ਲੋਕ ਸਭਾ ਵਿੱਚ ਗੂੰਜਿਆਂ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਨ ਦਾ ਮਾਮਲਾ

ਪੰਜਾਬ ਤੇ ਹਰਿਆਣਾ ਦੀ ਆਪਸੀ ਸਹਿਮਤੀ ਨਾ ਹੋਣ ਕਾਰਨ ਅੱਧ ਵਿਚਾਲੇ ਲਟਕ ਰਿਹਾ ਹੈ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੁਲਾਈ:
ਪਿੰਡ ਝਿਊਰਹੇੜੀ ਦੀ ਜ਼ਮੀਨ ਵਿੱਚ ਉਸਾਰੇ ਗਏ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਨਾਮਕਰਮ ਦਾ ਮਾਮਲਾ ਅੱਜ ਫਿਰ ਲੋਕ ਸਭਾ ਵਿੱਚ ਗੂੰਜਿਆਂ। ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਲੋਕ ਸਭਾ ਵਿੱਚ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਨੂੰ ਦੱਸਿਆ ਜਾਵੇ ਕਿ ਕੀ ਕੇਂਦਰ ਸਰਕਾਰ ਨੂੰ ਵੱਖ ਵੱਖ ਸੰਸਥਾਵਾਂ, ਸਮਾਜ ਦੇ ਮੋਹਤਬਰ ਵਿਅਕਤੀਆਂ ਜਾਂ ਸੂਬਾ ਸਰਕਾਰਾਂ ਤੋਂ ਅਜਿਹੀ ਕੋਈ ਅਪੀਲ ਮਿਲੀ ਹੈ। ਜਿਸ ਵਿੱਚ ਮੁਹਾਲੀ ਦੇ ਕੌਮਾਂਤਰੀ ਹਵਾਈ ਅੱਡੇ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਰੱਖਣ ਦੀ ਮੰਗ ਕੀਤੀ ਗਈ ਹੋਵੇ ਅਤੇ ਕੀ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਕੋਈ ਯੋਗ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਇਹ ਵੀ ਪੁੱਛਿਆ ਕਿ ਕੇਂਦਰ ਸਰਕਾਰ ਕਿੰਨੇ ਸਮੇਂ ਵਿੱਚ ਇਸ ਹਵਾਈ ਅੱਡੇ ਦਾ ਨਾਮ ਸ਼ਹੀਦ ਏ ਆਜ਼ਮ ਸ੍ਰ. ਭਗਤ ਸਿੰਘ ਦੇ ਨਾਮ ’ਤੇ ਰੱਖੇਗੀ ਅਤੇ ਜੇਕਰ ਸਰਕਾਰ ਅਜਿਹਾ ਨਹੀਂ ਕਰਨਾ ਚਾਹੁੰਦੀ ਤਾਂ ਇਸਦਾ ਕਾਰਨ ਦੱਸਿਆ ਜਾਵੇ।
ਸ੍ਰੀ ਤਿਵਾੜੀ ਦੇ ਇਸ ਸਵਾਲ ਦੇ ਜਵਾਬ ਵਿੱਚ ਕੇਂਦਰੀ ਸਿਵਲ ਹਵਾਬਾਜ਼ੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਨੇ ਆਪਣੇ ਜਵਾਬ ਵਿੱਚ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਾਲ 2008 ਵਿੱਚ ਕੇਂਦਰ ਸਰਕਾਰ ਤੋਂ ਮੰਗ ਕੀਤੀ ਗਈ ਸੀ ਕਿ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੁਹਾਲੀ ਰੱਖਿਆ ਜਾਵੇ ਜਦੋਂਕਿ ਹਰਿਆਣਾ ਸਰਕਾਰ ਵੱਲੋਂ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਇਸ ਗੱਲ ’ਤੇ ਸਹਿਮਤ ਸਨ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਰੱਖਿਆ ਜਾਵੇ ਪ੍ਰੰਤੂ ਹਰਿਆਣਾ ਨੇ ਨਾਮ ਨਾਲ ਮੁਹਾਲੀ ਜੋੜਨ ’ਤੇ ਇਤਰਾਜ਼ ਕੀਤਾ ਸੀ।
