
ਸੀਜੀਸੀ ਲਾਂਡਰਾਂ ਦੇ ਆਈਕਿਊਏਸੀ ਤੇ ਡੀਏਵੀ ਕਾਲਜ ਚੰਡੀਗੜ੍ਹ ਨੇ ਸਮਝੌਤਾ ਪੱਤਰ ’ਤੇ ਕੀਤੇ ਦਸਤਖ਼ਤ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਫਰਵਰੀ:
ਸੀਜੀਸੀ ਕਾਲਜ ਲਾਂਡਰਾਂ ਦੇ ਇੰਟਰਨਲ ਕਵਾਲਿਟੀ ਐਸ਼ੋਰੈਂਸ ਸੈੱਲ (ਆਈਕਿਊਏਸੀ) ਅਤੇ ਮੇਹਰ ਚੰਦ ਮਹਾਜਨ (ਐੱਮਸੀਐੱਮ) ਡੀਏਵੀ ਕਾਲਜ ਫਾਰ ਵਿਮੈਨ ਸੈਕਟਰ-36ਏ, ਚੰਡੀਗੜ੍ਹ ਨੇ ਸਮਝੌਤਾ ਪੱਤਰ (ਐੱਮਓਯੂ) ’ਤੇ ਦਸਤਖ਼ਤ ਕੀਤੇ ਹਨ। ਇਸ ਗੱਠਜੋੜ ਦਾ ਮੁੱਖ ਉਦੇਸ਼ ਅਦਾਰੇ ਦੀਆਂ ਗਤੀਵਿਧੀਆਂ ਦੀ ਸਹੀ ਯੋਜਨਾਬੰਦੀ, ਇਸ ਨੂੰ ਲਾਗੂ ਕਰਨ ਅਤੇ ਵਧੀਆ ਮਾਪਦੰਡਾਂ ਰਾਹੀਂ ਅਕਾਦਮਿਕ ਅਤੇ ਪ੍ਰਬੰਧਕੀ ਪ੍ਰੋਗਰਾਮਾਂ ਦੀ ਗੁਣਵੱਤਾ (ਕਵਾਲਿਟੀ) ਨੂੰ ਹੋਰ ਵੀ ਮਜ਼ਬੂਤ ਬਣਾਉਣਾ ਹੈ। ਇਹ ਸਮਝੌਤਾ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੇ ਸਰਬਪੱਖੀ ਵਿਕਾਸ ਲਈ ਵਧੇਰੇ ਮੌਕੇ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗਾ।
ਇਸ ਤੋਂ ਇਲਾਵਾ ਨਵੀਨਤਾ ਅਤੇ ਉਦਮਤਾ ਦੇ ਸਭਿਆਚਾਰ ਨੂੰ ਬੜ੍ਹਾਵਾ ਦੇਣ ਦੇ ਮੱਦੇਨਜ਼ਰ ਦੋਵੇਂ ਸੰਸਥਾਵਾਂ ਇਸ ਸਮਝੌਤੇ ਰਾਹੀਂ ਮਿਲਜੁਲ ਕੇ ਖੋਜ ਅਤੇ ਵਿਕਾਸ ਗਤੀਵਿਧੀਆਂ ਕਰਨ ਦੇ ਯੋਗ ਹੋਣਗੀਆਂ। ਇਹ ਮੈਮੋਰੰਡਮ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮਾਂ, ਟਰੇਨਿੰਗ ਵਰਕਸ਼ਾਪਾਂ, ਮਾਹਰ ਲੈਕਚਰਾਂ ਦੇ ਸੰਗਠਨ ਦੀ ਸਹੂਲਤ ਪ੍ਰਦਾਨ ਕਰੇਗਾ। ਇਸ ਦੇ ਨਾਲ ਹੀ ਪ੍ਰਬੰਧਕੀ ਮਾਮਲਿਆਂ ਵਿੱਚ ਗੁਣਵੱਤਾ ਦੇ ਭਰੋਸੇ ਨੂੰ ਹੋਰ ਬਿਹਤਰ ਬਣਾਉਣ ਵਿੱਚ ਸਹਾਈ ਹੋਵੇਗਾ।
ਸੀਜੀਸੀ ਲਾਂਡਰਾਂ ਦੇ ਆਈਕਿਊਏਸੀ ਦਾ ਸਾਰਾ ਧਿਆਨ ਸੀਜੀਸੀ ਕੈਂਪਸ ਵਿੱਚ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਦੀ ਗੁਣਵੱਤਾ ਵਧਾਉਣ ਅਤੇ ਗੁਣਵੱਤਾ ਭਰੋਸਾ ਕਾਇਮ ਰੱਖਣ ਦੇ ਨਾਲ ਨਾਲ ਸਹੀ ਢੰਗ ਨਾਲ ਯੋਜਨਾਬੰਦੀ, ਅਗਵਾਈ ਕਰਨ ’ਤੇ ਕੇਂਦਰਿਤ ਹੈ। ਇਹ ਸੈੱਲ ਆਪਣੇ ਸਿਲੇਬਸ, ਫੈਕਲਟੀ ਵਿਕਾਸ, ਖੋਜ ਅਤੇ ਵਿਕਾਸ, ਪਲੇਸਮੈਂਟ ਗਤੀਵਿਧੀਆਂ, ਮਾਨਤਾ ਪ੍ਰਕਿਰਿਆਵਾਂ, ਸਹਿ ਪਾਠਕ੍ਰਮ ਅਤੇ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਆਦਿ ਵਿੱਚ ਗੁਣਵੱਤਾ ਸੁਧਾਰਨ ਦੀਆਂ ਰਣਨੀਤੀਆਂ ਨੂੰ ਉਤਸ਼ਾਹਿਤ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕਰਦਾ ਹੈ। ਜ਼ਿਕਰਯੋਗ ਹੈ ਕਿ ਮੇਹਰਚੰਦ ਮਹਾਜਨ (ਐੱਮਸੀਐੱਮ) ਡੀਏਵੀ 1968 ਵਿੱਚ ਬਣਿਆ ਅਤੇ ਇਹ ਚੰਡੀਗੜ੍ਹ ਦੇ ਪ੍ਰਸਿੱਧ ਕਾਲਜਾਂ ’ਚੋਂ ਇੱਕ ਜਾਣਿਆ ਜਾਂਦਾ ਹੈ। ਸਾਲਾਂ ਦੌਰਾਨ ਇਸ ਸੰਸਥਾ ਨੇ ਸਿੱਖਿਆ, ਖੇਡਾਂ ਅਤੇ ਹੋਰ ਸਹਿ ਪਾਠਕ੍ਰਮ ਗਤੀਵਿਧੀਆਂ ਵਿੱਚ ਪ੍ਰਸ਼ੰਸਾ ਹਾਸਲ ਕੀਤੀ ਹੈ।