nabaz-e-punjab.com

ਆਈਪੀਐਲ ਮੈਚ: ਆਨਲਾਈਨ ਸੱਟਾ ਲਾਉਣ ਵਾਲੇ ਮੁਲਜ਼ਮਾਂ ਦਾ 3 ਰੋਜ਼ਾ ਪੁਲੀਸ ਰਿਮਾਂਡ

ਮੁਲਜ਼ਮਾਂ ਦੇ ਦੋ ਫਰਾਰ ਸਾਥੀਆਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ

ਸੈਕਟਰ-70 ਦੀ ਹੋਮਲੈਂਡ ਹਾਊਸਿੰਗ ਸੁਸਾਇਟੀ ਦੇ ਫਲੈਟ ਵਿੱਚ ਚਲ ਰਿਹਾ ਸੀ ਸੱਟੇ ਦਾ ਧੰਦਾ

ਹਰਸ਼ਬਾਬ ਸਿੱਧੂ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਕਤੂਬਰ:
ਮੁਹਾਲੀ ਪੁਲੀਸ ਵੱਲੋਂ ਆਈਪੀਐਲ ਲੀਗ ਦੇ ਕ੍ਰਿਕਟ ਮੈਚਾਂ ’ਤੇ ਆਨਲਾਈਨ ਸੱਟਾ ਲਾਉਣ ਵਾਲੇ ਗਰੋਹ ਦੇ ਮੈਂਬਰਾਂ ਵਿਪਨ ਕੁਮਾਰ ਵਾਸੀ ਪਟੇਲ ਨਗਰ, ਹਿਸਾਰ ਅਤੇ ਰਾਕੇਸ਼ ਮਨਚੰਦਾ ਉਰਫ਼ ਰਿੰਕੂ ਵਾਸੀ ਫਰੀਦਾਬਾਦ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਤਿੰਨ ਦਿਨ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਮੁਲਜ਼ਮਾਂ ਦੇ ਖ਼ਿਲਾਫ਼ ਮਟੌਰ ਥਾਣਾ ਵਿੱਚ ਆਈਪੀਸੀ ਦੀ ਧਾਰਾ 420, ਜੂਆ ਐਕਟ ਅਤੇ ਐਨਡੀਪੀਸੀ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਤਾਰੁਸ਼ ਧਵਨ ਵਾਸੀ ਗਾਂਧੀ ਨਗਰ, ਕੈਥਲ ਅਤੇ ਮਲਕੀਤ ਸਿੰਘ ਉਰਫ਼ ਅਮਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਦੋਵੇਂ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਜਿਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਦੀ ਪੈੜ ਨੱਪਣ ਲਈ ਬਟਾਲਾ ਅਤੇ ਹਰਿਆਣਾ ਪੁਲੀਸ ਨੂੰ ਵੀ ਇਤਲਾਹ ਭੇਜੀ ਗਈ ਹੈ।
ਐਸਪੀ (ਸਿਟੀ) ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਇੱਥੋਂ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਦੇ ਫਲੈਟ ਵਿੱਚ ਆਨਲਾਈਨ ਸੱਟਾ ਲਗਾਉਣ ਬਾਰੇ ਗੁਪਤ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ’ਤੇ ਉਕਤ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਉਹ ਹੈਰੋਇਨ ਕਿੱਥੋਂ ਲਿਆਉਂਦੇ ਸੀ। ਉਹ (ਮੁਲਜ਼ਮ) ਖ਼ੁਦ ਨਸ਼ਿਆਂ ਦਾ ਸੇਵਨ ਕਰਨ ਦੇ ਆਦੀ ਹਨ ਜਾਂ ਅੱਗੇ ਵੇਚਦੇ ਸੀ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੌਣ ਕੌਣ ਲੋਕ ਆਨਲਾਈਨ ਸੱਟਾ ਖੇਡਦੇ ਸੀ। ਇਸ ਸਬੰਧੀ ਮੁਲਜ਼ਮਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਇਹ ਜਾਣਕਾਰੀ ਮਿਲ ਸਕੇ ਕਿ ਕਿਹੜੇ ਨੰਬਰਾਂ ਤੋਂ ਗੂਗਲ ਪੇਟੀਐਮ ਰਾਹੀਂ ਪੈਸੇ ਟਰਾਂਸਫਰ ਕੀਤੇ ਗਏ ਹਨ। ਐਸਪੀ ਨੇ ਦੱਸਿਆ ਕਿ ਮਾਮਲੇ ਦੀ ਤੈਅ ਤੱਕ ਜਾਣ ਲਈ ਇਨ੍ਹਾਂ ਵਿਅਕਤੀਆਂ ਨੂੰ ਵੀ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਜਾਵੇਗਾ। ਜੇਕਰ ਉਨ੍ਹਾਂ ਦੀ ਮਿਲੀਭੁਗਤ ਸਾਹਮਣੇ ਆਈ ਤਾਂ ਉਨ੍ਹਾਂ ਨੂੰ ਵੀ ਨਾਮਜ਼ਦ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਪੁਲੀਸ ਨੂੰ ਫਲੈਟ ਦੀ ਤਲਾਸ਼ੀ ਦੌਰਾਨ ਦੋ ਡਾਇਰੀਆਂ ਵੀ ਮਿਲੀਆਂ ਹਨ। ਜਿਨ੍ਹਾਂ ਵਿੱਚ ਕ੍ਰਿਕਟ ਮੈਚਾਂ ’ਤੇ ਲਗਾਏ ਜਾਂਦੇ ਸੱਟੇ ਦਾ ਵੇਰਵਾ ਦਰਜ ਹੈ। ਪਤਾ ਲੱਗਾ ਹੈ ਕਿ ਮੁਲਜ਼ਮ ਕੋਡਵਰਡ ਦਾ ਪ੍ਰਯੋਗ ਕਰਦੇ ਸਨ। ਮੁਲਜ਼ਮਾਂ ਨੇ ਫਲੈਟ ਕਿਰਾਏ ’ਤੇ ਲੈਣ ਲਈ ਮਲਕੀਤ ਸਿੰਘ ਦੇ ਨਾਂ ’ਤੇ ਐਗਰੀਮੈਂਟ ਕੀਤਾ ਸੀ ਅਤੇ ਦੋ ਮਹੀਨੇ ਪਹਿਲਾਂ ਹੀ ਇੱਥੇ ਆ ਕੇ ਰਹਿਣ ਲੱਗੇ ਸੀ। ਮੁਲਜ਼ਮਾਂ ਵੱਲੋਂ ਸੁਸਾਇਟੀ ਦਫ਼ਤਰ ਵਿੱਚ ਜਮ੍ਹਾਂ ਕਰਵਾਏ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਕਰਨ ਵਿੱਚ ਜੁੱਟ ਗਈ ਹੈ। ਇਸ ਤੋਂ ਇਲਾਵਾ ਸੁਸਾਇਟੀ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ਼ ਚੈੱਕ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਪੁਲੀਸ ਨੂੰ ਹੋਰ ਅਹਿਮ ਸੁਰਾਗ ਮਿਲ ਸਕੇ।
ਮਟੌਰ ਥਾਣਾ ਦੇ ਐਸਐਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਅਤੇ ਕਰੋਨਾ ਟੈਸਟ ਕਰਵਾਇਆ ਗਿਆ ਹੈ ਅਤੇ ਭਲਕੇ ਮੰਗਲਵਾਰ ਨੂੰ ਮੁਲਜ਼ਮਾਂ ਦੇ ਕਰੋਨਾ ਨਮੂਨਿਆਂ ਦੀ ਰਿਪੋਰਟ ਮਿਲੇਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਨਾਮੀ ਅਤੇ ਬੇਨਾਮੀ ਜਾਇਦਾਦ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਡਰੱਗ ਮਨੀ ਅਤੇ ਸੱਟੇ ਦੇ ਪੈਸਿਆਂ ਨਾਲ ਖ਼ਰੀਦੀ ਜਾਇਦਾਦ ਅਤੇ ਵਾਹਨਾਂ ਨੂੰ ਕੇਸ ਨਾਲ ਅਟੈਚ ਕੀਤਾ ਜਾਵੇਗਾ।

Load More Related Articles

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …