ਕਰਨਲ ਬਾਠ ਸਿੱਟ ਦੇ ਮੁਖੀ ਆਈਪੀਐਸ ਪਰਮਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਨਵਾਂ ਮੁਖੀ ਲਾਇਆ

ਇੱਕ ਮਹੀਨੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਦੋ ਚੀਫ਼ ਡਾਇਰੈਕਟਰ ਬਦਲੇ

ਨਾਗੇਸ਼ਵਰ ਰਾਓ ਦੀ ਥਾਂ ਹੁਣ ਆਈਪੀਐਸ ਪਰਮਾਰ ਨੂੰ ਸੌਂਪੀ ਵਿਜੀਲੈਂਸ ਬਿਊਰੋ ਦੀ ਜ਼ਿੰਮੇਵਾਰੀ

ਨਬਜ਼-ਏ-ਪੰਜਾਬ, ਮੁਹਾਲੀ, 26 ਮਾਰਚ:
ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਪਾਰਦਰਸ਼ੀ ਬਣਾਉਂਦੇ ਹੋਏ ਇੱਕ ਮਹੀਨੇ ਵਿੱਚ ਵਿਜੀਲੈਂਸ ਬਿਊਰੋ ਦੇ ਦੋ ਮੁਖੀਆਂ (ਚੀਫ਼ ਡਾਇਰੈਕਟਰਾਂ) ਦੇ ਤਬਾਦਲੇ ਅਤੇ ਨਿਯੁਕਤੀਆਂ ਕੀਤੀਆਂ ਹਨ। ਪੰਜਾਬ ਸਰਕਾਰ ਨੇ ਭਾਰਤੀ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਦੇ ਬਹੁਚਰਚਿਤ ਮਾਮਲੇ ਵਿੱਚ ਬਣੀ ਸਿੱਟ ਦੇ ਮੁਖੀ ਤੇ ਸੀਨੀਅਰ ਆਈਪੀਐਸ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਪੰਜਾਬ ਵਿਜੀਲੈਂਸ ਬਿਊਰੋ ਦਾ ਨਵਾਂ ਚੀਫ਼ ਡਾਇਰੈਕਟਰ ਲਗਾਇਆ ਗਿਆ ਹੈ। ਉਂਜ ਆਈਪੀਐਸ ਪਰਮਾਰ ਕੋਲ ਕਈ ਹੋਰਨਾਂ ਮਾਮਲਿਆਂ ਵਿੱਚ ਬਣੀਆਂ ਸਿੱਟਾਂ ਦਾ ਵੀ ਚਾਰਜ ਹੈ।
ਪੰਜਾਬ ਦੇ ਗ੍ਰਹਿ ਮਾਮਲਿਆਂ ਵਿਭਾਗ (ਗ੍ਰਹਿ-1 ਸ਼ਾਖਾ) ਨੇ ਪ੍ਰਸ਼ਾਸਨਿਕ ਅਧਾਰ ’ਤੇ ਵਿਜੀਲੈਂਸ ਬਿਊਰੋ ਦੇ ਚੀਫ਼ ਡਾਇਰੈਕਟਰ ਨਾਗੇਸ਼ਵਰ ਰਾਓ ਦਾ ਤਬਾਦਲਾ ਕਰਕੇ ਉਨ੍ਹਾਂ ਦੀ ਥਾਂ ’ਤੇ 1997 ਬੈਚ ਦੇ ਆਈਪੀਐਸ ਸੁਰਿੰਦਰ ਪਾਲ ਸਿੰਘ ਪਰਮਾਰ ਨੂੰ ਵਿਜੀਲੈਂਸ ਦਾ ਨਵਾਂ ਮੁਖੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਉਹ ਏਡੀਜੀਪੀ (ਲਾਅ ਐਂਡ ਆਰਡਰ) ਵਜੋਂ ਸੇਵਾਵਾਂ ਨਿਭਾ ਰਹੇ ਸਨ। ਪੰਜਾਬ ਦੀ ‘ਆਪ’ ਸਰਕਾਰ ਦੇ ਸ਼ਾਸਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ, ਜਦੋਂ ਇੱਕ ਮਹੀਨੇ ਦੇ ਅੰਦਰ-ਅੰਦਰ ਵਿਜੀਲੈਂਸ ਦੇ ਮੁਖੀ ਬਦਲੇ ਗਏ ਹਨ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਬੀਤੀ 17 ਫਰਵਰੀ ਨੂੰ ਵਿਜੀਲੈਂਸ ਦੇ ਤਤਕਾਲੀ ਮੁਖੀ ਵਰਿੰਦਰ ਕੁਮਾਰ ਦੀ ਥਾਂ ’ਤੇ 1995 ਬੈਚ ਦੇ ਆਈਪੀਐਸ ਜੀ. ਨਾਗੇਸ਼ਵਰ ਰਾਓ ਨੂੰ ਵਿਜੀਲੈਂਸ ਬਿਊਰੋ ਦੇ ਮੁੱਖ ਡਾਇਰੈਕਟਰ ਵਜੋਂ ਤਾਇਨਾਤ ਕੀਤਾ ਸੀ। ਹੁਣ ਉਨ੍ਹਾਂ ਨੂੰ ਵਿਜੀਲੈਂਸ ਵਿੱਚ ਤਾਇਨਾਤੀ ਤੋਂ ਪਹਿਲਾਂ ਵਾਲੇ ਅਹੁਦੇ ਏਡੀਜੀਪੀ ਪ੍ਰੋਵੀਜ਼ਨਿੰਗ ਪੰਜਾਬ ਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਐਸਐਸ ਸ੍ਰੀਵਾਸਤਿਵਾ ਦੀ ਅਸਾਮੀ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਹੈ।
ਸੂਤਰ ਦੱਸਦੇ ਹਨ ਕਿ ਵਰਿੰਦਰ ਕੁਮਾਰ ਦੇ ਤਬਾਦਲੇ ਤੋਂ ਬਾਅਦ ਵਿਜੀਲੈਂਸ ਬਿਊਰੋ ਵਿੱਚ ਨਾਗੇਸ਼ਵਰ ਰਾਓ ਨੂੰ ਨਿਯੁਕਤੀ ਨੂੰ ਅਹਿਮ ਦੱਸਿਆ ਜਾ ਰਿਹਾ ਸੀ, ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵਰਿੰਦਰ ਕੁਮਾਰ ਨੇ ਕਾਂਗਰਸ ਵਜ਼ਾਰਤ ਵਿੱਚ ਕੈਬਨਿਟ ਮੰਤਰੀ ਰਹੇ ਕਈ ਆਗੂਆਂ ਸਮੇਤ ਭਾਜਪਾ ਆਗੂਆਂ ਨੂੰ ਫੜ ਕੇ ਜੇਲ੍ਹਾਂ ਵਿੱਚ ਡੱਕਿਆ ਗਿਆ ਸੀ ਅਤੇ ਉਨ੍ਹਾਂ ਨੇ ਭ੍ਰਿਸ਼ਟਾਚਾਰ ਮਾਮਲਿਆਂ ਅਤੇ ਘਪਲਿਆਂ ਦੇ ਕਈ ਹੋਰ ਵੀ ਖ਼ੁਲਾਸੇ ਕੀਤੇ ਸਨ ਪ੍ਰੰਤੂ ਨਾਗੇਸ਼ਵਰ ਰਾਓ ਦੀ ਨਿਯੁਕਤੀ ਤੋਂ ਬਾਅਦ ਵਿਜੀਲੈਂਸ ਬਿਊਰੋ ਵਿੱਚ ਕਾਫ਼ੀ ਉਥਲ ਪੁਥਲ ਕੀਤੀ ਗਈ ਸੀ।
ਸੂਤਰ ਦੱਸਦੇ ਹਨ ਨਾਗੇਸ਼ਵਰ ਰਾਓ ਨੇ ਵੀ ਬੀਤੀ 18 ਫਰਵਰੀ ਨੂੰ ਵਿਜੀਲੈਂਸ ਮੁਖੀ ਦਾ ਚਾਰਜ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੀ ਭ੍ਰਿਸ਼ਟਾਚਾਰ ਮੁਹਿੰਮ ਨੂੰ ਜਾਰੀ ਰੱਖਦਿਆਂ ਕਾਫ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਹ ਪੂਰੀ ਸ਼ਿੱਦਤ ਨਾਲ ਮਹਿਕਮੇ ਨੂੰ ਸਮਝ ਰਹੇ ਸਨ ਅਤੇ ਸੂਤਰ ਤਾਂ ਇਹ ਵੀ ਦੱਸਦੇ ਹਨ ਕਿ ਨਾਗੇਸ਼ਵਰ ਰਾਓ ਹਾਲੇ ਆਪਣੀ ਟੀਮ ਇਕੱਠੀ ਕਰਨ ਲਈ ਦਿਨ ਰਾਤ ਸਖ਼ਤ ਮਿਹਨਤ ਕਰ ਰਹੇ ਸੀ ਪਰ ਉਸ ਤੋਂ ਪਹਿਲਾਂ ਹੀ ਸੂਬਾ ਸਰਕਾਰ ਨੇ ਅੱਜ ਉਨ੍ਹਾਂ ਦਾ ਅਚਾਨਕ ਵਿਜੀਲੈਂਸ ਦੇ ਚੀਫ਼ ਡਾਇਰੈਕਟਰ ਵਜੋਂ ਤਬਾਦਲਾ ਕਰ ਦਿੱਤਾ।

Load More Related Articles

Check Also

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ

ਮੈਗਾ ਮਾਪੇ-ਅਧਿਆਪਕ ਮਿਲਣੀ ਵਿੱਚ ਪਹੁੰਚੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਰਜੋਤ ਬੈਂਸ ਨੇ ਫੇਜ਼-11 ਸਕੂਲ ਵਿੱਚ …