Nabaz-e-punjab.com

ਸੜਕਾਂ ’ਤੇ ਹਾਦਸਿਆਂ ਦਾ ਕਾਰਨ ਬਣ ਰਹੇ ਲਾਵਰਸ ਪਸ਼ੂਆਂ ਦੀ ਸਮੱਸਿਆ ਦੇ ਹੱਲ ਮੰਗ ਪੱਤਰ ਦਿੱਤਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਅਗਸਤ:
ਸਮਾਜ ਸੇਵੀ ਸੰਸਥਾ ਯੂਥ ਆਫ਼ ਪੰਜਾਬ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਸੰਸਥਾ ਦੇ ਇਕ ਵਫ਼ਦ ਵੱਲੋਂ ਅੱਜ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੂੰ ਮੰਗ ਪੱਤਰ ਦੇ ਕੇ ਸੜਕਾਂ ਉੱਪਰ ਹਾਦਸਿਆਂ ਦਾ ਕਾਰਨ ਬਣ ਰਹੇ ਲਾਵਾਰਸ ਪਸ਼ੂਆਂ ਦੀ ਸਮੱਸਿਆ ਦੇ ਹਲ ਲਈ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਲਾਵਾਰਸ ਪਸ਼ੂਆਂ ਕਾਰਨ ਜਿਲ੍ਹੇ ਵਿਲ਼ਚ ਹਰ ਰੋਜ ਅਨੇਕਾਂ ਹਾਦਸੇ ਹੁੰਦੇ ਹਨ, ਜੋ ਕਈ ਵਾਰ ਜਾਨਲੇਵਾ ਸਾਬਤ ਹੁੰਦੇ ਹਨ। ਕਈ ਵਾਰ ਲੋਕ ਇਹਨਾਂ ਪਸ਼ੂਆਂ ਕਾਰਨ ਵਾਪਰਦੇ ਸੜਕ ਹਾਦਸਿਆਂ ਕਾਰਨ ਜਿੰਦਗੀ ਭਰ ਲਈ ਅਪਾਹਜ ਹੋ ਜਾਂਦੇ ਹਨ।
ਪੱਤਰ ਵਿੱਚ ਕਿਹਾ ਗਿਆ ਹੈ ਕਿ ਇਹ ਆਵਾਰਾ ਪਸ਼ੂ ਆਸ ਪਾਸ ਦੇ ਕਿਸਾਨਾਂ ਦੀਆਂ ਫਸਲਾਂ ਦਾ ਵੀ ਬਹੁਤ ਨੁਕਸਾਨ ਕਰਦੇ ਹਨ। ਇਹਨਾਂ ਪਸ਼ੂਆਂ ਦੇ ਝੁੰਡ ਕਈ ਵਾਰ ਸੜਕ ਵਿਚਕਾਰ ਬੈਠੇ ਰਹਿੰਦੇ ਹਨ ਜਿਸ ਨਾਲ ਆਵਾਜਾਈ ਵਿੱਚ ਵਿਘਨ ਤਾਂ ਪੈਂਦਾ ਹੀ ਹੈ ਸਗੋਂ ਕਈ ਕਈ ਕਿਲੋਮੀਟਰ ਲਮਬੇ ਜਾਮ ਲੱਗ ਜਾਂਦੇ ਹਨ, ਜਿਸ ਵਿੱਚ ਫਾਇਰ ਬ੍ਰਿਗੇਡ-ਐੱਬੂਲੈਂਸ ਵੀ ਫਸ ਕੇ ਰਹਿ ਜਾਂਦੀ ਹੈ। ਜਿਨ੍ਹਾਂ ਕਾਰਨ ਕਈ ਵਾਰ ਐਮਰਜੈਂਸੀ ਸੇਵਾਵਾਂ ਵੀ ਪ੍ਰਭਾਵਿਤ ਹੋ ਜਾਂਦੀਆਂ ਹਨ। ਕਈ ਵਾਰ ਇਹ ਅਵਾਰਾ ਪਸ਼ੂ ਰਸਤੇ ਵਿੱਚ ਆਉੱਦੇ ਜਾਂਦੇ ਕਿਸੇ ਰਾਹੀ ਨੂੰ ਅਚਾਨਕ ਟੱਕਰ ਮਾਰ ਦਿੰਦੇ ਹਨ ਜਿਸ ਕਾਰਨ ਕਈ ਇਨਸਾਨਾਂ ਦੀ ਜਾਨ ਵੀ ਜਾ ਚੁੱਕੀ ਹੈ। ਕਈ ਵਾਰ ਇਹਨਾਂ ਅਵਾਰਾ ਪਸ਼ੂਆਂ ਦਾ ਸੜਕ ਹਾਦਸਿਆਂ ਜਾਂ ਕੁਦਰਤੀ ਤੌਰ ਤੇ ਮਰਨ ਉਪਰੰਤ ਮ੍ਰਿਤਕ ਸ਼ਰੀਰ ਕਈ ਕਈ ਦਿਨ ਸੜਦਾ ਰਹਿੰਦਾ ਹੈ ਜੋ ਗੰਦਗੀ ਤੋਂ ਇਲਾਵਾ ਹਵਾ ਪ੍ਰਦੂਸ਼ਣ ਵੀ ਕਰਦਾ ਹੈ।
ਸੰਸਥਾ ਨੇ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਹਨਾਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਹੱਲ ਕੀਤਾ ਜਾਵੇ ਤਾਂ ਕਿ ਇਹਨਾਂ ਸੜਕੀ ਹਾਦਸਿਆਂ ਅਤੇ ਕਿਸਾਨਾਂ ਦੇ ਨਿੱਤ ਦਿਨ ਦੇ ਹੋ ਰਹੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਮੌਕੇ ਸੰਸਥਾ ਦੇ ਪ੍ਰਧਾਨ ਰਮਾਕਾਂਤ ਕਾਲੀਆ, ਸਰਪ੍ਰਸਤ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ, ਮੀਤ ਪ੍ਰਧਾਨ ਬੱਬੂ ਮੁਹਾਲੀ, ਚੀਫ ਕੁਆਰਡੀਨੇਟਰ ਜਗਵਿੰਦਰ ਸਿੰਘ, ਜਨਰਲ ਸਕੱਤਰ ਲੱਕੀ ਕਲਸੀ, ਕੈਸ਼ੀਅਰ ਸਤਨਾਮ ਧੀਮਾਨ, ਮੀਡੀਆ ਕੋਆਰਡੀਨੇਟਰ ਐਡਵੋਕੇਟ ਸਿਮਰਨਜੀਤ ਕੌਰ ਗਿਲ਼ਲ, ਅੰਮ੍ਰਿਤ ਜੌਲੀ, ਗੁਰਜੀਤ ਮਾਮਾ, ਮਨਦੀਪ ਸਿੰਘ, ਜਗਤਾਰ ਸਿੰਘ, ਜੰਗ ਬਹਾਦਰ, ਕੁਲਦੀਪ ਬਾਵਾ, ਸੰਜੇ ਕੁਮਾਰ, ਅਸ਼ੀਸ਼ ਨੋਨੀ ਕੁਰਾਲੀ, ਜੱਗੀ ਸਰਪੰਚ, ਮਨਿੰਦਰ ਬਿੱਟੂ, ਵਿੱਕੀ ਮਨੌਲੀ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ

ਗੁਰਦੁਆਰਾ ਸੰਤ ਮੰਡਲ ਅੰਗੀਠਾ ਸਾਹਿਬ ਵਿੱਚ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਸਮਾਗਮ ਸਮਾਪਤ ਵੱਡੀ ਗਿਣਤੀ ਵਿੱਚ ਸ਼ਖ਼…