
ਬੇਅਦਬੀ ਘਟਨਾਵਾਂ ਬਾਰੇ ਵਿਧਾਨ ਸਭਾ ਵਿੱਚ ਬੋਲਣ ਦਾ ਸਮਾਂ ਨਾ ਦੇਣਾ ਮੰਦਭਾਗਾ
ਹੁਕਮਰਾਨਾਂ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ: ਭਾਈ ਗੁਰਪ੍ਰੀਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਪੰਜਾਬ ਵਿਧਾਨ ਸਭਾ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੀਆਂ ਘਟਨਾਵਾਂ ਬਾਰੇ ਬੋਲਣ ਦਾ ਸਮਾਂ ਨਾ ਦੇ ਕੇ ਹੁਕਮਰਾਨਾਂ ਨੇ ਸਿੱਖ ਹਿਰਦਿਆਂ ਨੂੰ ਵਲੂੰਧਰ ਕੇ ਰੱਖ ਦਿੱਤਾ ਹੈ। ਜਿੱਥੇ ਵਿਧਾਇਕਾਂ ਨੇ ਟੋਬਿਆਂ ਅਤੇ ਨਾਲਿਆਂ ਦੀਆਂ ਗੱਲਾਂ ਤਾਂ ਬਹੁਤ ਕੀਤੀਆਂ ਪਰ ਬੇਅਦਬੀ ਬਾਰੇ ਬੋਲਣ ਲਈ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਸਮਾਂ ਨਹੀਂ ਦਿੱਤਾ ਗਿਆ। ਅੱਠੇ ਪਹਿਰ ਟਹਿਲ ਸੇਵਾ ਲਹਿਰ ਦੇ ਮੁੱਖ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਸਨਮਾਨ ਕਰਨ ਮੌਕੇ ਸਾਂਝੇ ਕੀਤੇ। ਪੰਜਾਬ ਵਿੱਚ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਪਿਛਲੇ ਲੰਮੇ ਸਮੇਂ ਤੋਂ ਜੂਝ ਰਹੀ ਟਹਿਲ ਸੇਵਾ ਲਹਿਰ ਵੱਲੋਂ ਹਾਅ ਦਾ ਨਾਅਰਾ ਮਾਰਨ ਲਈ ਕੁੰਵਰ ਵਿਜੈ ਪ੍ਰਤਾਪ ਸਿੰਘ ਦਾ ਧੰਨਵਾਦ ਅਤੇ ਸਨਮਾਨ ਉਨ੍ਹਾਂ ਦੇ ਸਰਕਾਰੀ ਨਿਵਾਸ ’ਤੇ ਕੀਤਾ ਗਿਆ।
ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ 24 ਤਰੀਕ ਨੂੰ ਨੋਟਿਸ ਦੇ ਕੇ ਕੁੰਵਰ ਸਾਹਿਬ ਨੇ 28 ਨੂੰ ਬੇਅਦਬੀਆਂ ਬਾਰੇ ਬਹਿਸ ਕਰਾਉਣ ਲਈ ਧਿਆਨ ਦਿਵਾਊ ਮਤਾ ਪੇਸ਼ ਕੀਤਾ ਸੀ। ਜਿਸ ਨੂੰ ਕਿ ਲੰਬਾ ਅਤੇ ਸਹੀ ਫਾਰਮੈਟ ਦਾ ਨਾ ਹੋਣ ਕਾਰਨ ਅਸਵੀਕਾਰ ਕਰ ਦਿੱਤਾ ਗਿਆ, ਜਦੋਂਕਿ ਮਹਿਜ਼ ਢਾਈ ਸਫ਼ਿਆਂ ਦਾ ਇਹ ਮਤਾ ਸੀ। ਪਹਿਲੀ ਵਾਰੀ ਵਿਧਾਇਕ ਬਣੇ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਮਤਾ ਤਿਆਰ ਕਰਨ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਣ ਕਾਰਨ, ਇਸ ਨੂੰ ਛੋਟਾ ਅਤੇ ਦਰੁਸਤ ਕਰਕੇ, ਸਮਾਂ ਦੇਣ ਦੀ ਮੰਗ ਕੀਤੀ ਗਈ। ਜਿਸ ਦਾ ਕੋਈ ਜਵਾਬ ਨਾ ਆਇਆ, ਅਖੀਰ ਆਖ਼ਰੀ ਦਿਨ ਉਨ੍ਹਾਂ ਖੁਦ ਖੜ੍ਹੇ ਹੋ ਕੇ ਦੱਸ ਮਿੰਟ ਦਾ ਸਮਾਂ ਮੰਗਿਆ, ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਹਾਮੀ ਭਰਨ ਦੇ ਬਾਵਜੂਦ ਵੀ ਸਮਾਂ ਨਹੀਂ ਦਿੱਤਾ ਗਿਆ। ਪੰਜਾਬ ਵਿਧਾਨ ਸਭਾ ਦੇ ਇਸ ਵਰਤਾਰੇ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ। ਗੁਰੂਆਂ ਦੇ ਨਾਂ ਉੱਤੇ ਜਿਊਂਦੇ ਪੰਜਾਬ ਦੇ ਚੁਣੇ ਹੋਏ ਵਿਧਾਇਕ ਇੰਨੇ ਅਸੰਵੇਦਨਸ਼ੀਲ ਕਿਵੇਂ ਹੋ ਸਕਦੇ ਹਨ?
ਲੀਡਰ ਆਫ਼ ਹਾਊਸ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਪੰਜਾਬ ਦੇ ਲੋਕਾਂ ਨੂੰ ਇਸ ਬਾਰੇ ਜੁਆਬ ਦੇਣਾ ਬਣਦਾ ਹੈ। ਪਿਛਲੇ ਲੰਬੇ ਅਰਸੇ ਤੋਂ ਸਰਕਾਰਾਂ ਕੋਲੋਂ ਬੇਅਦਬੀ ਮਸਲੇ ਵਿਚ ਸਖ਼ਤ ਸਜ਼ਾਵਾਂ ਦੀ ਮੰਗ ਕਰਨ ਵਾਲੇ ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਜਲਦ ਹੀ ਇਕ ਵੱਡਾ ਸਮਾਗਮ ਕਰਕੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੂੰ ਨਵਾਬ ਸ਼ੇਰ ਮੁਹੰਮਦ ਖ਼ਾਨ ਐਵਾਰਡ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਲੋਕ ਨਾਇਕ ਐਵਾਰਡ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਮੌਕੇ ਭਾਈ ਲਖਵਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਭਾਈ ਅਮਰੀਕ ਸਿੰਘ, ਭਾਈ ਕਿਰਪਾਲ ਸਿੰਘ, ਪ੍ਰਧਾਨ ਨੌਜਵਾਨ ਕਿਸਾਨ ਏਕਤਾ ਚੰਡੀਗੜ੍ਹ, ਪ੍ਰਧਾਨ ਖ਼ਾਲਸਾ ਟਰੈਫ਼ਿਕ ਕੰਟਰੋਲ ਜਥਾ ਚੰਡੀਗੜ੍ਹ, ਭਾਈ ਲਵਜੋਤ ਸਿੰਘ, ਭਾਈ ਹਰਪ੍ਰੀਤ ਸਿੰਘ, ਭਾਈ ਹਰਬਿੰਦਰ ਸਿੰਘ, ਭਾਈ ਪਰਮਿੰਦਰ ਸਿੰਘ, ਭਾਈ ਪਰਜਿੰਦਰ ਸਿੰਘ ਹਾਜ਼ਰ ਸਨ।