
ਪੰਜਾਬ ਵਿੱਚ ਇੰਦਰਾ ਗਾਂਧੀ ਦਾ ਬੁੱਤ ਲਗਾਉਣਾ ਦੰਗਾ ਪੀੜਤਾਂ ਦੇ ਜ਼ਖ਼ਮਾਂ ’ਤੇ ਲੂਣ ਛਿੜਕਣ ਦੇ ਬਰਾਬਰ: ਡਾ. ਚੀਮਾ
ਅਕਾਲੀ ਆਗੂਆਂ ਤੇ ਵਰਕਰਾਂ ਨੇ ਗੁਰਦੁਆਰਾ ਅੰਬ ਸਾਹਿਬ ਵਿੱਚ ਸਿੱਖ ਨਸਲਕੁਸ਼ੀ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਨਵੰਬਰ:
ਗੁਰਦੁਆਰਾ ਅੰਬ ਸਾਹਿਬ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਹਦਾਇਤਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ 1984 ਦੇ ਸਿੱਖ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਸਾਬਕਾ ਕੈਬਨਿਟ ਮੰਤਰੀ ਦਲਜੀਤ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਸਿੱਖ ਦੰਗਾਂ ਪੀੜਤਾਂ ਦਾ ਕੋਈ ਮਸਲਾ ਤਾਂ ਹੱਲ ਕੀ ਕਰਨਾ ਸੀ, ਹੁਣ ਉਲਟਾ ਕਾਂਗਰਸੀਆਂ ਵੱਲੋਂ ਲੁਧਿਆਣਾ ਵਿੱਚ ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਲੁਧਿਆਣਾ ਵਿੱਚ 22 ਹਜ਼ਾਰ ਦੰਗਾ ਪੀੜਤ ਸਿੱਖ ਰਹਿੰਦੇ ਹਨ ਅਤੇ ਕਾਂਗਰਸ ਵੱਲੋਂ ਉੱਥੇ ਇੰਦਰਾ ਗਾਂਧੀ ਦਾ ਬੁੱਤ ਲਗਾਉਣ ਦੀਆਂ ਗੱਲਾਂ ਕਰਕੇ ਸਿੱਖ ਦੰਗਾ ਪੀੜਤਾਂ ਦੇ ਜ਼ਖ਼ਮਾਂ ਉੱਤੇ ਲੂਣ ਛਿੜਕਿਆ ਜਾ ਰਿਹਾ ਹੈ।
ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ ਇਸ ਸਮੇਂ ਜੰਗਲ ਦਾ ਰਾਜ ਹੈ, ਕਾਂਗਰਸੀ ਮੰਤਰੀ ਖ਼ੁਦ ਅਕਾਲੀ ਆਗੂਆਂ ਦੇ ਘਰਾਂ ਅੱਗੇ ਬੜਕਾਂ ਮਾਰਕੇ ਲੋਕਾਂ ਨੂੰ ਉਕਸਾਉਂਦੇ ਹਨ ਅਤੇ ਅਕਾਲੀਆਂ ਉਪਰ ਹਮਲੇ ਕਰਵਾ ਰਹੇ ਹਨ। ਉਹਨਾਂ ਕਿਹਾ ਕਿ ਕਾਂਗਰਸੀਆਂ ਦੇ ਹਮਲੇ ਸਹਿਣ ਨਹੀਂ ਕੀਤੇ ਜਾਣਗੇ। ਉਹਨਾਂ ਕਿਹਾ ਪੂਰੇ ਪੰਜਾਬ ਵਿੱਚ ਕਾਂਗਰਸੀ ਆਗੂਆਂ ਵੱਲੋਂ ਅਕਾਲੀਆਂ ਉੱਤੇ ਚੁਣ ਚੁਣ ਕੇ ਹਮਲੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ ਦਸ ਸਾਲ ਬਾਦਲ ਸਰਕਾਰ ਦਾ ਰਾਜ ਰਿਹਾ ਹੈ, ਉਦੋਂ ਪੰਜਾਬ ਵਿੱਚ ਪੂਰੀ ਅਮਨ ਸ਼ਾਂਤੀ ਰਹੀ ਹੈ ਪਰ ਹੁਣ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਜੰਗਲ ਦਾ ਰਾਜ ਪੈਦਾ ਹੋ ਗਿਆ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਪਾਲ ਖਹਿਰਾ ਨੂੰ ਫਾਜ਼ਿਲਕਾ ਦੀ ਅਦਾਲਤ ਵੱਲੋਂ ਡਰੱਗ ਮਾਮਲੇ ਵਿੱਚ ਸੰਮਨ ਜਾਰੀ ਕੀਤੇ ਗਏ ਹਨ ਅਤੇ ਹਰ ਗਲ ਉਪਰ ਹੀ ਅਕਾਲੀਆਂ ਤੋਂ ਅਸਤੀਫ਼ੇ ਮੰਗਣ ਵਾਲੀ ਆਮ ਆਦਮੀ ਪਾਰਟੀ ਵੱਲ ਅਸੀਂ ਦੇਖ ਰਹੇ ਹਾਂ ਕਿ ਉਹ ਹੁਣ ਸੁਖਪਾਲ ਖਹਿਰਾ ਤੋਂ ਅਸਤੀਫ਼ਾ ਕਦੋਂ ਮੰਗਦੇ ਹਨ। ਉਹਨਾਂ ਕਿਹਾ ਕਿ ਦੇਸ਼ ਦੀ ਹਰ ਰਾਜ ਦੀ ਆਪਣੀ ਰਾਜਧਾਨੀ ਹੁੰਦੀ ਹੈ ਪਰ ਪੰਜਾਬ ਨੂੰ ਅਜੇ ਤੱਕ ਰਾਜਧਾਨੀ ਹੀ ਨਹੀਂ ਮਿਲੀ। ਇਸ ਤੋਂ ਇਲਾਵਾ ਹਰ ਰਾਜ ਦੀ ਰਾਜਧਾਨੀ ਵਿੱਚ ਰਾਜ ਦੀ ਭਾਸ਼ਾ ਹੀ ਮੁੱਖ ਹੁੰਦੀ ਹੈ ਪਰ ਚੰਡੀਗੜ੍ਹ ਵਿੱਚ ਪੰਜਾਬੀ ਦੀ ਥਾਂ ਅੰਗਰੇਜ਼ੀ ਪ੍ਰਧਾਨ ਕੀਤੀ ਹੋਈ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜਥੇਬੰਦਕ ਸਕੱਤਰ ਬਲਜੀਤ ਸਿੰਘ ਕੁੰਭੜਾ, ਅਕਾਲੀ ਦਲ ਜ਼ਿਲ੍ਹਾ ਸ਼ਹਿਰੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਅਕਾਲੀ ਦਲ ਦੇ ਬੀਸੀ ਸੈਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੁੱਖ ਸਿੰਘ ਸੋਹਲ, ਚੰਡੀਗੜ੍ਹ ਦੇ ਡਿਪਟੀ ਮੇਅਰ ਹਰਦੀਪ ਸਿੰਘ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਅਰਜਨ ਸਿੰਘ ਸ਼ੇਰਗਿੱਲ, ਜਗਦੀਸ਼ ਸਿੰਘ, ਕਰਮ ਸਿੰਘ ਬਬਰਾ, ਠੇਕੇਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਮਾਨ, ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ, ਕੌਂਸਲਰ ਕਮਲਜੀਤ ਸਿੰਘ ਰੂਬੀ, ਸਤਵੀਰ ਸਿੰਘ ਧਨੋਆ, ਯੂਥ ਆਗੂ ਅਮਨਦੀਪ ਸਿੰਘ ਆਬਿਆਨਾ, ਜਤਿੰਦਰਪਾਲ ਸਿੰਘ ਜੇਪੀ, ਨਰਿੰਦਰ ਸਿੰਘ ਲਾਂਬਾ, ਜਸਵੀਰ ਸਿੰਘ ਜੱਸੀ ਸਰਕਲ ਪ੍ਰਧਾਨ ਸੋਹਾਣਾ, ਬੀਬੀ ਕਸ਼ਮੀਰ ਕੌਰ ਸਾਬਕਾ ਪ੍ਰਧਾਨ ਦੰਗਾ ਪੀੜਤ ਸੁਸਾਇਟੀ, ਮਨਪ੍ਰੀਤ ਚੰਡੀਗੜ੍ਹ, ਮਹਿੰਦਰ ਸਿੰਘ ਕਾਨਪੁਰੀ, ਗੁਰਮੇਲ ਸਿੰਘ ਮੋਜੋਵਾਲ ਅਤੇ ਵੱਡੀ ਗਿਣਤੀ ਸੰਗਤਾਂ ਮੌਜੂਦ ਸਨ।