ਆਈਟੀ ਸਿਟੀ ਮੁਹਾਲੀ ਵਿੱਚ ਗੰਦਗੀ ਦੀ ਭਰਮਾਰ, ਗੰਦਗੀ ਨੇ ਵਿਗਾੜਿਆ ਸ਼ਹਿਰ ਦਾ ਹੁਲੀਆ, ਸ਼ਹਿਰ ਵਾਸੀ ਤੇ ਰਾਹਗੀਰ ਅੌਖੇ

ਕਾਗਜਾਂ ਵਿੱਚ ਸਫ਼ਾਈ ਕਾਰਜਾਂ ’ਤੇ ਲੱਖਾਂ ਰੁਪਏ ਖਰਚ, ਨਤੀਜਾ ਜ਼ੀਰੋ, ਸ਼ਿਕਾਇਤਾਂ ਦੇਣ ਦੇ ਬਾਵਜੂਦ ਅਧਿਕਾਰੀ ਬੇਪ੍ਰਵਾਹ

ਅਮਰਜੀਤ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਅਕਤੂਬਰ:
ਆਈਟੀ ਸਿਟੀ ਮੁਹਾਲੀ ਵਿੱਚ ਗੰਦਗੀ ਦੀ ਭਰਮਾਰ ਅਤੇ ਕਈ ਇਲਾਕਿਆਂ ਵਿੱਚ ਦੂਸ਼ਿਤ ਪਾਣੀ ਦੀ ਸਪਲਾਈ ਕਾਰਨ ਲਗਾਤਾਰ ਬਿਮਾਰੀਆਂ ਫੈਲ ਰਹੀਆਂ ਹਨ। ਉਂਜ ਵੀ ਬੇਸ਼ੁਮਾਰ ਗੰਦਗੀ ਨੇ ਵਰਲਡ ਕਲਾਸ ਸਿਟੀ ਦਾ ਹੁਲੀਆ ਵਿਗਾੜ ਕੇ ਰੱਖ ਦਿੱਤਾ ਹੈ। ਜੇਕਰ ਬਲੌਂਗੀ ਵਾਲੇ ਪਾਸਿਓਂ ਮੁਹਾਲੀ ਵਿੱਚ ਆਉਣਾ ਹੋਵੇ ਤਾਂ ਐਨ ਐਂਟਰੀ ਪੁਆਇੰਟ ’ਤੇ ਬਲੌਂਗੀ ਪੁਲ ਦੇ ਕੰਢਿਆਂ ਅਤੇ ਸੇਲ ਟੈਕਸ ਬੈਰੀਅਰ ਤੋਂ ਮੁਹਾਲੀ ਪਹੁੰਚ ਸੜਕ ’ਤੇ ਗੰਦਗੀ ਅਤੇ ਸੜਕ ਵਿਚਕਾਰ ਪਏ ਡੂੰਘੇ ਖੱਡੇ ਰਾਹਗੀਰਾਂ ਦਾ ਸਵਾਗਤ ਕਰਦੀ ਹੈ। ਹਾਲਾਂਕਿ ਕਾਗਜਾਂ ਵਿੱਚ ਸਫ਼ਾਈ ਕਾਰਜਾਂ ’ਤੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਪ੍ਰੰਤੂ ਨਤੀਜਾ ਜ਼ੀਰੋ ਹੈ ਅਤੇ ਲੋਕਾਂ ਵੱਲੋਂ ਸ਼ਿਕਾਇਤਾਂ ਦੇਣ ਦੇ ਬਾਵਜੂਦ ਅਧਿਕਾਰੀ ਬੇਪ੍ਰਵਾਹ ਹਨ। ਇਸੇ ਤਰ੍ਹਾਂ ਮੁਹਾਲੀ ਪਿੰਡ ਦੇ ਬਾਹਰਵਾਰ ਮੁੱਖ ਸੜਕ ਕਿਨਾਰੇ ਥਾਂ ਥਾਂ ਗੰਦਗੀ ਦੇ ਢੇਰ ਲੱਗੇ ਹੋਏ ਹਨ। ਜਿਸ ਕਾਰਨ ਇਧਰੋਂ ਲੰਘਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਲੌਂਗੀ ਬਾਈਪਾਸ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਸੋਢੀ, ਮੀਤ ਪ੍ਰਧਾਨ ਅਨਿਲ ਬਾਂਸਲ ਅਤੇ ਜਨਰਲ ਸਕੱਤਰ ਨਰੇਸ਼ ਕੁਮਾਰ ਨੇਸ਼ੀ ਨੇ ਦੱਸਿਆ ਕਿ ਬਲੌਂਗੀ ਬੈਰੀਅਰ ਤੋਂ ਮੁਹਾਲੀ ਸੜਕ ਦੇ ਕਿਨਾਰੇ ਕਾਫੀ ਗੰਦਗੀ ਫੈਲੀ ਹੋਈ ਹੈ। ਇਸ ਸਬੰਧੀ ਪੰਚਾਇਤ ਵਿਭਾਗ ਅਤੇ ਗਮਾਡਾ ਅਧਿਕਾਰੀਆਂ ਨੂੰ ਕਈ ਵਾਰ ਕੂੜਾ ਕਰਕਟ ਚੁੱਕਣ ਦੀ ਅਪੀਲ ਕੀਤੀ ਗਈ ਹੈ ਲੇਕਿਨ ਕੋਈ ਕਰਮਚਾਰੀ ਗੰਦਗੀ ਚੁੱਕਣ ਨਹੀਂ ਆ ਰਿਹਾ। ਇਸ ਤੋਂ ਪਹਿਲਾਂ ਦੁਕਾਨਦਾਰਾਂ ਨੇ ਆਪਣੇ ਪੱਲਿਓਂ ਪੈਸੇ ਇਕੱਠੇ ਕਰਕੇ ਸਫ਼ਾਈ ਕਰਵਾਈ ਗਈ ਸੀ ਪ੍ਰੰਤੂ ਹੁਣ ਫਿਰ ਬੈਰੀਅਰ ਟੀ ਪੁਆਇੰਟ ਤੋਂ ਲੈ ਕੇ ਸਿੱਖ ਅਜਾਇਬ ਘਰ ਨੇੜਲੇ ਪੁਲ ਤੱਕ ਗੰਦਗੀ ਹੀ ਗੰਦਗੀ ਫੈਲੀ ਹੋਈ ਹੈ। ਦੁਕਾਨਦਾਰਾਂ ਨੇ ਸਾਲ ਵਿੱਚ ਇੱਕ ਵਾਰ ਉਦੋਂ ਸਫ਼ਾਈ ਜ਼ਰੂਰ ਹੁੰਦੀ ਹੈ ਜਦੋਂ ਪੀਸੀਏ ਸਟੇਡੀਅਮ ਵਿੱਚ ਕ੍ਰਿਕਟ ਮੈਚ ਹੋਣੇ ਹੁੰਦੇ ਹਨ।
ਜਾਣਕਾਰੀ ਅਨੁਸਾਰ ਬਾਦਲ ਵਜ਼ਾਰਤ ਵੇਲੇ ਮੁਹਾਲੀ ਦੀਆਂ ਪ੍ਰਮੁੱਖ ਸੜਕਾਂ ਦੀ ਸਫ਼ਾਈ ਦਾ ਠੇਕਾ ਇੱਕ ਸੀਨੀਅਰ ਅਕਾਲੀ ਆਗੂ ਦੀ ਪ੍ਰਾਈਵੇਟ ਕੰਪਨੀ ਨੂੰ ਦਿੱਤਾ ਗਿਆ ਸੀ। ਇਸ ਮਸ਼ੀਨੀ ਸਫ਼ਾਈ ਦਾ ਉਦਘਾਟਨ ਵੀ ਉਸ ਸਮੇਂ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ ਸੀ ਲੇਕਿਨ ਹੁਣ ਜ਼ਿਆਦਾਤਰ ਇਲਾਕਿਆਂ ਵਿੱਚ ਸਫ਼ਾਈ ਕਾਫੀ ਮਾੜਾ ਹਾਲ ਹੈ। ਕੁੱਝ ਦਿਨ ਪਹਿਲਾਂ ਹੀ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੇ ਮੀਡੀਆ ਨੂੰ ਨਾਲ ਲੈ ਕੇ ਰਾਤੀ 12 ਵਜੇ ਮਸ਼ੀਨੀ ਸਫ਼ਾਈ ਦਾ ਜਾਇਜ਼ਾ ਲਿਆ ਸੀ ਅਤੇ ਇਸ ਦੌਰਾਨ ਕਾਫੀ ਊਣਤਾਈਆਂ ਮਿਲੀਆਂ ਸਨ। ਹਾਲਾਂਕਿ ਇਸ ਸਬੰਧੀ ਨਗਰ ਨਿਗਮ ਦੇ ਅਸਿਸਟੈਂਟ ਕਮਿਸ਼ਨ ਸਰਬਜੀਤ ਸਿੰਘ ਨੇ ਠੇਕੇਦਾਰ ਵਿਰੁੱਧ ਬਣਦੀ ਕਾਰਵਾਈ ਅਤੇ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਦਾ ਭਰੋਸਾ ਦਿੱਤਾ ਸੀ ਲੇਕਿਨ ਅੱਜ ਵੀ ਸਥਿਤੀ ਜਿਊਂ ਦੀ ਤਿਊਂ ਬਰਕਰਾਰ ਹੈ।
ਜ਼ਿਲ੍ਹਾ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਪਰਮਜੀਤ ਸਿੰਘ ਕਾਹਲੋਂ, ਭਾਜਪਾ ਦੇ ਕੌਂਸਲਰ ਅਰੁਣ ਸ਼ਰਮਾ, ਅਸ਼ੋਕ ਝਾਅ ਅਤੇ ਦਲਿਤ ਚੇਤਨਾ ਮੰਚ ਦੇ ਪ੍ਰਧਾਨ ਸ਼ਮਸ਼ੇਰ ਪੁਰਖਾਲਵੀ ਨੇ ਕਿਹਾ ਕਿ ਸ਼ਹਿਰ ਦੇ ਜ਼ਿਆਦਾਤਰ ਐਂਟਰੀ ਪੁਆਇੰਟਾਂ ’ਤੇ ਸਫ਼ਾਈ ਦਾ ਬੂਰਾ ਹਾਲ ਹੈ। ਬਲੌਂਗੀ ਪੁਲ, ਸਨਅਤੀ ਏਰੀਆ, ਜਗਤਪੁਰਾ ਟੀ ਪੁਆਇੰਟ, ਫੇਜ਼-2 ਦੀ ਮਾਰਕੀਟ, ਸ਼ਾਹੀ ਮਾਜਰਾ, ਮਟੌਰ, ਕੁੰਭੜਾ ਅਤੇ ਮਦਨਪੁਰਾ ਸਮੇਤ ਕਈ ਹੋਰਨਾਂ ਇਲਾਕਿਆਂ ਵਿੱਚ ਅਕਸਰ ਕਾਫੀ ਗੰਦਗੀ ਪਈ ਦੇਖੀ ਜਾ ਸਕਦੀ ਹੈ। ਇਤਿਹਾਸਕ ਨਗਰ ਸੋਹਾਣਾ ਦਾ ਵੀ ਇਹੀ ਹਾਲ ਹੈ। ਅਕਾਲੀ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਤੇ ਸੁਰਿੰਦਰ ਸਿੰਘ ਰੋਡਾ ਨੇ ਕਿਹਾ ਕਿ ਨਗਰ ਨਿਗਮ ਦੀਆਂ ਮੀਟਿੰਗਾਂ ਵਿੱਚ ਸਫ਼ਾਈ ਦਾ ਮੁੱਦਾ ਹਮੇਸ਼ਾ ਹੀ ਭਾਰੂ ਰਿਹਾ ਹੈ ਲੇਕਿਨ ਮੌਜੂਦਾ ਹਾਲਾਤਾਂ ਨੂੰ ਇੰਝ ਜਾਪਦਾ ਹੈ ਜਿਵੇਂ ਸਿਰਫ਼ ਕਾਰਜਾਂ ਵਿੱਚ ਹੀ ਸਫ਼ਾਈ ਹੋ ਰਹੀ ਹੈ ਅਤੇ ਅਸਲੀਅਤ ਕੋਹਾਂ ਦੂਰ ਹੈ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…