ਆਈਪੀਐਲ ਮੈਚ: ਪੀਸੀਏ ਸਟੇਡੀਅਮ ਵਿੱਚ ਹੋਣ ਵਾਲੇ ਕ੍ਰਿਕਟ ਮੈਚਾਂ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ: ਸਪਰਾ

ਡੀਸੀ ਸ੍ਰੀਮਤੀ ਸਪਰਾ ਵੱਲੋਂ ਪੀਸੀਏ ਸਟੇਡੀਅਮ ਵਿੱਚ ਸਿਵਲ ਤੇ ਪੁਲੀਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ

ਮੈਚਾਂ ਸਬੰਧੀ ਪੁਲੀਸ ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਤਹਿਤ ਟਰੈਫਿਕ ਵਿਵਸਥਾ ਲਈ ਪ੍ਰਬੰਧ ਕਰਨ ਦੇ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਅਪਰੈਲ:
ਇੱਥੋਂ ਦੇ ਪੀਸੀਏ ਸਟੇਡੀਅਮ ਵਿਖੇ ਕਿੰਗਜ਼ ਇਲੈਵਨ ਪੰਜਾਬ ਵੱਲੋਂ ਕਰਵਾਏ ਜਾਣ ਵਾਲੇ ਆਈ.ਪੀ.ਐਲ. ਮੈਚਾਂ ਦੌਰਾਨ ਆਮ ਨਾਗਰਿਕਾਂ ਨੂੰ ਕਿਸੇ ਕਿਸਮ ਦੀ ਪਰੇਸਾਨੀ ਨਾ ਆਉਣ ਦਿੱਤੀ ਜਾਵੇ ਅਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਰੂਟ ਪਲਾਨ ਤਹਿਤ ਟਰੈਫਿਕ ਵਿਵਸਥਾ ਲਈ ਵੀ ਸੁਚੱਜੇ ਪ੍ਰਬੰਧ ਕੀਤੇ ਜਾਣ ਤਾਂ ਜੋ ਸ਼ਹਿਰ ਵਿੱਚ ਟ੍ਰੈਫਿਕ ਦੀ ਸਮੱਸਿਆ ਨਾ ਆਵੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀਮਤੀ ਗੁਰਪ੍ਰੀਤ ਕੋਰ ਸਪਰਾ ਨੇ ਪੀਸੀਏ ਸਟੇਡੀਅਮ ਦੇ ਮੀਟਿੰਗ ਹਾਲ ਵਿਖੇ 28 ਤੇ 30 ਅਪ੍ਰੈਲ ਅਤੇ 7 ਤੇ 9 ਮਈ ਨੂੰ ਹੋਣ ਵਾਲੇ ਕ੍ਰਿਕਟ ਮੈਚਾਂ ਮੌਕੇ ਕੀਤੇ ਜਾਣ ਵਾਲੇ ਪੁਖਤਾ ਪ੍ਰਬੰਧਾਂ ਲਈ ਸਿਵਲ ਅਤੇ ਪੁਲਿਸ ਵਿਭਾਗ ਦੇ ਅਧਿਕਾਰੀਆਂ ਅਤੇ ਕਿੰਗਜ਼ ਇਲੈਵਨ ਦੇ ਪ੍ਰਬੰਧਕਾਂ ਨਾਲ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ।
ਸ੍ਰੀਮਤੀ ਸਪਰਾ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਖਿਆ ਕਿ ਉਹ ਮੈਚਾਂ ਦੌਰਾਨ ਲੋੜੀਂਦੀਆਂ ਐਬੂਲੈਂਸਾਂ ਅਤੇ ਡਾਕਟਰਾਂ ਦੀਆਂ ਟੀਮਾਂ ਵੀ ਤੈਨਾਤ ਕਰਨ। ਇਸ ਤੋਂ ਇਲਾਵਾ ਮੈਚਾਂ ਦੌਰਾਨ ਤੰਬਾਕੂ ਕੰਟਰੋਲ ਐਕਟ ਤਹਿਤ ਸਿਗਰਟਨੋਸੀ ਦੀ ਚੈਕਿੰਗ ਲਈ ਐਟੀਂ ਤੰਬਾਕੂ ਟੀਮਾਂ ਵੀ ਨਿਯੁਕਤ ਕਰਨ ਅਤੇ ਮੈਚਾਂ ਦੌਰਾਨ ਤੰਬਾਕੂ ਦੀ ਵਰਤੋਂ ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਸ ਮੌਕੇ ਕਾਰਜਕਾਰੀ ਇੰਜਨੀਅਰ ਪੀਐਸਪੀਸੀਐਲ ਨੂੰ ਮੈਚਾਂ ਦੋਰਾਨ ਪੀ.ਸੀ.