nabaz-e-punjab.com

ਆਲੇ ਦੁਆਲੇ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣਾ ਹਰੇਕ ਇਨਸਾਨ ਦਾ ਮੁੱਢਲਾ ਫਰਜ਼: ਨਵਜੋਤ ਸਿੱਧੂ

ਰੁੱਖਾਂ ਨੂੰ ਗਹਿਰਾਈ ਤੋਂ ਪੁੱਟ ਕੇ ਹੋਰ ਥਾਂ ਸਥਾਪਿਤ ਕਰਨ ਵਾਲੀਆਂ ਵਰਤੋਂ ਵਿੱਚ ਲਿਆਂਦੀਆਂ ਜਾਣਗੀਆਂ ਆਧੁਨਿਕ ਮਸ਼ੀਨਾਂ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਜੂਨ:
‘ਆਲੇ ਦੁਆਲੇ ਦੀ ਸਾਂਭ ਸੰਭਾਲ ਅਤੇ ਸਫਾਈ ਨੂੰ ਯਕੀਨੀ ਬਣਾਉਣਾ ਹਰੇਕ ਨਾਗਰਿਕ ਦਾ ਪਹਿਲਾ ਫਰਜ ਹੈ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਇੱਕ ਸਾਫ ਸੁਥਰਾ ਚੌਗਿਰਦਾ ਤੋਹਫੇ ਵਜੋਂ ਦੇ ਸਕੀਏ’’। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਦੇ ਸਥਾਨਕ ਸਰਕਾਰ, ਸੈਰ ਸਪਾਟਾ ਅਤੇ ਸੱਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਥੇ ਮਿਊਂਸਪਲ ਭਵਨ ਵਿਖੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਮੁਹਾਲੀ ਸ਼ਹਿਰ ਲਈ ਗਿੱਲੇ ਕੂੜੇ ਤੇ ਸੁੱਕੇ ਕੂੜੇ ਦੀ ਅੱਡ ਅੱਡ ਚੁਕਾਈ ਦੇ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਗਰ ਨਿਗਮ ਭਵਨ ਵਿਖੇ ਰੁੱਖ ਲਗਾ ਕੇ ਰੁੱਖ ਲਗਾਓ ਮੁਹਿੰਮ ਦਾ ਆਗਾਜ਼ ਵੀ ਕੀਤਾ।
ਸ੍ਰੀ ਸਿੱਧੂ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਸੂਬੇ ਨੂੰ ਸਾਫ‐ਸੁਥਰਾ ਅਤੇ ਹਰਿਆਵਲ ਭਰਪੂਰ ਬਣਾਇਆ ਜਾਵੇ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਸੂਬੇ ਭਰ ਵਿੱਚ ਤਕਰੀਬਨ ਸਵਾ 5 ਲੱਖ ਬੂਟੇ ਲਗਾਏ ਜਾਣਗੇ। ਉਨ੍ਹਾਂ ਹੋਰ ਭਵਿੱਖੀ ਯੋਜਨਾਵਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਰਾਜ ਸਰਕਾਰ ਅਜਿਹੀਆਂ ਅਤਿ‐ਆਧੁਨਿਕ ਮਸ਼ੀਨਾਂ ਦੀ ਖਰੀਦ ਕਰੇਗੀ ਜੋ ਕਿ ਰੁੱਖਾਂ ਨੂੰ 20 ਫੁੱਟ ਡੂੰਘਾਈ ਤੋਂ ਪੱਟਣ ਦੀ ਸਮੱਰਥਾ ਰੱਖਣਗੀਆਂ ਅਤੇ ਬਾਅਦ ਵਿੱਚ ਇਨ੍ਹਾਂ ਰੁੱਖਾਂ ਨੂੰ ਹੀ ਹੋਰ ਲੋੜੀਦੀਆਂ ਥਾਵਾਂ ’ਤੇ ਲਾਉਣ ਦੇ ਸਮਰੱਥ ਹੋਣਗੀਆਂ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਯੋਜਨਾਵਾਂ ਵਿੱਚ ਸੂਬੇ ਭਰ ਦੇ ਸੀਵਰੇਜਾਂ ਦੀ ਸਫਾਈ, ਠੋਸ ਰਹਿੰਦ ਖੂੰਹਦ ਪ੍ਰਬੰਧਨ ਪਲਾਂਟ ਸਥਾਪਿਤ ਕਰਨੇ, ਸਟਰੀਟ ਲਾਈਟਾਂ ਅਤੇ ਬੂਟੇ ਲਾਉਣੇ ਆਦਿ ਸ਼ਾਮਿਲ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਨਹਿਰਾਂ ਦੇ ਵਗਦੇ ਪਾਣੀ ਨੂੰ ਇਸਤੇਮਾਲ ਕਰਕੇ ਲੋਕਾਂ ਦੀਆਂ ਜਰੂਰਤਾਂ ਪੂਰੀਆਂ ਕਰਨ ਲਈ ਉਨ੍ਹਾਂ ਤੱਕ ਪੁੱਜਦਾ ਕਰਨ ਹਿੱਤ ਵਿਸ਼ਵ ਬੈਂਕ ਤੋਂ ਕਰਜੇ ਬਾਬਤ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਲੋਕਾਂ ਨੂੰ ਪੀਣ ਵਾਲੇ ਸਾਫ ਸੂਥਰੇ ਪਾਣੀ ਦੀ ਸਪਲਾਈ ਦੀ ਘਾਟ ਨਹੀਂ ਰਹੇਗੀ।
ਮੰਤਰੀ ਨੇ ਕਿਹਾ ਕਿ ਵਿਭਾਗ ਵੱਲੋਂ 200 ਗਜ਼ ਤੋਂ ਜਿਆਦਾ ਦੇ ਖੇਤਰ ਵਿੱਚ ਮਕਾਨ ਬਣਾਉਣ ਵਾਲੇ ਨੂੰ ਵਰਤੋਂ ਸਰਟੀਫਿਕੇਟ (ਯੂ.ਸੀ.) ਤਾਂ ਹੀ ਜਾਰੀ ਕੀਤਾ ਜਾਵੇਗਾ ਜੇਕਰ ਉਸ ਵੱਲੋਂ ਜਮੀਨੀ ਪਾਣੀ ਨੂੰ ਇਕੱਠਾ ਕਰਨ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਵਿਭਾਗ ਦੀ ਆਪਣੀ ਨੀਤੀ ਹੋਵੇਗੀ ਜਿਸ ਨੂੰ ਅਗਲੀ ਕੈਬਨਿਟ ਮੀਟਿੰਗ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਇਸ ਮੌਕੇ ਪਿਛਲੀ ਅਕਾਲੀ ਭਾਜਪਾ ਸਰਕਾਰ ਉੱਤੇ ਵਰ੍ਹਦਿਆਂ ਕਿਹਾ ਕਿ ਪੰਜਾਬ ਕਿ ਪੰਜਾਬ ਵਿੱਚ 64 ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਗਏ ਸਨ। ਜਿਨ੍ਹਾਂ ਵਿੱਚੋਂ ਕੇਵਲ 3 ਹੀ ਚਾਲੂ ਹੋ ਸਕੇ ਹਨ। ਉਨ੍ਹਾਂ ਦੱਸਿਆ ਕਿ ਮੁਹਾਲੀ ਵਿਖੇ ਪਾਣੀ ਦੇ ਸੁਚੱਜੇ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਸੀਵਰੇਜ ਟਰੀਟਮੈਂਟ ਪਲਾਂਟ ਸਥਾਪਿਤ ਕੀਤਾ ਜਾਵੇਗਾ ਜਿਸ ਦੇ ਪਾਣੀ ਨੂੰ ਕਿਸਾਨਾਂ ਦੀਆਂ ਫਸਲਾਂ ਅਤੇ ਬਾਗ ਬਗੀਚਿਆਂ ਲਈ ਵਰਤੋਂ ਵਿੱਚ ਲਿਆਂਦਾ ਜਾਵੇਗਾ।
ਸ੍ਰੀ ਸਿੱਧੂ ਨੇ ਸਮੂਹ ਪੰਜਾਬ ਵਾਸੀਆਂ ਨੂੰ ਵਿਸ਼ਵ ਵਾਤਾਵਰਣ ਦਿਵਸ ਮੌਕੇ ਸੱਦਾ ਦਿੰਦਿਆਂ ਵਾਤਾਵਰਣ ਦੀ ਸਵੱਛਤਾ ਲਈ ਅਤੇ ਮਹਾਨ ਗੁਰੂਆਂ ਦੇ ਸੰਦੇਸ਼ ਤੇ ਚੱਲ ਕੇ ਹਰੇਕ ਪੰਜਾਬ ਵਾਸੀ ਨੂੰ ਘੱਟੋ‐ਘੱਟ ਇੱਕ ਰੁੱਖ ਲਗਾ ਕੇ ਉਸ ਦੇ ਪਾਲਣ ਪੋਸ਼ਣ ਨੂੰ ਯਕੀਨੀ ਬਣਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਪੰਜਾਬ ਦੇ ਵਾਤਾਵਰਣ ਅਤੇ ਪੰਜਾਬ ਦੇ ਪਾਣੀਆਂ ਪ੍ਰਤੀ ਸੁਚੇਤ ਨਾ ਹੋਏ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਬੰਜਰ ਬਣ ਜਾਵੇਗੀ। ਇਸ ਲਈ ਸਾਨੂੰ ਵਾਤਾਵਰਣ ਦੀ ਸਵੱਛਤਾ ਅਤੇ ਪਾਣੀ ਦੀ ਵਰਤੋਂ ਬਹੁਤ ਹੀ ਸੰਜਮ ਨਾਲ ਕਰਨ ਪ੍ਰਤੀ ਜਾਗਰੁਕ ਹੋਣ ਦੀ ਲੋੜ ਹੈ।
