nabaz-e-punjab.com

ਭ੍ਰਿਸ਼ਟਾਚਾਰ ਦੇ ਖਾਤਮੇ ਲਈ ਸਿੰਚਾਈ ਵਿਭਾਗ ਦੇ ਇੰਜੀਨੀਅਰ ਵਿਜੀਲੈਂਸ ਬਿਊਰੋ ਦਾ ਸਾਥ ਦੇਣ

ਪੰਜਾਬ ਵਿਜੀਲੈਂਸ ਵੱਲੋਂ ਮੋਰਿੰਡਾ ਦਾ ਪਟਵਾਰੀ ਕਿਰਪਾਲ ਸਿੰਘ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਕਾਬੂ

ਮੁੱਖ ਮੰਤਰੀ ਵੱਲੋਂ ਖਰੜ ਦੀ ਕੈਮੀਕਲ ਲੈਬਾਰਟਰੀ ਤੋਂ ਸ਼ਰਾਬ ਦੀਆਂ ਬੋਤਲਾਂ ਗਾਇਬ ਹੋਣ ਦੀ ਜਾਂਚ ਦੇ ਹੁਕਮ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 21 ਜੁਲਾਈ:
ਵਿਜੀਲੈਂਸ ਬਿਊਰੋ ਪੰਜਾਬ ਨੂੰ ਸਿੰਚਾਈ ਵਿਭਾਗ ਵਿੱਚ ਭ੍ਰਿਸ਼ਟਾਚਾਰ ਹੋਣ ਦੀਆਂ ਕਾਫ਼ੀ ਸ਼ਿਕਾਇਤਾਂ ਮਿਲੀਆਂ ਸਨ ਜਿਸ ਕਰਕੇ ਵਿਸ਼ੇਸ਼ ਕਾਰਜਾਂ ਦੀ ਵਿਜੀਲੈਂਸ ਜਾਂਚ ਆਰੰਭੀ ਗਈ ਹੈ। ਵਿਜੀਲੈਂਸ ਬਿਊਰੋ ਦੇ ਮੁੱਖ ਨਿਰਦੇਸ਼ਕ-ਕਮ-ਏ.ਡੀ.ਜੀ.ਪੀ. ਸ੍ਰੀ ਬੀ.ਕੇ. ਉਪਲ ਨੇ ਸਿੰਚਾਈ ਵਿਭਾਗ ਦੇ ਇੰਜੀਨੀਅਰਾਂ ਨੂੰ ਕਿਹਾ ਹੈ ਕਿ ਉਹ ਜਨਤਾ ਦੇ ਭਲੇ ਹਿੱਤ ਅਤੇ ਰਾਜ ਸਰਕਾਰ ਦੇ ਵੱਡੇ ਹਿੱਤਾਂ ਨੂੰ ਦੇਖਦਿਆਂ ਬਿਓਰੋ ਨੂੰ ਸਹਿਯੋਗ ਦੇਣ ਅਤੇ ਬਕਾਇਆ ਪਏ ਜਾਂ ਚੱਲ ਰਹੇ ਵਿਕਾਸ ਕਾਰਜਾਂ ਨੂੰ ਬਿਨਾਂ ਕਿਸੇ ਡਰ ਤੋਂ ਨੇਪਰੇ ਚਾੜ੍ਹਨ ਵੱਲ ਤਵੱਜੋਂ ਦੇਣ। ਉਨਾਂ ਦੱਸਿਆ ਕਿ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਸਿੰਚਾਈ ਵਿਭਾਗ ਵਿੱਚ ਹੋਏ ਕੁੱਝ ਕਾਰਜਾਂ ਨੂੰ ਮੁਕੰਮਲ ਕਰਨ ਮੌਕੇ ਨਿਯਮਾਂ ਅਤੇ ਸਰਕਾਰੀ ਪ੍ਰਕ੍ਰਿਆ ਦੀ ਅਣਦੇਖੀ ਕਰਕੇ ਚਹੇਤੇ ਠੇਕੇਦਾਰਾਂ ਨੂੰ ਕੰਮ ਦਿੱਤੇ ਗਏ ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਦਾ ਚੂਨਾ ਲੱਗਾ ਹੈ। ਇਸ ਪੜਤਾਲ ਦੌਰਾਨ ਇਹ ਦੇਖਿਆ ਜਾ ਰਿਹਾ ਹੈ ਕਿ ਵਿਭਾਗ ਵਿੱਚ ਕੀਤੇ ਗਏ ਕੰਮਾਂ ਦੌਰਾਨ ਵਿੱਤੀ ਰੂਲਾਂ, ਵਿਭਾਗੀ ਨਿਯਮਾਂ ਅਤੇ ਨਿਰਦੇਸ਼ਾਂ ਨੂੰ ਸਹੀ ਤਰੀਕੇ ਨਾਲ ਅਪਣਾਇਆ ਗਿਆ ਹੈ ਜਾਂ ਕੀ ਇਹ ਕੰਮ ਕਿਸੇ ਵਿਸ਼ੇਸ਼ ਠੇਕੇਦਾਰਾਂ ਰਾਹੀਂ ਵੱਧ ਕੀਮਤ ਉਪਰ ਕਰਵਾਏ ਗਏ ਹਨ। ਉਨਾਂ ਕਿਹਾ ਕਿ ਇਹ ਜਾਂਚ ਬਿਲਕੁੱਲ ਮੈਰਿਟ ‘ਤੇ ਹੋਵੇਗੀ ਅਤੇ ਕਾਨੂੰਨ ਅਨੁਸਾਰ ਹੀ ਕਦਮ ਚੁੱਕੇ ਜਾਣਗੇ।
ਇਸੇ ਦੌਰਾਨ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਅੱਜ ਬੰਮਨਾੜਾ, ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਵਿੱਚ ਤਾਇਨਾਤ ਇਕ ਪਟਵਾਰੀ ਕਿਰਪਾਲ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਰੂਪਨਗਰ ਵਿੱਚ ਤਾਇਨਾਤ ਪਟਵਾਰੀ ਕ੍ਰਿਪਾਲ ਸਿੰਘ ਨੂੰ ਸ਼੍ਰੀਮਤੀ ਕੁਲਦੀਪ ਕੌਰ, ਵਾਸੀ ਪਿੰਡ ਬੰਮਨਾੜਾ, ਤਹਿਸੀਲ ਮੋਰਿੰਡਾ ਜਿਲਾ ਰੂਪਨਗਰ ਦੀ ਸ਼ਿਕਾਇਤ ਉੱਤੇ ਇੰਸਪੈਕਟਰ ਪਾਲ ਸਿੰਘ ਵਿਜੀਲੈਂਸ ਬਿਓਰੋ ਰੂਪਨਗਰ ਵੱਲੋਂ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਸਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਜਮੀਨ ਦਾ ਇੰਤਕਾਲ ਕਰਨ ਦੇ ਇਵਜ਼ ਵਿੱਚ ਉਕਤ ਪਟਵਾਰੀ ਵੱਲੋਂ 5,000 ਰੁਪਏ ਦੀ ਮੰਗੇ ਜਾ ਰਹੇ ਹਨ। ਵਿਜੀਲੈਂਸ ਵਲੋਂ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਪਟਵਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ 5,000 ਰੁਪਏ ਦੀ ਰਿਸ਼ਵਤ ਲੈਂਦਿਆਂ ਦਬੋਚ ਲਿਆ। ਦੋਸ਼ੀ ਖਿਲਾਫ਼ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।
ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਡਰੱਗ ਫੂਡ ਤੇ ਕੈਮੀਕਲ ਟੈਸਟਿੰਗ ਲੈਬਾਰਟਰੀ ਖਰੜ ਤੋਂ ਜੌਹਨੀ ਵਾਕਰ ਸ਼ਰਾਬ ਦੀਆਂ 98 ਬੋਤਲਾਂ ਗਾਇਬ ਹੋ ਜਾਣ ਦੀ ਜਾਂਚ ਦੇ ਹੁਕਮ ਦਿੱਤੇ ਹਨ। ਮੀਡੀਆ ਦੇ ਇਕ ਹਿੱਸੇ ਵਿੱਚ ਛਪੀ ਰਿਪੋਰਟ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਪੁਲਿਸ ਮੁਖੀ ਨੂੰ ਇਸ ਮਾਮਲੇ ਦੀ ਤਹਿ ਤੱਕ ਜਾਂਚ ਕਰਕੇ ਦੋ ਹਫ਼ਤਿਆਂ ’ਚ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ। ਸੂਬਾ ਪੁਲੀਸ ਵੱਲੋਂ ਜ਼ਬਤ ਕੀਤੀ ਗਈ ਸ਼ਰਾਬ ਦੇ ਨਮੂਨੇ ਵਜੋਂ ਉਪਰੋਕਤ ਬੋਤਲਾਂ ਲੈਬਾਰਟਰੀ ਵਿਚ ਜਮ੍ਹਾਂ ਕਰਵਾਈ ਗਈਆਂ ਸਨ। ਸ਼ਰਾਬ ਅਤੇ ਨਸ਼ੇ ਦੇ ਨਮੂਨਿਆਂ ਦੀ ਪਰਖ ਵਿਚ ਬੇਨਿਯਮੀਆਂ ਬਾਰੇ ਸ਼ਿਕਾਇਤ ਮਿਲਣ ਤੋਂ ਬਾਅਦ ਵਿਜੀਲੈਂਸ ਨੇ ਜਦੋਂ ਲੈਬਾਰਟਰੀ ਵਿੱਚ ਛਾਪਾ ਮਾਰਿਆ ਤਾਂ ਉਸ ਵੇਲੇ ਸ਼ਰਾਬ ਦੀਆਂ ਬੋਤਲਾਂ ਗਾਇਬ ਹੋਣ ਦੀ ਘਟਨਾ ਸਾਹਮਣੇ ਆਈ। ਮੁੱਖ ਮੰਤਰੀ ਨੇ ਆਖਿਆ ਕਿ ਸੂਬੇ ਵਿੱਚੋਂ ਨਸ਼ਿਆਂ ਦੀ ਅਲਾਮਤ ਨੂੰ ਮਿਟਾਉਣ ਲਈ ਸਰਕਾਰ ਦੀ ਵਚਨਬੱਧਤਾ ਦੇ ਮੱਦੇਨਜ਼ਰ ਇਸ ਮਾਮਲੇ ਵਿੱਚ ਕਿਸੇ ਕਿਸਮ ਦੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In Vigilance

Check Also

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ

ਬਾਕਰਪੁਰ ਬਾਗਾਂ ਦੇ ਅਮਰੂਦ ਖੱਟੇ: ਵਿਜੀਲੈਂਸ ਵੱਲੋਂ ਮੁਆਵਜ਼ਾ ਰਾਸ਼ੀ ਘਪਲੇ ਵਿੱਚ ਇੱਕ ਹੋਰ ਮੁਲਜ਼ਮ ਕਾਬੂ ਬਹੁ-ਕ…