ਬੁੱਢਾ ਨਾਲਾ ਤੇ ਸਤਲੁਜ ਦਰਿਆ ਵਿੱਚ ਪ੍ਰਦੂਸ਼ਿਤ ਪਾਣੀ ਦਾ ਮਾਮਲਾ ਵੱਡੀ ਚੁਨੌਤੀ: ਕੇਂਦਰੀ ਮੰਤਰੀ

ਬੀਬੀਐੱਮਬੀ ਇਕੱਲੇ ਪੰਜਾਬ ਦਾ ਨਹੀਂ: ਗਜੇਂਦਰ ਸ਼ੇਖਾਵਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਗਸਤ:
ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐੱਮਬੀ) ਬਾਰੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਵਿਵਾਦਾਂ ਵਾਲੇ ਬੋਲਾਂ ਨਾਲ ਇਕ ਵਾਰ ਫਿਰ ਤੋਂ ਮਾਮਲਾ ਭਖ ਗਿਆ ਹੈ। ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਵੱਲੋਂ ਬੋਰਡ ਭੰਗ ਕਰਨ ਕਰਕੇ ਭਾਜਪਾ ਵਿਰੋਧੀਆਂ ਦੇ ਨਿਸ਼ਾਨੇ ’ਤੇ ਆ ਗਈ ਸੀ। ਅੱਜ ਮੁਹਾਲੀ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਗਜੇਂਦਰ ਸ਼ੇਖਾਵਤ ਨੇ ਕਿਹਾ ਕਿ ਬੀਬੀਐੱਮਬੀ ਸਿਰਫ਼ ਪੰਜਾਬ ਦਾ ਨਹੀਂ ਹੈ ਬਲਕਿ ਇਹ ਗੁਆਂਢੀ ਚਾਰ ਸੂਬਿਆਂ ਹਰਿਆਣਾ, ਦਿੱਲੀ, ਰਾਜਸਥਾਨ ਦਾ ਸਾਂਝਾ ਹੈ। ਇਸ ’ਤੇ ਇਨ੍ਹਾਂ ਸਾਰਿਆਂ ਦਾ ਬਰਾਬਰ ਦਾ ਹੱਕ ਹੈ।
ਗੰਦੇ ਪਾਣੀ ਦੇ ਬੁੱਢੇ ਨਾਲੇ ਅਤੇ ਸਤਲੁਜ ਦਰਿਆ ਦੇ ਪ੍ਰਦੂਸ਼ਿਤ ਪਾਣੀ ਬਾਰੇ ਪੁੱਛੇ ਜਾਣ ’ਤੇ ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਨਿਸ਼ਚਿਤ ਰੂਪ ਵਿੱਚ ਇਹ ਬਹੁਤ ਵੱਡੀ ਚੁਨੌਤੀ ਹੈ। ਇਨ੍ਹਾਂ ਵਿੱਚ ਫੈਕਟਰੀਆਂ ਦਾ ਕੈਮੀਕਲ ਪਾਣੀ ਸੁੱਟਿਆਂ ਜਾ ਰਿਹਾ ਹੈ। ਜਿਸ ਦਾ ਦੇਸ਼ ਦੀ ਸਿਖਰਲੀ ਅਦਾਲਤ ਅਤੇ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਗੰਭੀਰ ਨੋਟਿਸ ਲਿਆ ਹੈ। ਸ਼ੇਖਾਵਤ ਨੇ ਕਿਹਾ ਕਿ ਪਿੱਛੇ ਜਿਹੇ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਨੂੰ ਨਿੱਜੀ ਦਖ਼ਲ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ 2019 ਵਿੱਚ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਕਿਹਾ ਗਿਆ ਸੀ ਪਰ ਉਹ ਵੀ ਪੂਰਾ ਨਹੀਂ ਕਰ ਸਕੇ। ਕੈਪਟਨ ਤੇ ਪ੍ਰਧਾਨੀ ਮੰਤਰੀ ਦੀ ਮੁਲਾਕਾਤ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਸਮੇਂ ਤੋਂ ਪਹਿਲਾਂ ਕੁੱਝ ਵੀ ਕਹਿਣਾ ਠੀਕ ਨਹੀਂ ਹੈ।
ਕਿਸਾਨਾਂ ਵੱਲੋਂ ਮੁੜ ਸੰਘਰਸ਼ ਦੇ ਰਾਹ ਪੈਣ ਬਾਰੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਖੁੱਲ੍ਹ ਦਿਲੀ ਨਾਲ ਖੇਤੀ ਕਾਨੂੰਨ ਵਾਪਸ ਲਏ ਸਨ ਪਰ ਹੁਣ ਵਿਰੋਧੀਆਂ ਨੇ ਐਮਐਸਪੀ ਕਮੇਟੀ ਦਾ ਰੌਲਾ ਪਾ ਕੇ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕਮੇਟੀ ਵਿੱਚ ਕਿਸਾਨਾਂ ਦੇ ਨੁਮਾਇੰਦੇ ਵੀ ਸ਼ਾਮਲ ਹਨ। ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਕੇਂਦਰੀ ਮੰਤਰੀ ਨੇ ਹਾਸੇ ਵਿੱਚ ਗੱਲ ਨੂੰ ਟਾਲਦਿਆਂ ਕਿਹਾ ਕਿ ਇਸ ਸਬੰਧੀ ਚੰਡੀਗੜ੍ਹੀਆਂ ਦੀ ਰਾਇ ਵੀ ਪੁੱਛ ਲੈਣੀ ਚਾਹੀਦੀ ਹੈ। ਪੰਜਾਬ ਵਿੱਚ ਜਲ ਸੰਕਟ ਬਾਰੇ ਭਾਜਪਾ ਆਗੂ ਨੇ ਬਰਸਾਤੀ ਪਾਣੀ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ’ਤੇ ਜ਼ੋਰ ਦਿੰਦਿਆਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਦੀ ਹਰ ਘਰ ਪਾਣੀ ਸਪਲਾਈ ਦਾ 80 ਫੀਸਦੀ ਟੀਚਾ ਪੂਰਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਤਰੱਕੀ ਲਈ ਹਰੇਕ ਨਾਗਰਿਕ ਨੂੰ ਆਪਣੀ ਮੋਢਿਆਂ ’ਤੇ ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ ਅਤੇ ਲੋਕਤੰਤਰ ਦਾ ਚੌਥਾ ਥੰਮ ਮੀਡੀਆ ਨੂੰ ਵੀ ਨਿਰਪੱਖਤਾ ਨਾਲ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ।
ਬੰਦੀ ਸਿੰਘਾਂ ਦੀ ਰਿਹਾਈ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਜਿੰਨੇ ਕੈਦੀ ਛੱਡੇ ਜਾਣੇ ਸਨ, ਉਹ ਛੱਡੇ ਜਾ ਚੁੱਕੇ ਹਨ। ਸਿਰਫ਼ ਇੱਕ ਸਿੱਖ ਕੈਦੀ ਦਿੱਲੀ ਦੀ ਜੇਲ੍ਹ ਵਿੱਚ ਹੈ, ਜਿਸ ਬਾਰੇ ਅਰਵਿੰਦ ਕੇਜਰੀਵਾਲ ਬਿਹਤਰ ਜਵਾਬ ਦੇ ਸਕਦੇ ਹਨ, ਦੂਜਾ ਕੈਦੀ ਕਰਨਾਟਕਾ ਜੇਲ੍ਹ ਵਿੱਚ ਹੈ। ਕਾਫ਼ੀ ਤੋਂ ਇਸ ਸਬੰਧੀ ਮੰਗ ਤਾਂ ਕੀਤੀ ਜਾ ਰਹੀ ਹੈ ਪਰ ਉਹ ਬੰਦੀ ਸਿੰਘਾਂ ਦੀ ਸੂਚੀ ਮੰਗ ਮੰਗ ਕੇ ਥੱਕ ਗਏ ਹਨ ਲੇਕਿਨ ਹੁਣ ਤੱਕ ਕਿਸੇ ਨੇ ਕੇਂਦਰ ਸਰਕਾਰ ਜਾਂ ਉਨ੍ਹਾਂ ਨੂੰ ਸਿੱਖ ਕੈਦੀਆਂ ਦੀ ਸੂਚੀ ਨਹੀਂ ਦਿੱਤੀ ਪ੍ਰੰਤੂ ਫਿਰ ਵੀ ਸਰਕਾਰ ਇਸ ਗੰਭੀਰ ਮੁੱਦੇ ’ਤੇ ਹਮਦਰਦੀ ਨਾਲ ਵਿਚਾਰ ਕਰ ਰਹੀ ਹੈ।
ਉਧਰ, ਰਤਨ ਪ੍ਰੋਫੈਸ਼ਨਲ ਕਾਲਜ ਸੋਹਾਣਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ ਬਾਰੇ ਪਹਿਲਾਂ ਤੋਂ ਪ੍ਰਕਾਸ਼ਿਤ ਵਿਸ਼ੇਸ਼ ਕਿਤਾਬ ਸਬੰਧੀ ਵਿਚਾਰ ਗੋਸ਼ਟੀ ਕੀਤੀ ਜਦੋਂਕਿ ਸ਼ਾਮ ਨੂੰ ਪਿੰਡ ਸਨੇਟਾ ਵਿੱਚ ਕਿਸਾਨ ਮਹਾ ਪੰਚਾਇਤ ਕੀਤੀ ਅਤੇ ਦੇਰ ਸ਼ਾਮ ਮੁਹਾਲੀ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਅਹਿਮ ਮੀਟਿੰਗ ਕੀਤੀ। ਡਿਨਰ ਤੋਂ ਬਾਅਦ ਰਾਤ ਨੂੰ ਦਿੱਲੀ ਲਈ ਰਵਾਨਾ ਹੋ ਗਏ।
ਇਸ ਮੌਕੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ, ਸੁਭਾਸ਼ ਸ਼ਰਮਾ, ਸੁਸ਼ੀਲ ਰਾਣਾ, ਸੰਜੀਵ ਵਸ਼ਿਸ਼ਟ, ਸੁਖਵਿੰਦਰ ਸਿੰਘ ਗੋਲਡੀ, ਨਰਿੰਦਰ ਰਾਣਾ, ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਰਮੇਸ਼ ਵਰਮਾ ਵੀ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…