ਸਮਾਗਮ ਨੂੰ ਸੰਬੋਧਨ ਕਰਦਿਆਂ ਸਥਾਨਕ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁਹਾਲੀ ਸ਼ਹਿਰ ਵਿਸ਼ਵ ਦੇ ਨਕਸੇ ਦੇ ਉੱਪਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਉਨ੍ਹਾ ਕਿਹਾ ਕਿ ਮੁਹਾਲੀ ਦੀ ਬੰਦ ਪਈ ਇੰਡਸਟਰੀ ਨੂੰ ਵੀ ਬੜਾਵਾ ਦੇਣ ਦੀ ਲੋੜ ਹੈ ਅਤੇ ਮੁਹਾਲੀ ਵਿਖੇ ਇੱਕ ਵੱਡਾ ਟਰੀਟਮੈਂਟ ਪਲਾਂਟ ਲਗਾਉਣ ਦੀ ਬੇਹੱਦ ਲੋੜ ਹੈ। ਜਿਸ ਰਾਂਹੀ ਇਸ ਜ਼ਿਲ੍ਹੇ ਦੇ ਕਿਸ਼ਾਨਾਂ ਨੂੰ ਖੇਤੀਬਾੜੀ ਲਈ ਸਿੰਚਾਈ ਸਹੂਲਤਾਂ ਮਿਲ ਸਕਦੀਆਂ ਹਨ। ਉਨ੍ਹਾਂ ਵਿਸ਼ਵ ਵਾਤਾਵਰਣ ਦਿਵਸ ਤੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਦੀ ਅਪੀਲ ਵੀ ਕੀਤੀ। ਇਸ ਤੋਂ ਪਹਿਲਾਂ ਮੇਅਰ ਨਗਰ ਨਿਗਮ ਸ੍ਰੀ ਕੁਲਵੰਤ ਸਿੰਘ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਦਾ ਨਗਰ ਨਿਗਮ ਵਿਖੇ ਪੁੱਜਣ ਤੇ ਜੀ ਆਇਆਂ ਆਖਿਆ ਅਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਾਤਾਵਰਣ ਦੀ ਸਵੱਛਤਾ ਅਤੇ ਪਾਣੀ ਦੀ ਵਰਤੋਂ ਪ੍ਰਤੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਨਗਰ ਨਿਗਮ ਦੇ ਕਮਿਸ਼ਨਰ ਰਾਜੇਸ਼ ਧੀਮਾਨ ਨੇ ਪੁੱਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਐਮ.ਐਲ.ਏ. ਕੁਲਜੀਤ ਸਿੰਘ ਨਾਗਰਾ, ਐਮ.ਐਲ.ਏ. ਬਲਾਚੌਰ ਦਰਸ਼ਨ ਲਾਲ, ਸੰਯੁਕਤ ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਵਨੀਤ ਕੌਰ, ਸੀਨੀਅਰ ਡਿਪਟੀ ਮੇਅਰ ਰੀਸ਼ਵ ਜੈਨ, ਡਿਪਟੀ ਮੇਅਰ ਮਨਜੀਤ ਸਿੰਘ ਸੇਠੀ, ਪ੍ਰਦੇਸ਼ ਕਾਂਗਰਸ ਦੇ ਸੂਬਾਈ ਸਕੱਤਰ ਹਰਕੇਸੰ ਚੰਦ ਸ਼ਰਮਾ ਮੱਛਲੀ ਕਲਾਂ, ਕੌਂਸਲਰ ਕੁਲਜੀਤ ਸਿੰਘ ਬੇਦੀ, ਅਮਰੀਕ ਸਿੰਘ ਸੋਮਲ, ਫੂਲਰਾਜ ਸਿੰਘ, ਸੁਖਦੇਵ ਸਿੰਘ ਪਟਵਾਰੀ, ਹਰਪਾਲ ਸਿੰਘ ਚੰਨਾ, ਰਾਜ ਰਾਣੀ ਜੈਨ, ਜਸਵੀਰ ਸਿੰਘ ਮਣਕੂ, ਅਮਰੀਕ ਸਿੰਘ ਤਹਿਸੀਲਦਾਰ ਸਮੇਤ ਹੋਰ ਕੌਂਸਲਰ ਅਤੇ ਪੰਤਵੰਤੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …