
ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੀ ਮੀਟਿੰਗ ਵਿੱਚ ਸਮੱਸਿਆਵਾਂ ’ਤੇ ਚਰਚਾ
ਆਵਾਰਾ ਕੁੱਤਿਆਂ ਦੀ ਸਮੱਸਿਆ ਤੋਂ ਲੋਕ ਅੌਖੇ, ਪ੍ਰਸ਼ਾਸਨ ’ਤੇ ਬਣਦੀ ਕਾਰਵਾਈ ਨਾ ਕਰਨ ਦਾ ਦੋਸ਼
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਫਰਵਰੀ:
ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼-4 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਪ੍ਰਧਾਨ ਹਰਭਜਨ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ। ਮੀਟਿੰਗ ਵਿੱਚ ਇਲਾਕੇ ਦੇ ਅਕਾਲੀ ਕੌਂਸਲਰ ਤੇ ਸਰਪ੍ਰਸਤ ਗੁਰਮੁੱਖ ਸਿੰਘ ਸੋਹਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜਿਸ ਵਿੱਚ ਫੇਜ਼-4 ਦੇ ਸਰਬਪੱਖੀ ਵਿਕਾਸ ਅਤੇ ਸਾਫ਼-ਸਫ਼ਾਈ ਸਬੰਧੀ ਦਰਪੇਸ਼ ਮੁਸ਼ਕਲਾਂ ਸਮੇਤ ਹੋਰ ਕਈ ਅਹਿਮ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਾਜ਼ਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਕਾਰਜਕਾਰੀ ਕਮੇਟੀ ਦੇ ਮੈਂਬਰਾਂ ਨੇ ਰਿਹਾਇਸ਼ੀ ਖੇਤਰ ਫੇਜ਼-4 ਵਿੱਚ ਆਵਾਰਾ ਕੁੱਤਿਆਂ ਦੀ ਸਮੱਸਿਆ ’ਤੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਹੁਣ ਤੱਕ ਕਾਫੀ ਲੋਕਾਂ ਨੂੰ ਆਵਾਰਾ ਕੁੱਤਿਆਂ ਵੱਲੋਂ ਵੱਢਿਆ ਜਾ ਚੁੱਕਾ ਹੈ। ਇਸ ਸਮੱਸਿਆ ਦੇ ਹੱਲ ਲਈ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਨਿਗਮ ਨੂੰ ਲਿਖਤੀ ਰੂਪ ਵਿੱਚ ਸ਼ਿਕਾਇਤਾਂ ਦਿੱਤੀਆਂ ਗਈਆਂ ਹਨ ਪ੍ਰੰਤੂ ਹੁਣ ਸਗੋਂ ਇਹ ਸਮੱਸਿਆ ਪਹਿਲਾਂ ਨਾਲੋਂ ਵੀ ਜ਼ਿਆਦਾ ਵਧਦੀ ਜਾ ਰਹੀ ਹੈ।
ਚੇਅਰਮੈਨ ਸੁਰਿੰਦਰ ਸਿੰਘ ਸੋਢੀ ਅਤੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੀਟਿੰਗ ਵਿੱਚ ਇਕ ਮਤਾ ਪਾਸ ਕਰਕੇ ਫੇਜ਼-4 (ਅੱਠ ਮਰਲਾ ਅਤੇ 10 ਮਰਲਾ ਮਕਾਨਾਂ) ਦੇ 5 ਤੋਂ 13 ਸਾਲ ਦੇ ਬੱਚਿਆਂ ਲਈ 12ਵਾਂ ਖੇਡ ਮੁਕਾਬਲਾ 29 ਮਾਰਚ ਨੂੰ ਕਰਵਾਉਣ ਦਾ ਫੈਸਲਾ ਲਿਆ ਗਿਆ। ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਐਸੋਸੀਏਸ਼ਨ ਵੱਲੋਂ ਹਰੇਕ ਸਾਲ ਅਜਿਹੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਜੇਤੂ ਬੱਚਿਆਂ ਨੂੰ ਤਗਮੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ। ਅਕਾਲੀ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਦੱਸਿਆ ਕਿ ਬੱਚਿਆਂ ਦੀ ਉਮਰ ਅਨੁਸਾਰ ਵੱਖ ਵੱਖ ਗਰੁੱਪਾਂ ਵਿੱਚ ਲੜਕੇ ਅਤੇ ਲੜਕੀਆਂ ਲਈ 20 ਮਾਰਚ ਤੱਕ ਅਰਜ਼ੀਆਂ ਪ੍ਰਾਪਤ ਕੀਤੀਆਂ ਜਾਣਗੀਆਂ। ਇਸ ਸਬੰਧੀ ਮਾਰਚ ਦੇ ਦੂਜੇ ਹਫ਼ਤੇ ਇਸ਼ਤਿਹਾਰ ਘਰ ਘਰ ਪੁੱਜਦੇ ਕੀਤੇ ਜਾਣਗੇ।
ਮੀਟਿੰਗ ਵਿੱਚ ਸੀਨੀਅਰ ਮੀਤ ਪ੍ਰਧਾਨ ਦਿਆਲ ਸਿੰਘ, ਮੀਤ ਪ੍ਰਧਾਨ ਐਸਪੀ ਵਾਤਿਸ਼, ਜਥੇਬੰਦਕ ਸਕੱਤਰ ਆਰਡੀ ਕੌਸ਼ਲ, ਵਿੱਤ ਸਕੱਤਰ ਤਰਲੋਕ ਸਿੰਘ, ਪ੍ਰੈੱਸ ਸਕੱਤਰ ਜਤਿੰਦਰ ਵਰਮਾ, ਆਡੀਟਰ ਅਮਰਜੀਤ ਸਿੰਘ ਕੋਹਲੀ, ਸਰਬਜੀਤ ਸਿੰਘ, ਮਦਨਜੀਤ ਅਰੋੜਾ, ਸੁਸ਼ੀਲ ਗੁਪਤਾ, ਹਰਪਾਲ ਸਿੰਘ ਸੈਣੀ ਅਤੇ ਹੋਰ ਮੈਂਬਰ ਹਾਜ਼ਰ ਸਨ।