ਸ੍ਰੀ ਪੁਰੀ ਨੇ ਹਾਊਸ ਨੂੰ ਦੱਸਿਆ ਕਿ ਹਵਾਈ ਅੱਡੇ ਵਿੱਚ ਪੰਜਾਬ ਅਤੇ ਹਰਿਆਣਾ ਬਰਾਬਰ ਦੇ ਹਿੱਸੇਦਾਰ ਹਨ। ਹਰਿਆਣਾ ਨੇ ਹਵਾਈ ਅੱਡੇ ਦੇ ਨਾਮ ਦੇ ਨਾਲ ਮੁਹਾਲੀ ਸ਼ਬਦ ਜੋੜਨ ’ਤੇ ਸਖ਼ਤ ਇਤਰਾਜ਼ ਕਰਦਿਆਂ ਕਿਹਾ ਸੀ ਕਿ ਇਸ ਨਾਲ ਇਹ ਪ੍ਰਭਾਵ ਪਵੇਗਾ ਕਿ ਇਹ ਹਵਾਈ ਅੱਡਾ ਪੰਜਾਬ ਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਕੇਂਦਰ ਸਰਕਾਰ ਵੱਲੋਂ ਦੋਵਾਂ ਸਰਕਾਰਾਂ ਨਾਲ ਕਈ ਵਾਰ ਗੱਲ ਵੀ ਕੀਤੀ ਗਈ ਅਤੇ ਹਰਿਆਣਾ ਵੱਲੋਂ ਇਸ ਸਬੰਧੀ ਹਰਿਆਣਾ ਵਿਧਾਨ ਸਭਾ ਵਿੱਚ ਇਹ ਮਤਾ ਪਾਸ ਕਰਵਾ ਕੇ ਕੇਂਦਰ ਸਰਕਾਰ ਨੂੰ ਭੇਜਿਆ ਗਿਆ ਸੀ ਕਿ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਰੱਖਿਆ ਜਾਵੇ ਪ੍ਰੰਤੂ ਪੰਜਾਬ ਵੱਲੋਂ ਇਸ ਸਬੰਧੀ ਆਪਣਾ ਪੁਰਾਣਾ ਸਟੈਂਡ ਦੁਹਰਾਏ ਜਾਣ ਕਰਨ ਇਹ ਮਾਮਲਾ ਵਿਚਾਲੇ ਹੀ ਲਮਕ ਰਿਹਾ ਹੈ। ਪੰਜਾਬ ਨੇ ਇਹ ਆਪਣੀ ਦਲੀਲ ਵਿੱਚ ਇਹ ਤਰਕ ਦਿੱਤਾ ਸੀ ਕਿ ਹਵਾਈ ਅੱਡੇ ਲਈ ਲੋੜੀਂਦੀ ਜ਼ਮੀਨ ਮੁਹਾਲੀ ਨੇੜਲੇ ਪਿੰਡਾਂ ਦੀ ਐਕਵਾਇਰ ਕੀਤੀ ਗਈ ਸੀ। ਲਿਹਾਜ਼ਾ ਕਿਸੇ ਵੀ ਸੂਰਤ ਵਿੱਚ ਹਵਾਈ ਅੱਡੇ ਨਾਲੋਂ ਮੁਹਾਲੀ ਨਹੀਂ ਹਟਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਵੱਲੋਂ ਮਨੀਸ਼ ਤਿਵਾੜੀ ਤੱਕ ਪਹੁੰਚ ਕਰਕੇ ਮੁਹਾਲੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਰੱਖਣ ਦੀ ਮੰਗ ਕੀਤੀ ਗਈ ਸੀ। ਨੌਜਵਾਨਾਂ ਦੀ ਇਸ ਮੰਗ ਨੂੰ ਜਾਇਜ਼ ਮੰਨਦਿਆਂ ਅੱਜ ਸ੍ਰੀ ਤਿਵਾੜੀ ਵੱਲੋਂ ਲੋਕ ਸਭਾ ਵਿੱਚ ਇਹ ਸਵਾਲ ਪੁੱਛਿਆ ਗਿਆ ਸੀ। ਸੰਸਥਾ ਦੇ ਮੈਂਬਰਾਂ ਨੇ ਲੋਕ ਸਭਾ ਵਿੱਚ ਇਹ ਅਹਿਮ ਮੁੱਦਾ ਚੁੱਕਣ ਲਈ ਸ੍ਰੀ ਤਿਵਾੜੀ ਦਾ ਧੰਨਵਾਦ ਕੀਤਾ।

Load More Related Articles
Load More By Nabaz-e-Punjab
Load More In General News

Check Also

Press Gallery Committee of Punjab Vidhan Sabha unequivocally condemns illegal detention of Punjab mediapersons by Delhi Police

Press Gallery Committee of Punjab Vidhan Sabha unequivocally condemns illegal detention of…