ਗਿਆਨੀ ਹਰਪ੍ਰੀਤ ਸਿੰਘ ਨੂੰ ਬੇਬੁਨਿਆਦ ਦੋਸ਼ ਲਗਾ ਕੇ ਸੇਵਾਵਾਂ ਤੋਂ ਫ਼ਾਰਗ ਕਰਨਾ ਮੰਦਭਾਗਾ: ਬੀਬੀ ਰਾਮੂਵਾਲੀਆ
ਨਬਜ਼-ਏ-ਪੰਜਾਬ, ਮੁਹਾਲੀ, 11 ਫਰਵਰੀ:
ਭਾਜਪਾ ਕੇਂਦਰੀ ਕਮੇਟੀ ਦੀ ਸੀਨੀਅਰ ਮੈਂਬਰ ਅਤੇ ਜ਼ਿਲ੍ਹਾ ਯੋਜਨਾ ਕਮੇਟੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੇ ਕਿਹਾ ਕਿ ਉੱਘੇ ਸਿੱਖ ਵਿਦਵਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਬੁਨਿਆਦ ਅਤੇ ਮਨਘੜਤ ਦੋਸ਼ ਲਗਾ ਕੇ ਸੇਵਾਵਾਂ ਤੋਂ ਫ਼ਾਰਗ ਕਰਨਾ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਅਤੇ ਬਾਦਲ ਪਰਿਵਾਰ ਸਿੱਖਾਂ ਅਤੇ ਧਾਰਮਿਕ ਸੰਸਥਾਵਾਂ ਦੇ ਜਥੇਦਾਰਾਂ ਨੂੰ ਆਪਣੇ ਮੁਤਾਬਕ ਚਲਾਉਣਾ ਚਾਹੁੰਦੇ ਹਨ ਅਤੇ ਜੋ ਉਨ੍ਹਾਂ ਦੇ ਆਖੇ ਲੱਗ ਕੇ ਕੰਮ ਨਹੀਂ ਕਰਦਾ ਤਾਂ ਉਸ ਦੀਆਂ ਸੇਵਾਵਾਂ ਖ਼ਤਮ ਕਰ ਦਿੰਦੇ ਹਨ। ਇਹ ਸਿਲਸਿਲਾ ਪਿਛਲੇ ਲੰਮੇ ਸਮੇਂ ਤੋਂ ਚਲਦਾ ਆ ਰਿਹਾ ਹੈ।
ਬੀਬੀ ਰਾਮੂਵਾਲੀਆ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਾਰੇ ਸਿੱਖਾਂ ਦੀ ਆਸਥਾ ਦਾ ਕੇਂਦਰ ਹੈ ਅਤੇ ਉਸਦਾ ਹਰੇਕ ਹੁਕਮ ਹਰ ਸਿੱਖ ਨੂੰ ਸਿਰ ਮੱਥੇ ਪ੍ਰਵਾਨ ਹੁੰਦਾ ਰਿਹਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਨੇ 2 ਦਸੰਬਰ ਨੂੰ ਪੰਥਕ ਰਹੁ ਰੀਤਾਂ ਅਨੁਸਾਰ ਉਨ੍ਹਾਂ ਦੇ ਕਥਿਤ ਗੁਨਾਹਾਂ ਦੀ ਸਜ਼ਾ ਸੁਣਾਉਣ ਵਿੱਚ ਜੋ ਗਿਆਨੀ ਹਰਪ੍ਰੀਤ ਸਿੰਘ ਨੇ ਅਹਿਮ ਭੂਮਿਕਾ ਨਿਭਾ ਕੇ ਸੁਨੇਹਾ ਦਿੱਤਾ ਸੀ ਪ੍ਰੰਤੂ ਅਕਾਲੀ ਦਲ ਲੀਡਰਸ਼ਿਪ ਖਾਸਕਰਕੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਜਥੇਦਾਰ ਵੱਲੋਂ ਸੁਣਾਈ ਸਜਾ ਅਤੇ ਤਰੀਕੇ ਨੂੰ ਆਪਣੀ ਤੌਹੀਨ ਸਮਝਿਆ। ਜਿਸ ਕਾਰਨ ਬਦਲਾ ਲੈਣ ਲਈ ਗਿਆਨੀ ਹਰਪ੍ਰੀਤ ਸਿੰਘ ਨੂੰ ਨੀਵਾਂ ਦਿਖਾਉਣ ਲਈ ਸ਼੍ਰੋਮਣੀ ਕਮੇਟੀ ਦੇ ‘ਜੀ ਹਜ਼ੂਰੀਆ’ ਮੈਂਬਰਾਂ ਰਾਹੀਂ ਬੇਬੁਨਿਆਦ ਦੋਸ਼ ਲਗਵਾ ਕਿ ਜਿਸ ਤਰੀਕੇ ਨਾਲ ਉਨ੍ਹਾਂ ਨੂੰ ਸੇਵਾਵਾਂ ਤੋਂ ਫ਼ਾਰਗ ਕੀਤਾ ਗਿਆ, ਉਹ ਮੰਦਭਾਗੀ ਗੱਲ ਹੈ।
ਬੀਬਾ ਰਾਮੂਵਾਲੀਆ ਨੇ ਕਿਹਾ ਕਿ ਅਕਾਲੀ ਦਲ ਇਹ ਮਹਿਸੂਸ ਕਰਦਾ ਹੈ ਕਿ ਸੁਖਬੀਰ ਸਿੰਘ ਬਾਦਲ ਅਤੇ ਬਾਕੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਉਣ ਅਤੇ ਉਨ੍ਹਾਂ ਦੇ ਅਸਤੀਫ਼ੇ ਲੈਣ ਦੇ ਫ਼ੈਸਲੇ ਦਾ ਅਸਲ ਕਾਰਨ ਗਿਆਨੀ ਹਰਪ੍ਰੀਤ ਸਿੰਘ ਹੈ। ਇਸ ਫ਼ੈਸਲੇ ਦੀ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ।