ਇਜ਼ਰਾਇਲ ਨੇ ਪੰਜਾਬ ਨਾਲ ਡੇਅਰੀ ਫਾਰਮਿੰਗ ਦੇ ਅਦਾਨ-ਪ੍ਰਦਾਨ ਲਈ ਸਰਕਾਰੀ ਤੇ ਨਿੱਜੀ ਖੇਤਰ ਦੇ ਸਹਿਯੋਗ ਲਈ ਰਾਜ਼ੀ

ਆਪਸੀ ਸਬੰਧ ਮਜ਼ਬੂਤ ਬਣਾਉਣ ਲਈ ਵੱਖ-ਵੱਖ ਖੇਤਰਾਂ ਲਈ ਵਰਕਿੰਗ ਗਰੱੁਪ ਬਣਾ ਕੇ ਸੰਭਾਵਨਾਵਾਂ ਦਾ ਪਤਾ ਲਾਉਣ ਲਈ ਸਹਿਮਤ

ਨਬਜ਼-ਏ-ਪੰਜਾਬ ਬਿਊਰੋ, ਨਵੀਂ ਦਿੱਲੀ, 21 ਅਪਰੈਲ:
ਇਜ਼ਰਾਇਲ ਨੇ ਪੰਜਾਬ ਵਿੱਚ ਨਿੱਜੀ ਨਿਵੇਸ਼ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਤਕਨਾਲੋਜੀ ਦੇ ਅਦਾਨ-ਪ੍ਰਦਾਨ, ਪੁਲੀਸ ਤੇ ਸੁਰੱਖਿਆ ਸਿਖਲਾਈ, ਖੇਤੀਬਾੜੀ ਤੇ ਸਿੰਚਾਈ, ਡੇਅਰੀ ਫਾਰਮਿੰਗ ਸਣੇ ਵੱਖ-ਵੱਖ ਖੇਤਰਾਂ ਵਿੱਚ ਪੰਜਾਬ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ਲਈ ਦਿਲਚਸਪੀ ਦਿਖਾਈ ਹੈ। ਪੰਜਾਬ ਦੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ ਨੇ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਭਾਰਤ ਵਿੱਚ ਇਜ਼ਰਾਇਲ ਦੇ ਰਾਜਦੂਤ ਸ੍ਰੀ ਡੇਨਿਅਲ ਕੈਰਮੋਨ ਵਿਚਕਾਰ ਹੋਈ ਇਕ ਮੀਟਿੰਗ ਦੌਰਾਨ ਦੋਵਾਂ ਧਿਰਾਂ ਨੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ ਬਾਰੇ ਵਿਚਾਰ-ਵਟਾਂਦਰੇ ਨੂੰ ਜਾਰੀ ਰੱਖਣ ਲਈ ਪੰਜਾਬ-ਇਜ਼ਰਾਇਲ ਵਰਕਿੰਗ ਗਰੁੱਪ ਸਥਾਪਤ ਕਰਨ ਲਈ ਸੰਭਾਵਨਾਵਾਂ ਨੂੰ ਤਲਾਸ਼ਣ ਦਾ ਫੈਸਲਾ ਕੀਤਾ ਹੈ। ਇਜ਼ਰਾਇਲ ਦੇ ਰਾਜਦੂਤ ਵੱਲੋਂ ਲੰਮੀ ਮਿਆਦ ਦੇ ਸਹਿਯੋਗ ਲਈ ਅਜਿਹਾ ਗਰੁੱਪ ਬਣਾਉਣ ਦੇ ਦਿੱਤੇ ਸੁਝਾਅ ਤੋਂ ਬਾਅਦ ਮੁੱਖ ਮੰਤਰੀ ਨੇ ਇਹ ਮਾਮਲਾ ਵਿਦੇਸ਼ ਮਾਮਲਿਆਂ ਦੇ ਮੰਤਰਾਲੇ ਕੋਲ ਉਠਾਉਣ ਦਾ ਵਾਅਦਾ ਕੀਤਾ ਹੈ।
ਸ੍ਰੀ ਠੁਕਰਾਲ ਤੋਂ ਇਲਾਵਾ ਮੁੱਖ ਮੰਤਰੀ ਦੇ ਨਾਲ ਮੀਟਿੰਗ ਵਿੱਚ ਸੂਬੇ ਦੇ ਮੁੱਖ ਪ੍ਰਮੁੱਖ ਸਕੱਤਰ ਸ੍ਰੀ ਸੁਰੇਸ਼ ਕੁਮਾਰ, ਡੀ.ਜੀ.ਪੀ. ਸ੍ਰੀ ਸੁਰੇਸ਼ ਅਰੋੜਾ, ਏ.ਡੀ.ਜੀ.ਪੀ ਇੰਟੈਲੀਜੈਂਸ ਸ੍ਰੀ ਦਿਨਕਰ ਗੁਪਤਾ, ਵਿਸ਼ੇਸ਼ ਮੁੱਖ ਸਕੱਤਰ (ਬਾਗਬਾਨੀ ਤੇ ਜੰਗਲਾਤ) ਸ੍ਰੀ ਹਿੰਮਤ ਸਿੰਘ ਅਤੇ ਦਿੱਲੀ ਵਿਖੇ ਪੰਜਾਬ ਰੈਜ਼ੀਡੈਂਟ ਕਮਿਸ਼ਨਰ ਸ੍ਰੀ ਰਾਹੁਲ ਭੰਡਾਰੀ ਹਾਜ਼ਰ ਸਨ। ਇਜ਼ਰਾਇਲ ਦੇ ਰਾਜਦੂਤ ਨਾਲ ਡਿਪਟੀ ਚੀਫ ਆਫ ਮਿਸ਼ਨ ਸ੍ਰੀਮਤੀ ਡਾਨਾ ਕੁਰਸ਼ ਅਤੇ ਪ੍ਰਥਮ ਸਕੱਤਰ ਅਤੇ ਸਿਆਸੀ ਮਾਮਲਿਆਂ ਦੇ ਸਲਾਹਕਾਰ ਅਡਵਾ ਵਿਲਚਿੰਸਕੀ ਹਾਜ਼ਰ ਸਨ। ਇਜ਼ਰਾਇਲ ਦੇ ਰਾਜਦੂਤ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦਾ ਦੇਸ਼ ਸਰਕਾਰ ਤੋਂ ਸਰਕਾਰ ਨਾਲ ਸਬੰਧਾਂ ਤੋਂ ਪਰੇ੍ਹ ਵੀ ਆਪਸੀ ਸਬੰਧਾਂ ਦਾ ਪਾਸਾਰ ਕਰਨ ਵਿਚ ਦਿਲਚਸਪੀ ਰੱਖਦਾ ਹੈ ਅਤੇ ਉਹ ਇਜ਼ਰਾਇਲ ਦੇ ਨਿੱਜੀ ਖੇਤਰ ਦੇ ਵਪਾਰ ਦੇ ਪਾਸਾਰ ਦੀਆਂ ਸੰਭਾਵਨਾਵਾਂ ਵਿਚ ਵੀ ਰੁਚੀ ਰੱਖਦਾ ਹੈ। ਉਨ੍ਹਾਂ ਨੇ ਪੰਜਾਬ ਵਿੱਚ ਆਈ.ਟੀ ਅਤੇ ਕਮਿਊਨੀਕੇਸ਼ਨ ਹੱਬ ਦੀਆਂ ਸੰਭਾਵਨਾਵਾਂ ਦੇ ਨਾਲ ਤਕਨਾਲੋਜੀ ਦੇ ਸਹਿਯੋਗ ਵਿੱਚ ਵੀ ਦਿਲਚਸਪੀ ਦਿਖਾਈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਸੀ ਵਿਕਾਸ ਲਈ ਇਹ ਖੇਤਰ ਬਹੁਤ ਮਹੱਤਵਪੂਰਨ ਹਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਆਪਣੇ ਪਿਛਲੇ ਕਾਰਜਕਾਲ ਵਾਂਗ ਇਸ ਵਾਰ ਵੀ ਥੋੜ੍ਹੀ ਜ਼ਮੀਨ ਦੀ ਮਾਲਕੀ ਵਾਲੇ ਕਿਸਾਨਾਂ ਨੂੰ ਬਾਗਬਾਨੀ ਦਾ ਧੰਦਾ ਅਪਨਾਉਣ ਪ੍ਰਤੀ ਉਤਸ਼ਾਹਤ ਕਰਕੇ ਉਨ੍ਹਾਂ ਦੀ ਆਮਦਨ ਵਿੱਚ ਸੁਧਾਰ ਲਿਆਉਣ ਅਤੇ ਸਿੰਜਾਈ ਨੂੰ ਹੁਲਾਰਾ ਦੇਣ ਲਈ ਨਵੇਂ ਢੰਗ-ਤਰੀਕੇ ਲੱਭਣ ਵਿੱਚ ਨਿੱਜੀ ਖੇਤਰ ਨੂੰ ਭਾਈਵਾਲ ਬਣਾਉਣ ਵਿੱਚ ਦਿਲਚਸਪੀ ਦਿਖਾਈ। ਇਜ਼ਰਾਇਲ ਦੇ ਸਫ਼ੀਰ ਨੇ ਦੱਸਿਆ ਕਿ ਇਜ਼ਰਾਇਲ ਦੀ ਕੰਪਨੀਆਂ ਨਵੀਨ ਕਾਢਾਂ ਤੇ ਤਰੀਕਿਆਂ ਰਾਹੀਂ ਫਸਲ ਦਾ ਝਾੜ ਵਧਾਉਣ ਵਿੱਚ ਜੁਟੀਆਂ ਹੋਈਆਂ ਹਨ ਜਿਸ ਦਾ ਉਦੇਸ਼ ਘੱਟ ਪਾਣੀ ਦੀ ਖਪਤ ਨਾਲ ਵੱਧ ਫਸਲ ਨੂੰ ਯਕੀਨੀ ਬਣਾਉਣਾ ਹੈ। ਕੈਪਟਨ ਅਮਰਿੰਦਰ ਨੇ ਇਜ਼ਰਾਇਲ ਨੂੰ ਪੰਜਾਬ ਵਿੱਚ ਖੇਤੀ ਦਾ ਸਾਜ਼ੋ-ਸਾਮਾਨ ਬਣਾਉਣ ਦਾ ਯੂਨਿਟ ਲਾਉਣ ਤੋਂ ਇਲਾਵਾ ਖੇਤੀ ਉਪਜ ਲਈ ਪ੍ਰਭਾਵੀ ਕੋਲਡ ਸਟੋਰੇਜ਼ ਦੀ ਸਹੂਲਤ ਮੁਹੱਈਆ ਕਰਵਾਉਣ ਵਿੱਚ ਸੂਬੇ ਦੀ ਮਦਦ ਕਰਨ ਦਾ ਸੁਝਾਅ ਦਿੱਤਾ।
ਇਜ਼ਰਾਇਲੀ ਗਾਵਾਂ ਦੁੱਧ ਦੀ ਪੈਦਾਵਾਰ ਪੱਖੋਂ ਵਿਸ਼ਵ ਦੇ ਸਿਖਰਲੇ ਤਿੰਨ ਸਥਾਨਾਂ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਕਰਦਿਆਂ ਸ੍ਰੀ ਕੈਰਮੋਨ ਨੇ ਪੰਜਾਬ ਨੂੰ ਭਰੂਣ ਅਤੇ ਬਣਾਵਟੀ ਸੀਮਨ ਦੀ ਤਕਨਾਲੋਜੀ ਮੁਹੱਈਆ ਕਰਵਾਉਣ ਦੀ ਪੇਸ਼ਕਸ਼ ਕੀਤੀ ਤਾਂ ਕਿ ਸੂਬੇ ਵਿੱਚ ਡੇਅਰੀ ਦੇ ਧੰਦੇ ਨੂੰ ਹੋਰ ਅੱਗੇ ਵਧਾਇਆ ਜਾ ਸਕੇ। ਦੋਵੇਂ ਧਿਰਾਂ ਨੇ ਪੁਲੀਸ/ਸੁਰੱਖਿਆ ਸਿਖਲਾਈ ਵਿੱਚ ਸਹਿਯੋਗ ’ਤੇ ਵਿਚਾਰ-ਵਟਾਂਦਰਾ ਕੀਤਾ ਜਿਸ ਬਾਰੇ ਇਜ਼ਰਾਇਲੀ ਦੂਤ ਨੇ ਕਿਹਾ ਇਹ ਸਿਖਲਾਈ ਉਨ੍ਹਾਂ ਦੇ ਮੁਲਕ ਜਾਂ ਪੰਜਾਬ ਵਿੱਚ ਕਰਵਾਈ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਕੈਰਮੋਨ ਨੇ ਆਪਸੀ ਸਹਿਮਤੀ ਜ਼ਾਹਰ ਕਰਦਿਆਂ ਆਖਿਆ ਕਿ ਸਿਖਲਾਈ ਲਈ ਪੰਜਾਬ ਸਪੈਸ਼ਲ ਓਪਰੇਸ਼ਨ ਗਰੁੱਪ ਕਾਇਮ ਕਰਨ ਦੀ ਸੰਭਾਵਨਾ ’ਤੇ ਵਿਚਾਰ ਕੀਤੀ ਜਾ ਸਕਦੀ ਹੈ। ਇਹ ਜ਼ਿਕਰਯੋਗ ਹੈ ਕਿ ਮਾਤਭੂਮੀ ਦੀ ਸੁਰੱਖਿਆ ਅਤੇ ਅਤਿਵਾਦੀ ਵਿਰੋਧੀ ਗਤੀਵਿਧੀਆਂ ਬਾਰੇ ਇਜ਼ਰਾਇਲ ਦਾ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨਾਲ ਪਹਿਲਾਂ ਹੀ ਸਮਝੌਤਾ ਤੈਅ ਹੈ। ਦੋਵਾਂ ਧਿਰਾਂ ਨੇ ਖੇਤੀ ਤੇ ਹੋਰ ਖੇਤਰਾਂ ਦੇ ਮਾਹਿਰਾਂ ਦੇ ਆਦਾਨ-ਪ੍ਰਦਾਨ ਲਈ ਆਪਸੀ ਸਹਿਯੋਗ ਨੂੰ ਵਧਾਉਣ ਲਈ ਰਜ਼ਾਮੰਦ ਹੁੰਦਿਆਂ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਇਸ ਨੂੰ ਪਹਿਲ ਦੇ ਆਧਾਰ ’ਤੇ ਜਾਰੀ ਰੱਖਿਆ ਜਾਵੇਗਾ।

Load More Related Articles
Load More By Nabaz-e-Punjab
Load More In International

Check Also

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ

ਵਿਵਾਦਿਤ ਕਿਤਾਬਾਂ ਦਾ ਮਾਮਲਾ: ਪੰਜਾਬ ਪੁਲੀਸ ਦੇ ਸਟੇਟ ਕਰਾਈਮ ਥਾਣੇ ’ਚ ਤਿੰਨ ਲੇਖਕਾਂ ਖ਼ਿਲਾਫ਼ ਕੇਸ ਦਰਜ ਮੁੱਖ…