ ਕਰਦਿਆਂ ਪਾਰਟੀ ਦੇ ਮਾਲਵਾ ਜ਼ੋਨ-3 ਦੇ ਪ੍ਰਧਾਨ ਦਲਬੀਰ ਸਿੰਘ ਢਿੱਲੋਂ ਨੂੰ ਮੁਹਾਲੀ ਹਲਕੇ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਨਵੇਂ ਹਲਕਾ ਇੰਚਾਰਜ ਢਿੱਲੋਂ ਦਾ ਮੁਹਾਲੀ ਪਹੁੰਚਣ ’ਤੇ ਆਪ ਵਲੰਟੀਅਰਾਂ ਨੇ ਜ਼ਿਲ੍ਹਾ ਮੀਤ ਪ੍ਰਧਾਨ ਜਗਦੇਵ ਸਿੰਘ ਮਲੋਆ ਦੀ ਅਗਵਾਈ ਹੇਠ ਸ਼ਾਨਦਾਰ ਸਵਾਗਤ ਕੀਤਾ।
ਇਸ ਮੌਕੇ ਦਲਬੀਰ ਸਿੰਘ ਢਿੱਲੋਂ ਨੇ ਇੱਥੋਂ ਦੇ ਫੇਜ਼-7 ਵਿੱਚ ਆਪ ਵਲੰਟੀਅਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਨੀਤੀਆਂ ਬਾਰੇ ਜਾਣੂ ਕਰਵਾਉਂਦੇ ਹੋਏ ਲੋਕਾਂ ਨਾਲ ਜੁੜੇ ਹੋਏ ਮੁੱਦੇ ਅਤੇ ਸਰਕਾਰ ਦੀਆਂ ਵਧੀਕੀਆਂ ਖ਼ਿਲਾਫ਼ ਲਾਮਬੰਦ ਹੋਣ ਦਾ ਸੱਦਾ ਦਿੱਤਾ। ਸ੍ਰੀ ਢਿੱਲੋਂ ਨੇ ਕਿਹਾ ਕਿ ਮੁਹਾਲੀ ਸਮੇਤ ਸਮੁੱਚੇ ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਅਤੇ ਗੁੰਡਾ ਟੈਕਸ ਦੀ ਵਸੂਲੀ ਧੜੱਲੇ ਨਾਲ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਸਰਕਾਰ ਦੀ ਮਿਲੀਭੁਗਤ ਤੋਂ ਬਿਨਾਂ ਸੰਭਵ ਨਹੀਂ ਹੈ। ਪਿਛਲੀ ਅਕਾਲੀ ਸਰਕਾਰ ਵੇਲੇ ਵੀ ਇਹੀ ਕੁਝ ਹੁੰਦਾ ਰਿਹਾ ਹੈ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ’ਤੇ ਵਰ੍ਹਦਿਆਂ ਸ੍ਰੀ ਢਿੱਲੋਂ ਨੇ ਕਿਹਾਾ ਕਿ ਜਦੋਂ ਮੰਤਰੀ ਦੇ ਆਪਣੇ ਹਲਕੇ ਵਿੱਚ ਸਿਹਤ ਸੇਵਾਵਾਂ ਦਾ ਬੂਰਾ ਹਾਲ ਹੈ ਤਾਂ ਪੰਜਾਬ ਦੇ ਸਰਕਾਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਦੇ ਹਾਲਾਤਾਂ ਬਾਰੇ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰੀ ਖੇਤਰ ਅਤੇ ਪਿੰਡਾਂ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਪਾਰਟੀ ਨਾਲ ਜੋੜਨ ਅਤੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ ਜਲਦੀ ਹੀ ਜਨ ਸੰਪਰਕ ਮੁਹਿੰਮ ਵਿੱਢੀ ਜਾਵੇਗੀ। ਮੁਹਾਲੀ ਨਗਰ ਨਿਗਮ ਦੀਆਂ ਨੇੜੇ ਆ ਰਹੀਆਂ ਚੋਣਾਂ ਬਾਰੇ ਸ੍ਰੀ ਢਿੱਲੋਂ ਨੇ ਕਿਹਾ ਕਿ ਇਸ ਸਬੰਧੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਹੀ ਕਾਰਵਾਈ ਕੀਤੀ ਜਾਵੇਗੀ। ਉਂਜ ਉਨ੍ਹਾਂ ਕਿਹਾ ਕਿ ਜੇਕਰ ਕੋਈ ਵਲੰਟੀਅਰ ਨਗਰ ਨਿਗਮ ਚੋਣਾਂ ਲੜਨਾਂ ਚਾਹੁੰਦਾ ਹੈ ਤਾਂ ਉਸ ਨੂੰ ਪੂਰੀ ਆਜ਼ਾਦੀ ਹੈ।
ਇੱਥੇ ਇਹ ਦੱਸਣਯੋਗ ਹੈ ਕਿ ਮੁਹਾਲੀ ਵਿੱਚ ਪਿਛਲੇ ਕਾਫੀ ਸਮੇਂ ਤੋਂ ਆਪ ਦੀਆਂ ਸਰਗਰਮੀ ਠੰਢੀਆਂ ਪਈਆਂ ਹਨ। ਬੀਤੇ ਦਿਨੀਂ ਮਹਿੰਗਾਈ ਖ਼ਿਲਾਫ਼ ਆਪ ਵਲੰਟੀਅਰਾਂ ਨੇ ਅੱਧਾ ਕੁ ਕਿੱਲੋ ਪਿਆਜ਼ ਡੀਸੀ ਦਫ਼ਤਰ ਦੇ ਬਾਹਰ ਸੁੱਟ ਕੇ ਰੋਸ ਪ੍ਰਦਰਸ਼ਨ ਕਰਨ ਤੋਂ ਬਿਨਾਂ ਕੋਈ ਸਰਗਰਮੀ ਨਹੀਂ ਦਿਖਾਈ। ਹੁਣ ਇਸ ਮੌਕੇ ਆਪ ਦੇ ਬੁਲਾਰੇ ਗੋਬਿੰਦਰ ਮਿੱਤਲ, ਬਲਾਕ ਪ੍ਰਧਾਨ ਰਾਮ ਲਾਲ, ਸੋਸ਼ਲ ਮੀਡੀਆ ਦੀ ਇੰਚਾਰਜ ਪ੍ਰਭਜੋਤ ਕੌਰ, ਅਨੂ ਬੱਬਰ, ਕਰਮਜੀਤ ਸਿੰਘ ਸ਼ਾਮਪੁਰ, ਜਸਪਾਲ ਸਿੰਘ ਕੁੰਭੜਾ ਅਤੇ ਜਸਪਾਲ ਸਿੰਘ ਕਾਊਣੀ ਸਮੇਤ ਹੋਰ ਵਲੰਟੀਅਰ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…