
ਸਿੰਜਾਈ ਘੁਟਾਲਾ: ਪੁੱਛਗਿੱਛ ਤੋਂ ਪਹਿਲਾਂ ਹੀ ਘਬਰਾਏ ਸ਼ਰਨਜੀਤ ਢਿੱਲੋਂ, ਵਿਜੀਲੈਂਸ ਤੋਂ ਮੋਹਲਤ ਮੰਗੀ
ਵਿਦੇਸ਼ ਵਿੱਚ ਹੋਣ ਕਾਰਨ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਵੀ ਨਹੀਂ ਹੋਏ ਜਾਂਚ ’ਚ ਸ਼ਾਮਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਨਵੰਬਰ:
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਮੇਂ ਹੋਏ ਬਹੁ-ਕਰੋੜੀ ਸਿੰਜਾਈ ਘੁਟਾਲੇ ਵਿੱਚ ਵਿਜੀਲੈਂਸ ਬਿਊਰੋ ਵੱਡੀ ਕਾਰਵਾਈ ਦੀ ਤਿਆਰੀ ਵਿੱਚ ਹੈ। ਵਿਜੀਲੈਂਸ ਨੇ ਸਾਬਕਾ ਅਕਾਲੀ ਮੰਤਰੀ ਸ਼ਰਨਜੀਤ ਢਿੱਲੋਂ ਅਤੇ ਸੂਬੇ ਦੇ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਤਲਬ ਕੀਤਾ ਗਿਆ ਸੀ ਪ੍ਰੰਤੂ ਅੱਜ ਦੋਵੇਂ ਜਣੇ ਵਿਜੀਲੈਂਸ ਭਵਨ ਵਿੱਚ ਜਾਂਚ ਟੀਮ ਅੱਗੇ ਪੇਸ਼ ਨਹੀਂ ਹੋਏ।
ਸਾਬਕਾ ਮੰਤਰੀ ਸ਼ਰਨਜੀਤ ਢਿੱਲੋਂ ਪੁੱਛਗਿੱਛ ਤੋਂ ਪਹਿਲਾਂ ਹੀ ਘਬਰਾ ਗਏ ਜਾਪਦੇ ਹਨ। ਉਨ੍ਹਾਂ ਨੇ ਅੱਜ ਪੇਸ਼ ਹੋਣ ਦੀ ਥਾਂ ਵਿਜੀਲੈਂਸ ਨੂੰ ਜ਼ਰੂਰੀ ਰੁਝੇਵਿਆਂ ਦੀ ਦੁਹਾਈ ਦੇ ਕੇ ਚਾਰ ਦਿਨ ਦੀ ਮੋਹਲਤ ਮੰਗੀ ਹੈ। ਇਸ ਗੱਲ ਦੀ ਪੁਸ਼ਟੀ ਵਿਜੀਲੈਂਸ ਬਿਊਰੋ (ਉਡਣ ਦਸਤਾ-1) ਦੇ ਏਆਈਜੀ ਮਨਮੋਹਨ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤੀ। ਉਨ੍ਹਾਂ ਦੱਸਿਆ ਕਿ ਸਿੰਜਾਈ ਘੁਟਾਲੇ ਸਬੰਧੀ ਸ਼ਰਨਜੀਤ ਢਿੱਲੋਂ ਅਤੇ ਸਰਵੇਸ਼ ਕੌਸ਼ਲ ਨੂੰ ਪੁੱਛਗਿੱਛ ਲਈ ਸੰਮਨ ਭੇਜੇ ਗਏ ਸਨ ਪ੍ਰੰਤੂ ਅੱਜ ਸਵੇਰੇ ਹੀ ਢਿੱਲੋਂ ਦਾ ਸੁਨੇਹਾ ਆ ਗਿਆ ਕਿ ਉਹ ਕਿਸੇ ਜ਼ਰੂਰੀ ਕੰਮ ਵਿੱਚ ਰੁੱਝੇ ਹੋਏ ਹਨ। ਜਿਸ ਕਾਰਨ ਉਹ ਅੱਜ ਵਿਜੀਲੈਂਸ ਭਵਨ ਮੁਹਾਲੀ ਜਾਂਚ ਵਿੱਚ ਸ਼ਾਮਲ ਹੋਣ ਨਹੀਂ ਆ ਸਕਦੇ ਹਨ। ਉਨ੍ਹਾਂ ਨੇ ਸ਼ੁੱਕਰਵਾਰ ਤੱਕ ਦੀ ਮੋਹਲਤ ਮੰਗੀ ਹੈ। ਜਦੋਂਕਿ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ ਦੇ ਵਿਦੇਸ਼ (ਅਮਰੀਕਾ) ਵਿੱਚ ਹੋਣ ਕਾਰਨ ਉਹ ਨਹੀਂ ਆ ਸਕੇ ਹਨ। ਉਨ੍ਹਾਂ ਨੂੰ ਵੀ ਦੁਬਾਰਾ ਵਸਟਅਪ ’ਤੇ ਜਾਂਚ ਵਿੱਚ ਸ਼ਾਮਲ ਹੋਣ ਦਾ ਸੁਨੇਹਾ ਲਾਇਆ ਗਿਆ ਹੈ। ਉਂਜ ਕੌਸ਼ਲ ਨੇ ਅੱਜ ਨਾ ਆਉਣ ਬਾਰੇ ਵਿਜੀਲੈਂਸ ਨੂੰ ਅਗਾਊਂ ਕੋਈ ਸੂਚਨਾ ਨਹੀਂ ਦਿੱਤੀ ਹੈ।
