ਬਾਦਲ ਪਿਊ-ਪੁੱਤ ਤੇ ਕੈਪਟਨ ਦੇ ਪਰਿਵਾਰਾਂ ਨੂੰ ਸਿਆਸਤ ’ਚੋਂ ਬਾਹਰ ਕਰਨਾ ਸਮੇਂ ਦੀ ਮੁੱਖ ਲੋੜ: ਸੰਜੇ ਸਿੰਘ

ਅਕਾਲੀ ਦਲ ਤੇ ਕਾਂਗਰਸ ਨੇ ਮਿਲ ਕੇ ਪਿਛਲੇ ਦਹਾਕਿਆਂ ਤੱਕ ਪੰਜਾਬ ਤੇ ਪੰਜਾਬੀਆਂ ਨੂੰ ਲੱੁਟਿਆ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮਲੇਰਕੋਟਲਾ/ਧੂਰੀ/ਮਹਿਲ ਕਲਾਂ, 23 ਜਨਵਰੀ:
ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਕੋਰ ਕਮੇਟੀ ਦੇ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਦੀ ਸੱਤਾ ’ਤੇ ਕਈ ਦਹਾਕਿਆਂ ਤੋਂ ਕਬਜ਼ਾ ਕਰਕੇ ਬੈਠੇ ਅਰਬਪਤੀ ਅਤੇ ਕਾਰੋਬਾਰੀ ਬਾਦਲਾਂ ਅਤੇ ਕੈਪਟਨ ਦੇ ਪਰਿਵਾਰਾਂ ਨੂੰ ਚਲਦਾ ਕਰਨਾ ਹੁਣ ਸਮੇਂ ਦੀ ਵੱਡੀ ਮੰਗ ਹੈ। ਪੰਜਾਬ ਦੇ ਲੋਕਾਂ ਕੋਲ ਅੱਜ ਇਕੋ-ਇਕ ਮੌਕਾ ਹੈ ਅਤੇ ਲੋਕਾਂ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ ਹੈ ਅਤੇ ਪੰਜਾਬ ਨੂੰ ਇੰਨਾਂ ਲੋਟੂ ਪਰਿਵਾਰਾਂ ਦੇ ਚੁੰਗਲ ਵਿਚੋਂ ਅਜ਼ਾਦ ਕਰਵਾਉਣਾ ਚਾਹੀਦਾ ਹੈ। ਜੇਕਰ ਇਸ ਵਾਰ ਲੋਕਾਂ ਨੇ ਹੰਭਲਾ ਨਾ ਮਾਰਿਆ ਤਾਂ ਉਹ ਦਿਨ ਦੂਰ ਨਹੀ ਜਦੋਂ ਇਹ ਦੋਨੋਂ ਪਰਿਵਾਰ ਮਿਲਕੇ ਪੰਜਾਬ ਨੂੰ ਪੂਰੀ ਤਰਾਂ ਖਤਮ ਕਰ ਦੇਣਗੇ। ਸੰਜੇ ਸਿੰਘ ਨੇ ਆਮ ਆਦਮੀ ਪਾਰਟੀ ਦੇ ਬਰਨਾਲਾ ਦੇ ਉਮੀਦਵਾਰ ਮੀਤ ਹੇਅਰ, ਮਹਿਲ ਕਲਾਂ ਤੋਂ ਉਮੀਦਵਾਰ ਕੁਲਵੰਤ ਸਿੰਘ ਪੰਧੂਰੀ, ਧੂਰੀ ਤੋਂ ਉਮੀਦਵਾਰ ਜਸਵੀਰ ਸਿੰਘ ਸੇਖੋਂ ਜੱਸੀ ਅਤੇ ਮਲੇਰਕੋਟਲਾ ਤੋਂ ਪਾਰਟੀ ਉਮੀਦਵਾਰ ਅਰਸ਼ਦ ਡਾਲੀ ਦੇ ਹੱਕ ਵਿਚ ਵੱਖ-ਵੱਖ ਰੈਲੀਆਂ ਨੂੰ ਸੰਬੋਧਨ ਕਰਦਿਆਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਲੋਕ ਇੰਨ੍ਹਾਂ ਸੱਤਾ ਦੇ ਲਾਲਚੀ ਪਰਿਵਾਰਾਂ ਨੂੰ ਸਿਆਸਤ ਵਿਚੋਂ ਬਾਹਰ ਕੱਢ ਕੇ ਇੰਨ੍ਹਾਂ ਨੂੰ ਇੰਨ੍ਹਾਂ ਦੀ ਸਹੀ ਜਗ੍ਹਾ ਦਿਖਾ ਦੇਣ।
ਲੋਕਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਹਰ ਸੂਬੇ ਵਿਚ ਕੁਝ ਸਿਆਸਤ ਕੁਝ ਇਕ ਪਰਿਵਾਰਾਂ ਤੱਕ ਸਿਮਟ ਕੇ ਰਹਿ ਗਈ ਹੈ। ਹਰ ਸੂਬੇ ਵਿਚ ਕੁਝ ਪਾਰਟੀਆਂ ਹੀ ਵਾਰੀ-ਵਾਰੀ ਲੋਕਾਂ ’ਤੇ ਰਾਜ ਕਰਦੀਆਂ ਹਨ ਅਤੇ ਮਿਲਕੇ ਹੀ ਲੋਕਾਂ ਦੀ ਲੁੱਟ ਕਰਦੀਆਂ ਹਨ। ਪੰਜਾਬ ਵਿਚ ਵੀ ਅਕਾਲੀ ਦਲ ਅਤੇ ਕਾਂਗਰਸ ਪਿਛਲੇ ਕਈ ਦਹਾਕਿਆਂ ਤੋਂ ਪੰਜਾਬ ਅਤੇ ਪੰਜਾਬੀਆਂ ਨੂੰ ਮਿਲਕੇ ਲੁੱਟ ਰਹੀਆਂ ਹਨ। ਪੰਜਾਬੀਆਂ ਕੋਲ ਕੋਈ ਬਦਲ ਨਾ ਹੋਣ ਕਾਰਨ ਮਜਬੂਰਨ ਲੋਕਾਂ ਨੂੰ ਇੰਨ੍ਹਾਂ ਪਰਟੀਆਂ ’ਚੋਂ ਹੀ ਇਕ ਨੂੰ ਚੁਨਣਾ ਪੈਂਦਾ ਸੀ। ਪ੍ਰੰਤੂ ਹੁਣ ਆਮ ਆਦਮੀ ਪਾਰਟੀ ਨੇ ਪੰਜਾਬੀਆਂ ਸਾਹਮਣੇ ਆਮ ਆਦਮੀ ਪਾਰਟੀ ਦੇ ਰੂਪ ਵਿੱਚ ਇੱਕ ਅਜਿਹਾ ਬਦਲ ਰੱਖਿਆ ਹੈ। ਜਿਸ ਨੂੰ ਚੁਣ ਕੇ ਲੋਕ ਸੂਬੇ ਵਿੱਚ ਆਪਣੀ ਸਰਕਾਰ ਦਾ ਗਠਨ ਕਰ ਸਕਦੇ ਹਨ। ਪੰਜਾਬ ਦੇ ਲੋਕ ਹੁਣ ਸੱਤਾ ਬਦਲਣ ਦੇ ਮੂਡ ਵਿੱਚ ਹਨ, ਜਿਸ ਕਾਰਨ ਆਮ ਆਦਮੀ ਪਾਰਟੀ ਵੱਡੀ ਜਿੱਤ ਵੱਲ ਵਧ ਰਹੀ ਹੈ।
ਸ੍ਰੀ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੇਵਲ 2 ਸਾਲਾਂ ਦੇ ਸਮੇਂ ਦੌਰਾਨ ਦਿੱਲੀ ਦੇ ਲੋਕਾਂ ਨੂੰ ਭਾਰੀ ਸਹੂਲਤਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਸੇ ਹੀ ਤਰਜ਼ ’ਤੇ ਪੰਜਾਬ ਦੇ ਹਰ ਵਰਗ ਨੂੰ ਸਹੂਲਤਾਂ ਦੇਣ ਲਈ ਪਾਰਟੀ ਕਈ ਯੋਜਨਾਵਾਂ ’ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਸਰਕਾਰੀ ਵਿਭਾਗਾਂ ਵਿਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਇਸਦਾ ਫਾਇਦਾ ਵੀ ਲੋਕਾਂ ਅਤੇ ਸਰਕਾਰ ਨੂੰ ਮਿਲਣ ਲੱਗਾ ਹੈ। ਭ੍ਰਿਸ਼ਟਾਚਾਰ ਸਮਾਪਤ ਹੋਣ ਕਾਰਨ ਹੀ ਸਰਕਾਰ ਸਵਾ 300 ਕਰੋੜ ਵਾਲਾ ਪੁਲ 200 ਕਰੋੜ ਰੁਪਏ ਵਿਚ ਬਣਾਉਣ ਵਿਚ ਸਫਲ ਹੋਈ ਹੈ। ਹੁਣ ਦਿੱਲੀ ਦੇ ਲੋਕ ਵੀ ਆਪਣੇ ਸਾਰੇ ਕੰਮ ਬਿਨਾ ਕੋਈ ਵਾਧੂ ਪੈਸਾ ਦਿੱਤਿਆਂ ਕਰਵਾ ਰਹੇ ਹਨ। ਪੰਜਾਬ ’ਚੋਂ ਵਿਚ ਪੰਜਾਬੀਆਂ ਦੀ ਸਹਿਯੋਗ ਨਾਲ ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਵੇਗਾ। ਨਸ਼ਾ ਵਪਾਰੀਆਂ ਦੇ ਕਾਰੋਬਾਰ ਨੂੰ ਵੀ ਸਖ਼ਤੀ ਵਰਤਦਿਆਂ ਬੰਦ ਕਰਵਾਇਆ ਜਾਵੇਗਾ। ਸੰਜੇ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਸੁਨਹਿਰੇ ਭਵਿੱਖ ਲਈ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਪੰਜਾਬ ਵਿਚ ਆਪਣੀ ਸਰਕਾਰ ਬਣਾਉਣ।

Load More Related Articles
Load More By Nabaz-e-Punjab
Load More In Politics

Check Also

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ

ਪੰਜਾਬ ਚਲਾਉਣ ਵਿੱਚ ਨਾਕਾਮ ਸਾਬਤ ਹੋਈ ‘ਆਪ’ ਸਰਕਾਰ: ਬੀਬੀ ਰਾਮੂਵਾਲੀਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਮ…