
ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡਣੀ ਮਹਿੰਗੀ ਪਵੇਗੀ: ਚੰਦੂਮਾਜਰਾ
ਗੁਰਦੁਆਰਾ ਅੰਬ ਸਾਹਿਬ ਨੂੰ ਪੁਲੀਸ ਛਾਊਣੀ ’ਚ ਤਬਦੀਲ ਕਰਕੇ 84 ਦਾ ਮਾਹੌਲ ਪੈਦਾ ਨਾ ਕਰੇ ਸਰਕਾਰ
ਨਬਜ਼-ਏ-ਪੰਜਾਬ, ਮੁਹਾਲੀ, 23 ਅਗਸਤ:
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੂੰ ਪੁਲੀਸ ਛਾਊਣੀ ਵਿੱਚ ਤਬਦੀਲ ਕਰਨ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਗੁਰੂਘਰਾਂ ਵਿੱਚ ਪੁਲੀਸ ਤਾਇਨਾਤ ਕਰਕੇ ਪੰਜਾਬ ਦੀ ਆਪ ਸਰਕਾਰ 84 ਵਾਲਾ ਮਾਹੌਲ ਪੈਦਾ ਕਰ ਰਹੀ ਹੈ। ਇਸ ਨਾਲ ਰੋਜ਼ਾਨਾ ਗੁਰੂਘਰ ਨਤਮਸਤਕ ਹੋਣ ਵਾਲੀ ਸੰਗਤ ਵਿੱਚ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।
ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਮੁੱਖ ਗੇਟ ਤੋਂ ਲੈ ਕੇ ਅੰਦਰ ਪਾਰਕਿੰਗ ਵਿੱਚ ਵਰਦੀਧਾਰੀ ਪੁਲੀਸ ਦਾ ਪਹਿਰਾ ਹੈ। ਇੱਥੋਂ ਤੱਕ ਪੁਲੀਸ ਜਵਾਨ ਸਰਾਂ ਦੇ ਕਮਰਿਆਂ ’ਤੇ ਮੱਲ੍ਹ ਮਾਰ ਕੇ ਬੈਠੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬੀਤੇ ਦਿਨੀਂ ਕਿਸਾਨਾਂ ਦੇ ਪ੍ਰਦਰਸ਼ਨ ਦੇ ਚੱਲਦਿਆਂ ਪੁਲੀਸ ਜਵਾਨਾਂ ਨੇ ਗੁਰੂਘਰ ਦੇ ਅੰਦਰ ਜਾ ਕੇ ਤਲਾਸ਼ੀ ਲਈ ਗਈ ਹੈ, ਜੋ ਬਹੁਤ ਮੰਦਭਾਗੀ ਗੱਲ ਹੈ। ਉਨ੍ਹਾਂ ਇਹ ਸਾਰਾ ਮਾਮਲਾ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਧਿਆਨ ਵਿੱਚ ਲਿਆ ਕੇ ਯੋਗ ਪੈਰਵਾਈ ਕਰਨ ਦੀ ਮੰਗ ਵੀ ਕੀਤੀ।
ਅਕਾਲੀ ਆਗੂ ਨੇ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਆਪ ਸਰਕਾਰ ਨੇ ਹੜ੍ਹਾਂ ਦੇ ਨੁਕਸਾਨ ਦਾ ਮੁਆਵਜ਼ਾ ਅਤੇ ਹੋਰਨਾਂ ਜਾਇਜ਼ ਮੰਗਾਂ ਲਈ 22 ਅਗਸਤ ਨੂੰ ਸਰਕਾਰ ਘੇਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਵੀ ਦੇ ਦਿੱਤੀ ਸੀ ਪ੍ਰੰਤੂ ਸੂਬਾ ਸਰਕਾਰ ਨੇ ਚੰਡੀਗੜ੍ਹ ਵੱਲ ਆ ਰਹੇ ਕਿਸਾਨਾਂ ਨੂੰ ਰਸਤੇ ਵਿੱਚ ਘੇਰ ਲਿਆ ਅਤੇ ਕਈ ਥਾਵਾਂ ’ਤੇ ਤਸ਼ੱਦਦ ਵੀ ਢਾਹਿਆ ਗਿਆ। ਪਿਛਲੇ ਦਿਨੀਂ ਇੱਕ ਕਿਸਾਨ ਦੀ ਮੌਤ ਵੀ ਹੋ ਗਈ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਖੂਨ ਨਾਲ ਹੋਲੀ ਖੇਡਣਾ ਸਰਕਾਰ ਨੂੰ ਕਾਫ਼ੀ ਮਹਿੰਗਾ ਪਵੇਗਾ ਅਤੇ ਅਕਾਲੀ ਦਲ ਚੱੁਪ ਕਰਕੇ ਨਹੀਂ ਬੈਠੇਗਾ।
ਚੰਦੂਮਾਜਰਾ ਨੇ ਕਿਹਾ ਕਿ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜ਼ਾ ਲੈਣਾ ਲਈ ਹੁਣ ਤੱਕ ਸਰਕਾਰ ਸਰਵੇਖਣ ਵੀ ਨਹੀਂ ਕਰਵਾ ਸਕੀ ਜਦੋਂਕਿ ਪੰਜਾਬ ਵਿੱਚ ਕਈ ਇਲਾਕਿਆਂ ਵਿੱਚ ਦੁਬਾਰਾ ਹੜ੍ਹ ਆਉਣ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਰਕਾਰ ਨੇ ਅੱਜ ਬਹੁਤ ਹੀ ਨਾ-ਮਾਤਰ ਮੁਆਵਜ਼ਾ ਰਾਸ਼ੀ ਜਾਰੀ ਕਰਕੇ ਖਾਨਾਪੂਰਤੀ ਕੀਤੀ ਹੈ। ਇੰਜ ਹੀ ਗਰੀਬ ਲੋਕ ਜਿਨ੍ਹਾਂ ਦੇ ਕੱਚੇ ਮਕਾਨ ਢਹਿ ਗਏ ਸੀ, ਉਨ੍ਹਾਂ ਨੂੰ ਇੱਕ ਧੇਲਾ ਵੀ ਨਹੀਂ ਮਿਲਿਆ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪ ਲੀਡਰਸ਼ਿਪ ਨੂੰ ਪਿੰਡਾਂ ਵਿੱਚ ਵੜਨ ਤੋਂ ਰੋਕਿਆ ਜਾਵੇ। ਇਸ ਮੌਕੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ, ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ, ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਅਕਾਲੀ ਆਗੂ ਗੁਰਜਿੰਦਰ ਸਿੰਘ ਤਾਜ਼ਲਪੁਰ, ਸਰਬਜੀਤ ਸਿੰਘ ਪਾਰਸ, ਐਡਵੋਕੇਟ ਗਗਨ ਸੋਹਾਣਾ, ਬਲਵਿੰਦਰ ਸਿੰਘ ਰਕੌਲੀ, ਗੁਰਪ੍ਰੀਤ ਸਿੰਘ ਮੁਹਾਲੀ ਵੀ ਮੌਜੂਦ ਸਨ।