ਏ. ਸਟੇਡੀਅਮ ਵਿੱਚ ਨਿਰਵਿਘਨ ਬਿਜਲੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਦੀਆਂ ਹਦਾਇਤਾਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੈਚਾਂ ਦੋਰਾਨ ਢੂੱਕਵੀਆਂ ਥਾਵਾਂ ਲਈ ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਜਾਣਗੇ।
ਸ੍ਰੀਮਤੀ ਸਪਰਾ ਨੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ ਨੂੰ ਸਟੇਡੀਅਮ ਦੇ ਆਲੇ ਦੁਆਲੇ ਸੜਕਾਂ ਦੀ ਸਫਾਈ ਅਤੇ ਸਟਰੀਟ ਲਾਇਟਾਂ ਨੂੰ ਚਾਲੂ ਹਾਲਤ ਵਿੱਚ ਰੱਖਣ ਲਈ ਯਕੀਨੀ ਬਣਾਉਣ ਲਈ ਆਖਿਆ। ਡੀਸੀ ਨੇ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਬੰਧਕਾਂ ਅਤੇ ਪੁਲਿਸ ਅਧਿਕਾਰੀਆਂ ਨੂੰ ਮੈਚ ਦੇਖਣ ਆਉਣ ਵਾਲੇ ਪ੍ਰੇਮੀਆਂ ਲਈ ਵੀ ਕਿਸੇ ਕਿਸਮ ਦੀ ਮੁਸਕਿਲ ਨਾ ਆਉਣ ਦੇਣ ਲਈ ਵੀ ਆਖਿਆ ਅਤੇ ਮੈਚ ਦੇਖਣ ਆਉਣ ਵਾਲੇ ਪ੍ਰੇਮੀਆਂ ਦੇ ਵਾਹਨਾਂ ਲਈ ਪਾਰਕਿੰਗ ਦੀ ਵੀ ਢੁੱਕਵੀ ਵਿਵਸਥਾ ਕਰਨ ਲਈ ਆਖਿਆ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਆਈਪੀਐਲ ਮੈਚਾਂ ਦੇ ਮੱਦੇਨਜ਼ਰ, ਜ਼ਿਲ੍ਹਾ ਪੁਲੀਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੀਸੀਏ ਸਟੇਡੀਅਮ ਦੇ ਨੇੜੇ ਵੱਖ ਵੱਖ ਥਾਵਾਂ ਤੇ ਵਾਹਨਾਂ ਦੀ ਪਾਰਕਿੰਗ ਦੀ ਵਿਵਸਥਾ ਵੀ ਕੀਤੀ ਗਈ ਹੈ ਅਤੇ ਨਾਗਰਿਕਾਂ ਨੂੰ ਮੈਚਾਂ ਦੌਰਾਨ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਚਰਨਦੇਵ ਸਿੰਘ ਮਾਨ, ਮੁਹਾਲੀ ਦੀ ਐਸਡੀਐਮ ਸ੍ਰੀਮਤੀ ਅਨੁਪ੍ਰੀਤਾ ਜੌਹਲ, ਸਹਾਇਕ ਕਮਿਸ਼ਨਰ ਸ਼ਿਕਾਇਤਾ) ਡਾ. ਨਯਨ ਭੁੱਲਰ, ਅਸਟੇਟ ਅਫ਼ਸਰ ਗਮਾਡਾ ਅਮਰਵੀਰ ਕੌਰ ਭੁੱਲਰ, ਐਸਪੀ ਹੈੱਡ ਕੁਆਰਟਰ ਜਗਜੀਤ ਸਿੰਘ ਜੱਲ੍ਹਾ, ਐਸਪੀ (ਟਰੈਫਿਕ) ਹਰਵੀਰ ਸਿੰਘ ਅਟਵਾਲ, ਈਟੀਓ ਅਨੁਪ੍ਰੀਤ ਕੌਰ, ਬ੍ਰਿਗੇਡੀਅਰ ਜੀ.ਐਸ. ਸੰਧੂ, ਸੀ.ਈ.ਓ. ਪੀ.ਸੀ.ਏ. ਸਟੇਡੀਅਮ, ਕਿੰਗਜ਼ ਇਲੈਵਨ ਪੰਜਾਬ ਤੋਂ ਰਾਜੀਵ ਕੁਮਾਰ ਸਮੇਤ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ

ਮੇਅਰ ਵੱਲੋਂ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ, ਐਸਐਚਓ ਨੇ ਚੋਰ ਜਲਦੀ ਫੜਨ ਦੀ ਗੱਲ ਕਹੀ ਵੈੱਲਫੇਅਰ ਐਸੋਸੀਏਸ਼ਨ …