
ਗਮਾਡਾ ਵੱਲੋਂ ਪਾਣੀ ਦੇ ਰੇਟ ਵਧਾਉਣ ਖ਼ਿਲਾਫ਼ ਕੌਂਸਲਰਾਂ ਨੇ ਹਾਊਸ ਵਿੱਚ ਮਤਾ ਲਿਆਉਣ ਲਈ ਮੇਅਰ ਨੂੰ ਦਿੱਤਾ ਮੰਗ ਪੱਤਰ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਸਤੰਬਰ:
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਸੈਕਟਰ-76 ਤੋਂ 80 ਅਤੇ ਸੈਕਟਰ-66 ਤੋਂ 69 ਤੱਕ ਇਲਾਕੇ ਦੇ ਕੌਂਸਲਰਾਂ ਨੇ ਅੱਜ ਨਗਰ ਨਿਗਮ ਮੁਹਾਲੀ ਦੇ ਮੇਅਰ ਕੁਲਵੰਤ ਸਿੰਘ ਨੂੰ ਇੱਕ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਗਮਾਡਾ ਵੱਲੋਂ ਪਾਣੀ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਨੂੰ ਤੁਰੰਤ ਰੱਦ ਕਰਵਾਉਣ ਲਈ ਯੋਗ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਉਕਤ ਸੈਕਟਰਾਂ ਦੇ ਵਸਨੀਕਾਂ ਨੂੰ ਪਹਿਲਾਂ ਹੀ ਪਾਣੀ ਦੀ ਸਪਲਾਈ ਬਹੁਤ ਘੱਟ ਮਿਲ ਰਹੀ ਹੈ, ਹੁਣ ਗਮਾਡਾ ਨੇ ਪਾਣੀ ਦੇ ਕਈ ਗੁਣਾਂ ਰੇਟ ਵਧਾ ਕੇ ਲੋਕਾਂ ’ਤੇ ਵਾਧੂ ਬੋਝ ਪਾਇਆ ਗਿਆ ਹੈ।
ਇਸ ਮੌਕੇ ਕੌਂਸਲਰ ਪਰਵਿੰਦਰ ਸਿੰਘ ਬੈਦਵਾਨ, ਪਰਮਿੰਦਰ ਸਿੰਘ ਤਸਿੰਬਲੀ, ਰਮਨਪ੍ਰੀਤ ਕੌਰ, ਸਤਬੀਰ ਸਿੰਘ ਧਨੋਆ, ਜਸਬੀਰ ਕੌਰ ਅਤਲੀ, ਸ਼ਿੰਦਰਪਾਲ ਸਿੰਘ ਬੌਬੀ ਕੰਬੋਜ, ਸੁਰਿੰਦਰ ਸਿੰਘ ਰੋਡਾ, ਰਜਨੀ ਗੋਇਲ ਅਤੇ ਰਵਿੰਦਰ ਕੌਰ ਵੀ ਮੌਜੂਦ ਸਨ। ਉਨ੍ਹਾਂ ਨੇ ਇਸ ਮੰਗ ਪੱਤਰ ਰਾਹੀਂ ਉਕਤ ਕੌਂਸਲਰਾਂ ਨੇ ਮੰਗ ਕੀਤੀ ਹੈ ਕਿ ਗਮਾਡਾ ਵੱਲੋਂ ਪਿਛਲੇ ਦਿਨੀਂ ਇਹਨਾਂ ਸੈਕਟਰਾਂ ਵਿੱਚ ਪਾਣੀ ਦੇ ਰੇਟਾਂ ਵਿਚ ਕੀਤੇ ਗਏ ਵਾਧੇ ਨੂੰ ਰੱਦ ਕਰਵਾਉਣ ਲਈ ਹਾਊਸ ਵਿਚ ਮਤਾ ਪਾਸ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਵੇ ਤਾਂ ਕਿ ਗਮਾਡਾ ਵੱਲੋਂ ਵਧਾਏ ਗਏ ਪਾਣੀ ਦੇ ਰੇਟ ਤੁਰੰਤ ਘਟਾਏ ਜਾ ਸਕਣ।