
ਆਈਪੀਐਲ ਮੈਚ: ਰਾਇਲ ਚੈਲੰਜਰਸ ਬੰਗਲੌਰ ਨੇ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਹਰਾਇਆ
ਪੰਜਾਬ ਕਿੰਗਜ਼ ਨੂੰ ਹਰਾ ਕੇ ਪੁਆਇੰਟਸ ਟੇਬਲ ’ਤੇ ਪੰਜਵੇਂ ਸਥਾਨ ’ਤੇ ਪੁੱਜੀ ਆਰਸੀਬੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਅਪਰੈਲ:
ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਆਈਪੀਐਲ ਦੇ 16ਵੇਂ ਸੀਜ਼ਨ ਦੇ ਖੇਡੇ ਗਏ 27ਵੇਂ ਮੈਚ ਵਿੱਚ ਰਾਇਲ ਚੈਲੰਜਰਸ ਬੰਗਲੌਰ ਨੇ ਕਪਤਾਨ ਵਿਰਾਟ ਕੋਹਲੀ ਅਤੇ ਪਲੇਸਿਸ ਦੀ 137 ਦੌੜਾਂ ਦੀ ਸ਼ਾਨਦਾਰ ਸਾਂਝੀ ਪਾਰੀ ਦੇ ਚੱਲਦਿਆਂ ਪੰਜਾਬ ਕਿੰਗਜ਼ ਨੂੰ 24 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਇਸ ਤਰ੍ਹਾਂ ਆਰਸੀਬੀ, ਪੰਜਾਬ ਕਿੰਗਜ਼ ਨੂੰ ਉਸ ਦੇ ਘਰ ਵਿੱਚ ਹੀ ਹਰਾ ਕੇ ਪੁਆਇੰਟਸ ਟੇਬਲ ’ਤੇ ਪੰਜਵੇਂ ਸਥਾਨ ’ਤੇ ਪੁੱਜੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਬੰਗਲੌਰ ਦੀ ਟੀਮ ਦੇ ਬੱਲੇਬਾਜ਼ ਫਾਫ ਡੂ ਪਲੇਸਿਸ ਨੇ 56 ਗੇਂਦਾਂ ਵਿੱਚ 5 ਚੌਕਿਆਂ ਅਤੇ 5 ਛਕਿਆਂ ਦੀ ਮਦਦ ਨਾਲ 84 ਦੌੜਾਂ ਦੀ ਪਾਰੀ ਖੇਡੀ ਜਦਕਿ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ 47 ਗੇਂਦਾਂ ਵਿੱਚ 5 ਚੌਕੇ ਅਤੇ 1 ਛੱਕੇ ਦੀ ਮਦਦ ਨਾਲ 59 ਦੌੜਾਂ ਬਣਾਈਆਂ।
ਇਸੇ ਦੌਰਾਨ ਦਿਨੇਸ਼ ਕਾਰਤਿਕ ਨੇ 7 ਦੌੜਾਂ, ਮਹੀਪਾਲ ਲੋਮਰ ਨੇ ਨਾਬਾਦ 7 ਦੌੜਾਂ ਤੇ ਸ਼ਹਿਬਾਜ਼ ਅਹਿਮਦ ਨੇ ਨਾਬਾਦ 5 ਦੌੜਾਂ ਦਾ ਯੋਗਦਾਨ ਪਾਇਆ। ਬੰਗਲੌਰ ਦੀ ਟੀਮ ਨੇ ਆਪਣੇ 20 ਓਵਰਾਂ ਵਿੱਚ 4 ਵਿਕਟ ਦੇ ਨੁਕਸਾਨ ਨਾਲ 174 ਦੌੜਾਂ ਬਣਾਈਆਂ। ਪੰਜਾਬ ਲਈ ਹਰਪ੍ਰੀਤ ਸਿੰਘ ਬਰਾੜ ਨੇ 2 ਵਿਕਟਾਂ, ਅਰਸ਼ਦੀਪ ਸਿੰਘ ਤੇ ਨਥਨ ਐਲਿਸ ਨੇ 1-1 ਵਿਕਟ ਹਾਸਲ ਕੀਤੀ।
ਰਾਇਲ ਚੈਲੰਜਰਸ ਬੰਗਲੌਰ ਵੱਲੋਂ ਦਿੱਤੇ ਟੀਚੇ ਦਾ ਪਿੱਛਾ ਕਰਨ ਮੈਦਾਨ ਵਿੱਚ ਉਤਰੀ ਪੰਜਾਬ ਕਿੰਗਜ਼ ਦੀ ਟੀਮ ਬੰਗਲੌਰ ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ 18.2 ਓਵਰਾਂ ਵਿੱਚ 150 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਪ੍ਰਭ ਸਿਮਰਨ ਸਿੰਘ 46 ਦੌੜਾਂ, ਜਿਤੇਸ ਸ਼ਰਮਾ ਨੇ 41 ਦੌੜਾਂ, ਅਥਰਵ ਤਾਇਡ ਨੇ 4 ਦੌੜਾਂ, ਮੈਥਿਊ ਸ਼ਾਰਟ ਨੇ 8 ਦੌੜਾਂ, ਹਰਪ੍ਰੀਤ ਸਿੰਘ ਭਾਟੀਆ ਨੇ 13 ਦੌੜਾਂ, ਲੀਅਮ ਲਿਵਿੰਗਸਟਨ ਨੇ 2 ਦੌੜਾਂ, ਕਾਰਜਕਾਰੀ ਕਪਤਾਨ ਸੈਮ ਕੁਰਨ ਨੇ 10 ਦੌੜਾਂ, ਸ਼ਾਹਰੁਖ ਖ਼ਾਨ ਨੇ 7 ਦੌੜਾਂ, ਹਰਪ੍ਰੀਤ ਸਿੰਘ ਬਰਾੜ ਨੇ 13 ਦੌੜਾਂ, ਨਾਥਨ ਐਲਿਸ ਨੇ 1 ਦੌੜ, ਅਰਸ਼ਦੀਪ ਸਿੰਘ ਨਾਬਾਦ ਨੇ 5 ਦੌੜਾਂ ਦਾ ਯੋਗਦਾਨ ਪਾਇਆ। ਬੰਗਲੌਰ ਦੇ ਗੇਂਦਬਾਜ਼ਾਂ ਮੁਹੰਮਦ ਸ਼ਿਰਾਜ 4 ਵਿਕਟਾਂ, ਵਾਨੀਦੂ ਹਸਰੰਗਾ 2 ਵਿਕਟਾਂ, ਵੇਨ ਪਨਰਲ ਤੇ ਅਰਸਲ ਪਟੇਲ ਨੇ ਵੀ 1-1 ਵਿਕਟ ਲਈ।