Nabaz-e-punjab.com

ਸਿੰਜਾਈ ਘੁਟਾਲਾ: ਵਿਜੀਲੈਂਸ ਵੱਲੋਂ ਸੇਵਾਮੁਕਤ ਆਈਏਐਸ ਕਾਹਨ ਸਿੰਘ ਪੰਨੂ ਤੋਂ ਪੁੱਛ-ਪੜਤਾਲ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਅਕਤੂਬਰ:
ਪੰਜਾਬ ਵਿਜੀਲੈਂਸ ਬਿਊਰੋ ਨੇ ਸਿੰਜਾਈ ਘੁਟਾਲੇ ਦੀ ਤੈਅ ਤੱਕ ਜਾਣ ਲਈ ਨਵੇਂ ਸਿਰਿਓਂ ਦਫ਼ਤਰੀ ਫਾਈਲਾਂ ਤੋਂ ਮਿੱਟੀ ਝਾੜਨੀ ਸ਼ੁਰੂ ਕਰ ਦਿੱਤੀ ਹੈ। ਵਿਜੀਲੈਂਸ ਦੀ ਮੂਸਤੈਦੀ ਕਾਰਨ ਕਈ ਸਾਬਕਾ ਕਾਂਗਰਸੀ ਮੰਤਰੀਆਂ ਸਮੇਤ ਸਿਆਸੀ ਆਗੂਆਂ ਅਤੇ ਸੇਵਾਮੁਕਤ ਅਫ਼ਸਰਾਂ ਦੀ ਨੀਂਦ ਉੱਡ ਗਈ ਹੈ। ਅੱਜ ਵਿਜੀਲੈਂਸ ਭਵਨ ਵਿਖੇ ਏਆਈਜੀ ਮਨਮੋਹਨ ਕੁਮਾਰ ਦੀ ਅਗਵਾਈ ਵਾਲੀ ਜਾਂਚ ਟੀਮ ਨੇ ਆਈਏਐੱਸ ਅਫ਼ਸਰ (ਸੇਵਾਮੁਕਤ) ਕਾਹਨ ਸਿੰਘ ਪੰਨੂ ਤੋਂ ਦੋ ਪੜ੍ਹਾਵਾ ਵਿੱਚ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਪਹਿਲਾਂ ਸਵੇਰੇ 11 ਵਜੇ ਤੋਂ ਬਾਅਦ ਦਪਹਿਰ 2 ਵਜੇ ਤੱਕ ਪੁੱਛਗਿੱਛ ਕੀਤੀ। ਇਸ ਉਪਰੰਤ ਸ਼ਾਮ 4 ਵਜੇ ਤੋਂ ਲੈ ਕੇ 6 ਵਜੇ ਤੱਕ ਪੁੱਛਗਿੱਛ ਕੀਤੀ ਗਈ। ਇਸ ਦੌਰਾਨ ਵਿਜੀਲੈਂਸ ਨੇ ਪੰਨੂ ਤੋਂ ਕੁੱਝ ਅਹਿਮ ਦਸਤਾਵੇਜ਼ ਵੀ ਹਾਸਲ ਕੀਤੇ ਹਨ।
ਸੂਤਰਾਂ ਦੀ ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਕਾਹਨ ਸਿੰਘ ਪੰਨੂ ਤੋਂ ਠੇਕੇਦਾਰ ਗੁਰਿੰਦਰ ਸਿੰਘ ਨੂੰ ਜਾਰੀ ਟੈਂਡਰਾਂ ਬਾਰੇ ਸਵਾਲ ਪੁੱਛੇ ਗਏ ਹਨ, ਕਿਉਂਕਿ ਉਸ ਸਮੇਂ ਪੰਨੂ ਸਿੰਜਾਈ ਵਿਭਾਗ ਵਿੱਚ ਸਕੱਤਰ ਦੇ ਅਹੁਦੇ ’ਤੇ ਤਾਇਨਾਤ ਸਨ। ਜਾਂਚ ਟੀਮ ਨੇ ਠੇਕੇਦਾਰ ਦੇ ਉਸ ਇਕਬਾਲੀਆ ਬਿਆਨ ਬਾਰੇ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿੱਚ ਉਸ ਨੇ ਉੱਚ ਅਫ਼ਸਰਾਂ ਅਤੇ ਸਿਆਸੀ ਆਗੂਆਂ ਨੂੰ ਕਰੋੜਾ ਰੁਪਏ ਰਿਸ਼ਵਤ ਦੇਣ ਦੀ ਗੱਲ ਆਖੀ ਸੀ।
ਕਾਂਗਰਸ ਸਰਕਾਰ ਦੇ ਸਮੇਂ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 17 ਅਗਸਤ 2017 ਨੂੰ ਆਈਪੀਸੀ ਦੀ ਧਾਰਾ 406, 409, 420, 467, 468, 471, 477, 120ਬੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿੱਚ ਠੇਕੇਦਾਰ ਗੁਰਿੰਦਰ ਸਿੰਘ ਅਤੇ ਸਿੰਜਾਈ ਵਿਭਾਗ ਦੇ ਇੰਜੀਨੀਅਰਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਉਧਰ, ਵਿਜੀਲੈਂਸ ਭਵਨ ਦੇ ਬਾਹਰ ਆਈਏਐੱਸ ਅਫ਼ਸਰ (ਸੇਵਾਮੁਕਤ) ਕਾਹਨ ਸਿੰਘ ਪੰਨੂ ਨੇ ਖ਼ੁਦ ਨੂੰ ਬੇਗੁਨਾਹ ਦੱਸਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਉਸ ਨੂੰ ਤਿੰਨ ਝੂਠੇ ਕੇਸਾਂ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਵਾਹਿਗੁਰੂ ਦੀ ਮਿਹਰ ਸਦਕਾ ਉਹ ਹਮੇਸ਼ਾ ਬਚ ਕੇ ਨਿਕਲਦੇ ਰਹੇ ਹਨ। ਪੰਨੂ ਨੇ ਕਿਹਾ ਕਿ ਉਸ ਨੇ 32 ਸਾਲ ਸਰਕਾਰ ਦੀ ਇਮਾਨਦਾਰੀ ਨਾਲ ਨੌਕਰੀ ਕੀਤੀ ਹੈ ਅਤੇ ਕਦੇ ਕਿਸੇ ਤੋਂ ਇੱਕ ਧੇਲਾ ਵੀ ਨਹੀਂ ਲਿਆ ਸਗੋਂ ਨੰਗੇ ਧੜ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਅਤੇ ਸਮਾਜਿਕ ਸਰੋਕਾਰਾਂ ਦੀ ਲੜਾਈ ਲੜੀ ਗਈ ਹੈ, ਜੋ ਭਵਿੱਖ ਵਿੱਚ ਵੀ ਜਾਰੀ ਰਹੇਗੀ।
ਸ੍ਰੀ ਪੰਨੂ ਨੇ ਜਦੋਂ ਉਹ ਤਕਨੀਕੀ ਸਿੱਖਿਆ, ਪ੍ਰਦੂਸ਼ਣ, ਫੂਡ ਸੇਫ਼ਟੀ ਆਦਿ ਘਪਲਿਆਂ ਸਬੰਧੀ ਜਾਂਚ ਅਰੰਭੀ ਸੀ ਤਾਂ ਉਦੋਂ ਵੀ ਉਨ੍ਹਾਂ ਦਾ ਰਾਹ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਨੇਪਰੇ ਚਾੜਿਆ। ਜਿਸ ਕਾਰਨ ਕੁੱਝ ਲੋਕ ਉਸ ਨਾਲ ਨਿੱਜੀ ਰੰਜ਼ਸ ਰੱਖਣ ਲੱਗ ਗਏ ਸੀ ਅਤੇ ਸਮੇਂ ਸਮੇਂ ਸਿਰ ਉਸ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾਂਦੀਆਂ ਹਨ। ਪਹਿਲਾਂ ਵੀ ਝੂਠੀਆਂ ਸ਼ਿਕਾਇਤਾਂ ਦੇ ਕੇ ਉਸ ਨੂੰ ਬਦਨਾਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਗਈ ਪਰ ਉਨ੍ਹਾਂ ਨੇ ਹਮੇਸ਼ਾ ਜਾਂਚ ਦਾ ਸਾਹਮਣਾ ਕੀਤਾ ਅਤੇ ਹੁਣ ਵੀ ਉਹ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਸਿੰਜਾਈ ਵਿਭਾਗ ਵਿੱਚ ਵੀ ਵਧੀਆ ਕੰਮ ਕੀਤਾ ਹੈ। ਸਾਲ 2016 ਵਿੱਚ ਸੇਮ ਰੋਕੂ ਪ੍ਰਾਜੈਕਟ ਚਲਾਇਆ ਗਿਆ ਅਤੇ ਨਹਿਰਾਂ ਦੀ ਸਫ਼ਾਈ ਕੀਤੀ ਗਈ। ਜਿਸ ਦੀ ਬਦੌਲਤ ਫਾਜ਼ਿਕਲਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆ ਵਿੱਚ 1 ਸਾਲ ਵਿੱਚ 1-1 ਲੱਖ ਟਨ ਕਣਕ ਦੀ ਵੱਧ ਪੈਦਾਵਾਰ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੰਮ ਲਈ ਜਾਨ ਲਾਉਣੀ ਪੈਂਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…