nabaz-e-punjab.com

ਆਈਟੀਸੀ ਵੱਲੋਂ ਪੰਜਾਬ ਵਿੱਚ ਸੰਗਠਿਤ ਫੂਡ ਪਾਰਕ ਵਿੱਚ ਅੱਗੇ ਹੋਰ ਨਿਵੇਸ਼ ਵਧਾਉਣ ਦਾ ਫੈਸਲਾ

ਪ੍ਰਾਜੈਕਟ ਦੀ ਸ਼ੁਰੂਆਤ ਅਕਤੂਬਰ ਤੋਂ ਪੰਜਾਬ ਵਿੱਚ 5000 ਨੌਕਰੀਆਂ ਪੈਦਾ ਹੋਣ ਦੀ ਸੰਭਾਵਨਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 16 ਅਗਸਤ:
ਭਾਰਤ ਦੀ ਬਹੁ-ਕਾਰੋਬਾਰੀ ਪ੍ਰਮੁੱਖ ਕੰਪਨੀ ਆਈ.ਟੀ.ਸੀ ਲਿਮਟਿਡ ਨੇ ਆਪਣੇ ਸੰਗਠਿਤ ਫੂਡ ਪਾਰਕ ਵਿਚ ਅੱਗੇ ਹੋਰ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ। ਕਪੂਰਥਲਾ ਵਿਖੇ ਇਸ ਦਾ ਵਿਸਤਾਰ 1700 ਕਰੋੜ ਰੁਪਏ ਨਾਲ ਹੋਵੇਗਾ। ਇਹ ਪ੍ਰਗਟਾਵਾ ਬੁੱਧਵਾਰ ਨੂੰ ਆਈ.ਟੀ.ਸੀ ਦੇ ਸੀ.ਈ.ਓ ਸੰਜੀਵ ਪੁਰੀ ਦੀ ਅਗਵਾਈ ਵਿਚ ਆਏ ਇੱਕ ਵਫ਼ਦ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇੱਕ ਮੀਟਿੰਗ ਦੌਰਾਨ ਕੀਤਾ। ਸ੍ਰੀ ਪੁਰੀ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਕੰਪਨੀ ਵੱਲੋਂ ਇਸ ਸਾਲ ਅਕਤੂਬਰ ਤੋਂ ਆਪਣੇ ਕਪੂਰਥਲਾ ਦੇ ਪਲਾਂਟ ਤੋਂ ਤਜਾਰਤੀ ਉਤਪਾਦਨ ਸ਼ੁਰੂ ਕਰਨ ਦੀ ਯੋਜਨਾ ਹੈ। ਇਹ ਦੇਸ਼ ਦਾ ਆਪਣੇ ਕਿਸਮ ਦਾ ਸਭ ਤੋਂ ਵੱਡਾ ਪਲਾਂਟ ਹੈ। ਆਟਾ, ਬਿੱਸਕੁਟ ਅਤੇ ਸਨੈਕਸ ਤੋਂ ਇਲਾਵਾ ਇਸ ਪਲਾਂਟ ਵਿਚ ਜੂਸ ਅਤੇ ਡੇਅਰੀ ਉਤਪਾਦਾਂ ਦਾ ਵੀ ਉਤਪਾਦਨ ਕੀਤਾ ਜਾਵੇਗਾ।
ਅੱਜ ਇੱਥੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਆਈ.ਟੀ.ਸੀ ਦੇ ਵਫ਼ਦ ਨੇ ਮੁੱਖ ਮੰਤਰੀ ਕੋਲ ਇਹ ਵੀ ਪ੍ਰਗਟਾਵਾ ਕੀਤਾ ਕਿ ਇਹ ਕੰਪਨੀ ਇੱਕ ਮਿਲੀਅਨ ਟਨ ਕਣਕ ਤੋਂ ਇਲਾਵਾ ਹਰ ਸਾਲ ਇੱਕ ਲੱਖ ਟਨ ਆਲੂਆਂ ਦੀ ਵੀ ਸੂਬੇ ਵਿਚੋਂ ਆਪਣੇ ਫੂਡ ਪਾਰਕ ਲਈ ਖਰੀਦ ਕਰੇਗੀ। ਇਹ ਫੂਡ ਪਾਰਕ ਪੰਜਾਬ ਦੇ ਲੋਕਾਂ ਲਈ 5000 ਨੌਕਰੀਆਂ ਪੈਦਾ ਕਰੇਗਾ। ਮੁੱਖ ਮੰਤਰੀ ਨੇ ਸੂਬਾ ਸਰਕਾਰ ਦੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਕਿ ਉਹ ਕੰਪਨੀ ਦੀ ਹਰ ਸੰਭਵ ਮਦਦ ਕਰਨ ਤਾਂ ਜੋ ਇਹ ਅਕਤੂਬਰ ਦੀ ਨਿਰਧਾਰਤ ਮਿਤੀ ਤੱਕ ਫੂਡ ਪਾਰਕ ਨੂੰ ਕਾਰਜਸ਼ੀਲ ਕਰਨ ਦੇ ਸਮਰੱਥ ਹੋ ਸਕੇ। ਇਸ ਫੂਡ ਪਾਰਕ ਦੇ ਲਈ 2013 ਵਿਚ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਹੋਏ ਸਨ ਅਤੇ ਆਈ.ਟੀ.ਸੀ ਵੱਲੋਂ ਹੋਰ ਨਿਵੇਸ਼ ਨਾਲ ਇਸ ਦਾ ਪਾਸਾਰ ਕੀਤਾ ਜਾਵੇਗਾ। ਇਸ ਵੱਲੋਂ ਪਹਿਲਾਂ ਹੀ ਸੂਬੇ ਵਿਚ ਤਿੰਨ ਹੋਟਲ ਚਲਾਏ ਜਾ ਰਹੇ ਹਨ। ਇਸ ਪ੍ਰਾਜੈਕਟ ਦਾ ਸ਼ੁਰੂਆਤੀ ਨਿਵੇਸ਼ 680 ਕਰੋੜ ਰੁਪਏ ਦਾ ਸੀ ਜੋ 2015 ਵਿਚ ਵਧਾ ਕੇ 1400 ਕਰੋੜ ਰੁਪਏ ਅਤੇ ਹੁਣ 1700 ਕਰੋੜ ਰੁਪਏ ਕਰ ਦਿੱਤਾ ਹੈ।
ਨਿਵੇਸ਼ ਵਿਚ ਵਾਧਾ ਕਰਨ ਲਈ ਸੋਧੀ ਹੋਈ ਪ੍ਰਵਾਨਗੀ ਪ੍ਰਾਪਤ ਕਰਨ ਵਾਸਤੇ ਮੁੱਖ ਮੰਤਰੀ ਦੀ ਹਮਾਇਤ ਪ੍ਰਾਪਤ ਕਰਨ ਤੋਂ ਇਲਾਵਾ ਸ੍ਰੀ ਪੁਰੀ ਨੇ ਜੀ.ਐਸ.ਟੀ ਦੇ ਕੰਪਨੀ ਦੇ ਲਾਭ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਚਿੰਤਾ ਪ੍ਰਗਟ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀ ਸਰਕਾਰ ਇਹ ਯਕੀਨੀ ਬਣਾਉਣ ਲਈ ਕੰਪਨੀ ਨੂੰ ਪੂਰੀ ਮਦਦ ਦੇਵੇਗੀ ਕਿ ਜੀ.ਐਸ.ਟੀ ਦੇ ਕਾਰਨ ਕੰਪਨੀ ਨੂੰ ਕੋਈ ਵੀ ਨੁਕਸਾਨ ਨਾ ਹੋਵੇ। ਮੁੱਖ ਮੰਤਰੀ ਨੇ ਸੀ.ਈ.ਓ ਇਨਵੈਸਟ ਪੰਜਾਬ ਨੂੰ ਨਿਰਦੇਸ਼ ਦਿੱਤੇ ਕਿ ਉਹ ਕੰਪਨੀ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਦਾ ਜਾਇਜ਼ਾ ਲੈਣ ਤਾਂ ਜੋ ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾ ਸਕੇ। ਇਸ ਮੌਕੇ ਹਾਜ਼ਰ ਹੋਰਨਾਂ ਵਿਚ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਅਤੇ ਸੀ.ਈ.ਓ ਇਨਵੈਸਟ ਪੰਜਾਬ ਡੀ.ਕੇ. ਤਿਵਾੜੀ ਸ਼ਾਮਲ ਸਨ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…