ਏਆਈਜੀ ਮਨਮੋਹਨ ਕੁਮਾਰ ਨੇ ਦੱਸਿਆ ਕਿ ਸਿੰਜਾਈ ਘੁਟਾਲੇ ਦੀ ਵਿਜੀਲੈਂਸ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਇਸ ਮਾਮਲੇ ਠੇਕੇਦਾਰ ਗੁਰਿੰਦਰ ਸਿੰਘ ਭਾਪਾ ਸਮੇਤ ਹੋਰਨਾਂ ਕਈਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਸ਼ਰਨਜੀਤ ਸਿੰਘ ਢਿੱਲੋਂ, ਸਾਬਕਾ ਮੁੱਖ ਸਕੱਤਰ ਸਰਵੇਸ ਕੌਸ਼ਲ ਅਤੇ ਹੋਰਨਾਂ ਰਾਜਸੀ ਆਗੂਆਂ ਅਤੇ ਉੱਚ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਚੁੱਕੇ ਹਨ। ਜਿਸ ਕਾਰਨ ਢਿੱਲੋਂ ਅਤੇ ਕੌਸ਼ਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਸੀ।
ਇੱਥੇ ਦੱਸਣਯੋਗ ਹੈ ਕਿ ਸੀਨੀਅਰ ਅਕਾਲੀ ਆਗੂ ਸ਼ਰਨਜੀਤ ਸਿੰਘ ਢਿੱਲੋਂ ਅਤੇ ਜਨਮੇਜਾ ਸਿੰਘ ਸੇਖੋਂ 2007-2012 ਅਤੇ 2012-2017 ਦਰਮਿਆਨ ਅਕਾਲੀ ਸਰਕਾਰ ਸਮੇਂ ਸਿੰਜਾਈ ਵਿਭਾਗ ਦੇ ਮੰਤਰੀ ਰਹੇ ਹਨ, ਜਿਨ੍ਹਾਂ ’ਤੇ ਇਸ ਘੁਟਾਲੇ ਵਿੱਚ ਕਥਿਤ ਤੌਰ ’ਤੇ ਸ਼ਾਮਲ ਹੋਣ ਦੇ ਦੋਸ਼ ਲੱਗੇ ਹਨ। ਇਸ ਮਾਮਲੇ ਵਿੱਚ ਢਿੱਲੋਂ ਅਤੇ ਸੇਖੋਂ ਦੇ ਨਾਲ-ਨਾਲ ਸਾਬਕਾ ਮੁੱਖ ਸਕੱਤਰ ਸਰਵੇਸ਼ ਕੌਸ਼ਲ, ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕੇਬੀਐਸ ਸਿੱਧੂ ਅਤੇ ਸਾਬਕਾ ਸਕੱਤਰ ਕਾਹਨ ਸਿੰਘ ਪੰਨੂ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕਰ ਚੁੱਕੀ ਹੈ। ਉਪਰੋਕਤ ਸਿਆਸੀ ਆਗੂਆਂ ਅਤੇ ਅਫ਼ਸਰਾਂ ’ਤੇ ਠੇਕੇਦਾਰ ਤੋਂ ਕਥਿਤ ਰਿਸ਼ਵਤ ਲੈ ਕੇ ਸਿੰਜਾਈ ਵਿਭਾਗ ਵਿੱਚ ਕਰੀਬ 1200 ਕਰੋੜ ਦਾ ਕੰਮ ਦੇਣ ਦਾ ਦੋਸ਼ ਹੈ।
ਇਸ ਮਾਮਲੇ ਦੇ ਮੁੱਖ ਮੁਲਜ਼ਮ ਠੇਕੇਦਾਰ ਗੁਰਿੰਦਰ ਸਿੰਘ ਨੇ ਆਪਣੇ ਹਲਫ਼ਨਾਮੇ ਵਿੱਚ ਕਿਹਾ ਸੀ ਕਿ ਸਿੰਜਾਈ ਘੁਟਾਲੇ ਵਿੱਚ 3 ਸਾਬਕਾ ਆਈਏਐਸ ਅਧਿਕਾਰੀ, ਦੋ ਸਾਬਕਾ ਮੰਤਰੀ ਅਤੇ ਉਨ੍ਹਾਂ ਦੇ ਨਿੱਜੀ ਸਕੱਤਰ ਵੀ ਸ਼ਾਮਲ ਹਨ। ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪਿਛਲੀ ਕਾਂਗਰਸ ਸਮੇਂ ਵਿਜੀਲੈਂਸ ਨੇ ਅਗਸਤ 2017 ਵਿੱਚ ਇਹ ਬਿਆਨ ਦਰਜ ਕੀਤੇ ਸਨ।