Kumbra School

ਗਰੀਬ ਬੱਚਿਆਂ ਦੇ ਭਵਿੱਖ ਦਾ ਮਾਮਲਾ: ਸਰਕਾਰੀ ਵਕੀਲ ਨੇ ਵਾਰਸਾਂ ਦੀ ਪਟੀਸ਼ਨ ਬਾਰੇ ਕਿਹੜੀ ਦਲੀਲ ਦਿੱਤੀ

ਜ਼ਿਲ੍ਹਾ ਸਿੱਖਿਆ ਅਫ਼ਸਰ, ਅਧਿਆਪਕ ਤੇ ਪਿੰਡ ਦੇ ਮੋਹਤਬਰ ਅਦਾਲਤ ਵਿੱਚ ਹੋਏ ਪੇਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਮਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ 500 ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਅੱਜ ਕੇਸ ਦੀ ਸੁਣਵਾਈ ਮੌਕੇ ਸਰਕਾਰੀ ਵਕੀਲ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਵਾਰਸਾਂ ਦੀ ਪਟੀਸ਼ਨ ਨੂੰ ਮੁੱਢੋਂ ਰੱਦ ਕਰਨ ਦੀ ਮੰਗ ਕੀਤੀ ਹੈ। ਵਾਰਸਾਂ ਵੱਲੋਂ ਆਪਣੀ ਜ਼ਮੀਨ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਕਰਨ ਸਬੰਧੀ ਪਿਛਲੇ ਦਿਨੀਂ ‘ਮੀਡੀਆ’ ਨੇ ਤੱਥਾਂ ਦੇ ਆਧਾਰ ’ਤੇ ਮਾਮਲਾ ਉਜਾਗਰ ਕੀਤਾ ਗਿਆ ਸੀ ਅਤੇ ਖ਼ਬਰਾਂ ਲੱਗਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੀ ਹਰਕਤ ਵਿੱਚ ਆ ਗਿਆ ਸੀ।
ਵਾਰਸਾਂ ਦੀ ਪਟੀਸ਼ਨ ’ਤੇ ਅੱਜ ਮੁਹਾਲੀ ਅਦਾਲਤ ਵਿੱਚ ਸੁਣਵਾਈ ਹੋਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਸਮੇਤ ਸਕੂਲ ਮੁਖੀ ਸੁਖਦੀਪ ਕੌਰ ਅਤੇ ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਅਤੇ ਮਨਜੀਤ ਸਿੰਘ ਪੇਸ਼ ਹੋਏ ਅਤੇ ਆਪਣਾ ਮਜ਼ਬੂਤ ਪੱਖ ਰੱਖਦਿਆਂ ਅਦਾਲਤ ਨੂੰ ਦੱਸਿਆ ਕਿ ਉਕਤ ਸਕੂਲ ਵਿੱਚ ਗਰੀਬ ਵਰਗ ਨਾਲ ਸਬੰਧਤ 491 ਬੱਚੇ ਸਿੱਖਿਆ ਹਾਸਲ ਕਰ ਰਹੇ ਹਨ। ਜੇਕਰ ਇਹ ਜ਼ਮੀਨ ਵਾਰਸਾਂ ਨੂੰ ਵਾਪਸ ਚਲੀ ਜਾਂਦੀ ਹੈ ਤਾਂ ਇਹ ਗਰੀਬ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਣਗੇ।
ਸਰਕਾਰੀ ਵਕੀਲ ਨੇ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਵਾਰਸਾਂ ਦੀ ਪਟੀਸ਼ਨ ਨੂੰ ਮੁੱਢੋਂ ਰੱਦ ਕਰਨ ਦੀ ਦਲੀਲ ਦਿੱਤੀ। ਉਨ੍ਹਾਂ ਅਦਾਲਤ ਨੂੰ ਦੱਸਿਆ ਕਿ ਲਗਪਗ ਚਾਰ ਦਹਾਕੇ ਤੋਂ ਇਹ ਸਕੂਲ ਚੱਲ ਰਿਹਾ ਹੈ ਅਤੇ ਇੱਥੇ ਸੈਂਕੜੇ ਬੱਚੇ ਪੜ੍ਹਦੇ ਹਨ। ਸਕੂਲ ਨੂੰ ਜ਼ਮੀਨ ਦਾਨ ਦੇਣ ਵਾਲੇ ਵਿਅਕਤੀ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ 1997 ਵਿੱਚ ਵਸੀਅਤ ਉਨ੍ਹਾਂ ਦੀ ਪਤਨੀ ਰਾਮ ਕੌਰ ਦੇ ਨਾਂ ਹੋ ਗਈ ਸੀ ਪ੍ਰੰਤੂ ਦੋ ਦਹਾਕੇ ਤੋਂ ਵੱਧ ਸਮਾਂ ਵਾਰਸ ਚੁੱਪ ਬੈਠੇ ਰਹੇ। ਉਨ੍ਹਾਂ ਦਲੀਲ ਦਿੱਤੀ ਕਿ 12 ਸਾਲ ਤੋਂ ਬਾਅਦ ਕੋਈ ਵਾਰਸ ਆਪਣੀ ਜ਼ਮੀਨ ’ਤੇ ਹੱਕ ਨਹੀਂ ਜਿਤਾ ਸਕਦਾ ਹੈ। ਲਿਹਾਜ਼ਾ ਇਹ ਕੇਸ ਨਾ ਸੁਣਿਆ ਜਾਵੇ ਕਿਉਂਕਿ ਕੇਸ ਦੀ ਸੁਣਵਾਈ ਹੋਣ ਨਾਲ ਅਦਾਲਤ ਦਾ ਕੀਮਤੀ ਸਮਾਂ ਖ਼ਰਾਬ ਹੋਵੇਗਾ।
ਉਧਰ, ਵਾਰਸਾਂ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਕੁੰਭੜਾ ਵਿੱਚ ਬੱਚਿਆਂ ਦੀ ਗਿਣਤੀ ਵਧਣ ਕਾਰਨ ਦੋ ਸਕੂਲਾਂ ਦੀ ਲੋੜ ਸੀ। ਇਸ ਲਈ ਗੁਰਬਖ਼ਸ਼ ਸਿੰਘ ਨੇ ਤਰਸ ਦੇ ਆਧਾਰ ’ਤੇ ਉਸ ਸਮੇਂ ਦੀ ਗਰਾਮ ਪੰਚਾਇਤ ਨੂੰ ਅਰਜ਼ੀ ਤੌਰ ’ਤੇ ਉਕਤ ਜ਼ਮੀਨ ਦਿੱਤੀ ਸੀ ਲੇਕਿਨ ਹੁਣ ਸਿੱਖਿਆ ਵਿਭਾਗ ਅਤੇ ਅਧਿਆਪਕ ਨਾ ਤਾਂ ਜ਼ਮੀਨ ਵਾਪਸ ਕਰ ਰਹੇ ਹਨ ਅਤੇ ਨਾ ਹੀ ਕਿਰਾਇਆ ਦੇ ਰਹੇ ਹਨ ਅਤੇ ਨਾ ਹੀ ਕੋਈ ਹੋਰ ਸੈਟਲ ਮੈਟਲ ਕਰਨ ਨੂੰ ਤਿਆਰ ਹਨ। ਲਿਹਾਜ਼ਾ ਉਨ੍ਹਾਂ ਦੀ ਜ਼ਮੀਨ ਉਨ੍ਹਾਂ ਨੂੰ ਵਾਪਸ ਕੀਤੀ ਜਾਵੇ। ਇਸ ਬਾਰੇ ਬਲਵਿੰਦਰ ਕੁੰਭੜਾ ਨੇ ਕਿਹਾ ਕਿ ਪਿੰਡ ਵਾਸੀ ਗੁਰਬਖ਼ਸ਼ ਸਿੰਘ ਨੇ ਸਕੂਲ ਨੂੰ ਜ਼ਮੀਨ ਦਾਨ ਕੀਤੀ ਸੀ। ਉਸ ਸਮੇਂ ਪੰਚਾਇਤੀ ਮਤੇ ’ਤੇ ਦਸਖ਼ਤ ਕਰਨ ਵਾਲੇ ਦੋ ਪੰਚ ਵੀ ਸਰਕਾਰੀ ਗਵਾਹ ਵਜੋਂ ਗਵਾਹੀ ਦੇਣ ਨੂੰ ਤਿਆਰ ਹਨ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 18 ਜੁਲਾਈ ਦਾ ਦਿਨ ਨਿਰਧਾਰਿਤ ਕੀਤਾ ਹੈ।
ਜ਼ਿਕਰਯੋਗ ਹੈ ਕਿ ਕਾਫ਼ੀ ਅਰਸਾ ਪਹਿਲਾਂ ਗੁਰਬਖ਼ਸ਼ ਸਿੰਘ ਨਾਂਅ ਦੇ ਵਿਅਕਤੀ ਨੇ (ਇਕ ਕਨਾਲ ਇਕ ਮਰਲਾ) ਸਕੂਲ ਨੂੰ ਦਾਨ ਵਿੱਚ ਦਿੱਤੀ ਸੀ ਅਤੇ ਕਮਰਿਆਂ ਦੀ ਉਸਾਰੀ ਲਈ 70 ਹਜ਼ਾਰ ਰੁਪਏ ਵੀ ਦਿੱਤੇ ਸਨ। ਉਸ ਸਮੇਂ ਦੇ ਅਕਾਲੀ ਵਿਧਾਇਕ ਬਚਿੱਤਰ ਸਿੰਘ ਨੇ 14 ਅਕਤੂਬਰ 1987 ਨੂੰ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ। ਉਦੋਂ ਤੋਂ ਇਹ ਸਕੂਲ ਚਲਦਾ ਆ ਰਿਹਾ ਹੈ ਅਤੇ ਸਕੂਲ ਵਿੱਚ 491 ਬੱਚੇ ਪੜ੍ਹਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਗਰੀਬ ਵਰਗ ਨਾਲ ਸਬੰਧਤ ਹਨ। ਲੇਕਿਨ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਹੁਣ ਉਸ ਦੇ ਵਾਰਸ ਬਣੇ ਰਿਸ਼ਤੇਦਾਰਾਂ ਨੇ ਅਦਾਲਤ ਵਿੱਚ ਕੇਸ ਪਾ ਕੇ ਸਕੂਲ ਵਾਲੀ ਜ਼ਮੀਨ ਵਾਪਸ ਮੰਗ ਲਈ ਹੈ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …