Nabaz-e-punjab.com

ਮਨਜਿੰਦਰ ਸਿਰਸਾ ਦੇ ਗੁਰਮੁਖੀ ਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣਾ ਮੰਦਭਾਗਾ: ਬੀਰਦਵਿੰਦਰ ਸਿੰਘ

ਸਾਰੀ ਸਿੱਖ ਕੌਮ ਲਈ ਵੱਡੀ ਨਮੋਸ਼ੀ ਦਾ ਕਾਰਨ ਬਣੀ ਸਾਬਕਾ ਪ੍ਰਧਾਨ ਦੀ ਅਣਜਾਣਤਾ: ਬੀਰ ਦਵਿੰਦਰ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਸਤੰਬਰ:
ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਣਾ ਸਾਰੀ ਸਿੱਖ ਕੌਮ ਲਈ ਵੱਡੀ ਨਮੋਸ਼ੀ ਦੀ ਵਜ੍ਹਾ ਬਣ ਗਈ ਹੈ। ਇਸ ਅਫ਼ਸੋਸਨਾਕ ਵਰਤਾਰੇ ਨਾਲ ਸਿੱਖ ਕੌਮ ਦੀ ਸ਼ੋਭਾ ਅਤੇ ਸਿਆਣਪ ਨੂੰ ਵੱਡੀ ਢਾਅ ਲੱਗੀ ਹੈ। ਇਹ ਗੱਲ ਸ਼੍ਰ੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਆਖੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸਿੱਖ ਕੌਮ ਦੀਆਂ ਦੋ ਅਜਿਹੀਆਂ ਅਜ਼ੀਮ ਸੰਸਥਾਵਾਂ ਹਨ, ਜੋ ਸਮੁੱਚੀ ਸਿੱਖ ਕੌਮ ਦੇ ਬੁੱਧੀ-ਵਿਵੇਕ ਦਾ ਦਰਪਣ ਮੰਨੀਆਂ ਜਾਂਦੀਆਂ ਹਨ।
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਜੇਕਰ ਦਿੱਲੀ ਸਿੱਖ ਗੁਰਦਵਾਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਹੀ, ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ, ਤਾਂ ਕੀ ਫਿਰ ਸਾਰੀ ਦੁਨੀਆਂ ਸਾਡਾ ਮਜ਼ਾਕ ਨਹੀਂ ਉਡਾਏਗੀ? ਇਸ ਤੋਂ ਵੀ ਵੱਧ ਸ਼ਰਮ ਅਤੇ ਨਮੋਸ਼ੀ ਦੀ ਗੱਲ ਇਹ ਹੈ, ਕਿ ਜਦੋਂ ਮਨਜਿੰਦਰ ਸਿੰਘ ਸਿਰਸਾ ਦੀ ਉਮੀਦਵਾਰੀ ਨੂੰ ਦਿੱਲੀ ਦੀਆ ਸਿੱਖ ਸੰਗਤਾਂ ਨੇ ਵੋਟ ਰਾਹੀਂ ਰੱਦ ਕਰ ਦਿੱਤਾ ਹੈ ਤਾਂ ਅਜਿਹੇ ਸਕਸ਼ ਨੂੰ, ਕਾਹਲੀ ਨਾਲ ਚੋਰ ਦਰਵਾਜੇ ਰਾਹੀਂ, ਸੁਖਬੀਰ ਸਿੰਘ ਬਾਦਲ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਉੱਤੇ ਆਪਣਾ ਸਿਆਸੀ ਦਬਾਓ ਪਾ ਕੇ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਦੁਬਾਰਾ ਪ੍ਰਧਾਨ ਬਣਾਉਣ ਲਈ ਕਿਉਂ ਨਾਮਜ਼ਦ ਕੀਤਾ ਗਿਆ?
ਕੀ ਸਿੱਖ ਕੌਮ ਪਾਸ ਅਜਿਹੇ ਅਲਪਬੁੱਧੀ ਵਿਅਕਤੀ ਤੋਂ ਬਿਨਾਂ, ਹੋਰ ਕੋਈ ਵੀ ਯੋਗ ਵਿਅਕਤੀ ਨਹੀਂ ਹੈ? ਹੁਣ ਤਾਂ ਸਾਰੀ ਦੁਨੀਆ ਇਹ ਸੋਚਦੀ ਹੋਵੇਗੀ, ਕਿ ਸਿੱਖ ਕੌਮ ਆਪਣੇ ਅਜਿਹੇ ਆਗੂ ਨੂੰ ਚੁਣ ਕੇ, ਗੁਰਦਵਾਰਿਆਂ ਦਾ ਪ੍ਰਬੰਧ ਉਨ੍ਹਾਂ ਦੇ ਹਵਾਲੇ ਕਰ ਦਿੰਦੀ ਹੈ ਜੋ ਗੁਰਮੁਖੀ ਅਤੇ ਗੁਰਬਾਣੀ, ਦੋਹਵਾਂ ਦੇ ਹੀ ਗਿਆਨ ਤੋਂ ਸੱਖਣੇ ਹਨ। ਗੁਰੂ ਨਾਨਕ ਦੇਵ ਜੀ ਗੁਰਬਾਣੀ ਰਾਹੀ ਅਜੇਹੀ ਕੂੜ ਵਿਵਸਥਾ ਤੋਂ ਗੁਰਮੁਖਾ ਨੂੰ ਸੁਚੇਤ ਰਹਿਣ ਦੀ ਪ੍ਰੇਰਨਾ ਕਰਦੇ ਹਨ ਅਤੇ ਫੁਰਮਾਉਂਦੇ ਹਨ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ॥
ਆਪਿ ਮੁੈ ਮਤਿ ਹੋਛੀਐ ਕਿਉ ਰਾਹੁ ਪਛਾਣੈ॥
(ਅੰਗ-766, ਸ੍ਰੀ ਗੁਰੂ ਗ੍ਰੰਥ ਸਾਹਿਬ)
(ਅਰਥਾਤ: ਜੇਕਰ ਇੱਕ ਅੰਨ੍ਹੇ ਮਨੁਖ ਨੂੰ ਮੁਖੀਆ ਮੰਨ ਲਿਆਜਾਵੇ, ਉਹ ਠੀਕ ਰਸਤੇ ਨੂੰ ਕਿਸ ਤਰ੍ਹਾਂ ਪਛਾਣ ਸਕੇਗਾ। ਜਦੋਂ ਉਸ ਦੀ ਆਪਣੀ ਸਮਝ ਹੀ ਤੁੱਛ ਹੈ ਅਤੇ ਉਹ ਖ਼ੁਦ ਹੀ ਠੱਗਿਆ ਹੋਇਆ ਹੈ ਤਾਂ ਉਸਦੇ ਚੇਲੇ ਕਿਵੇਂ ਸਹੀ ਰਸਤਿਆਂ ਦੀ ਪਛਾਣ ਕਰ ਸਕਦੇ ਹਨ)। ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਕਿ ਉਹ ਇਸ ਨਮੋਸ਼ੀਜਨਕ ਘਟਨਾ ਦਾ ਸਖ਼ਤ ਨੋਟਿਸ ਲੈਂਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੂੰ ਗੁਰਮੁਖੀ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਜਾਣ ਕਾਰਨ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਤਲਬ ਕਰਨ ਅਤੇ ਹਦਾਇਤ ਕਰਨ ਕਿ ਉਹ ਹਰ ਰੋਜ਼ ਗੁਰਮੁਖੀ ਸਿੱਖਣ ਅਤੇ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਅਭਿਆਸ ਕਰਨ ਅਤੇ ਦੋ ਮਹੀਨੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਜ਼ੇਰ-ਏ-ਨਿਗਰਾਨੀ ਉਨ੍ਹਾਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇ ਅਤੇ ਉਸ ਤੋਂ ਬਾਅਦ ਹੀ ਉਹ ਕਿਸੇ ਸਿੱਖ ਪਦਵੀ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ।
ਸਾਬਕਾ ਡਿਪਟੀ ਸਪੀਕਰ ਨੇ ਕਿਹਾ ਕਿ ਜੇਕਰ ਅਜਿਹੀ ਹੀ ਪ੍ਰੀਖਿਆ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰਨਾਂ ਆਗੂਆਂ ਦੀ ਲਈ ਜਾਵੇ ਤਾਂ ਉਹ ਯਕੀਨੀ ਤੌਰ ’ਤੇ ਮਨਜਿੰਦਰ ਸਿੰਘ ਸਿਰਸਾ ਤੋਂ ਵੀ ਵੱਡਾ ‘ਚੰਦ ਚਾੜ੍ਹਨ’ ਦੇ ਸਮਰਥ ਸਾਬਤ ਹੋਣਗੇ। ਉਨ੍ਹਾਂ ਸਮੂਹ ਸਿੱਖ ਸਭਾਵਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਸਿੰਘ ਸਭਾ ਗੁਰਦਵਾਰੇ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਨੂੰ ਸੱਦਾ ਦੇ ਕੇ ਉਨ੍ਹਾਂ ਪਾਸੋਂ ‘ਪੈਂਤੀਸ ਅੱਖਰੀ’ ਜਾਂ ਨਿੱਤ ਨੇਮ ਦੀਆਂ ਪੰਜ ਬਾਣੀਆਂ ਜ਼ਰੂਰ ਸਰਵਣ ਕਰਨ, ਯਕੀਨ ਜਾਣਿਓ ਕਿ ਅਜਿਹਾ ਅਨੰਦ ਆਵੇਗਾ, ਜਿਸ ਦਾ ਅੰਦਾਜ਼ਾ ਲਗਾਉਣਾ ਵੀ ਸਿੱਖ ਸੰਗਤਾਂ ਲਈ ਮੁਸ਼ਕਲ ਹੋਵੇਗਾ।

Load More Related Articles
Load More By Nabaz-e-Punjab
Load More In Awareness/Campaigns

Check Also

Gian Jyoti announces scholarships for African students

Gian Jyoti announces scholarships for African students Nabaz-e-Punjab, Mohali, March 2, 20…