ਜਗਤਪੁਰਾ ਦੇ ਕਪਿਲ ਸ਼ਰਮਾ ਨੇ ਦਿੱਤੀ ‘ਕਰੋਨਾ’ ਨੂੰ ਮਾਤ, 42 ਦਿਨਾਂ ਬਾਅਦ ਘਰ ਪਰਤਿਆ

ਮੁਹਾਲੀ ਜ਼ਿਲ੍ਹੇ ਵਿੱਚ ਹੁਣ ਤੱਕ 55 ਪੀੜਤ ਮਰੀਜ਼ ਠੀਕ ਹੋਏ, 47 ਪੀੜਤ ਮਰੀਜ਼ ਹਾਲੇ ਵੀ ਜੇਰੇ ਇਲਾਜ

62 ਨਮੂਨਿਆਂ ਦੀ ਰਿਪੋਰਟ ਨੈਗੇਟਿਵ, 41 ਸੈਂਪਲਾਂ ਦੀ ਰਿਪੋਰਟ ਪੈਂਡਿੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਈ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਵਿੱਚ ਜਿਵੇਂ ਜਿਵੇਂ ਕਰੋਨਾਵਾਇਰਸ ਦੀ ਮਹਾਮਾਰੀ ਦੇ ਲਗਾਤਾਰ ਮਾਮਲੇ ਵਧ ਰਹੇ ਹਨ, ਉਵੇਂ ਹੀ ਲਗਾਤਾਰ ਪੀੜਤ ਮਰੀਜ਼ ਠੀਕ ਹੋ ਕੇ ਆਪਣੇ ਘਰ ਵੀ ਪਰਤ ਰਹੇ ਹਨ। ਇੱਥੋਂ ਦੇ ਨਜ਼ਦੀਕੀ ਪਿੰਡ ਜਗਤਪੁਰਾ ਦੇ ਕਪਿਲ ਸ਼ਰਮਾ (55) ਨੇ ਲੰਮੇ ਇਲਾਜ ਤੋਂ ਬਾਅਦ ਅੱਜ ਕਰੋਨਾ ਨੂੰ ਮਾਤ ਦੇ ਦਿੱਤੀ ਹੈ। ਉਹ ਪਿਛਲੇ 42 ਦਿਨਾਂ ਤੋਂ ਬਨੂੜ ਨੇੜਲੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਸੀ। ਅੱਜ ਇੱਥੇ ਇਹ ਜਾਣਕਾਰੀ ਮੁਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕਪਿਲ ਸ਼ਰਮਾ ਨੂੰ ਠੀਕ ਹੋਣ ਲਈ ਸਭ ਤੋਂ ਸਮਾਂ ਲੱਗਿਆ ਹੈ। ਹਾਲਾਂਕਿ ਬਾਕੀ ਮਰੀਜ਼ 16 ਤੋਂ 20 ਦਿਨਾਂ ਵਿੱਚ ਠੀਕ ਹੋਏ ਹਨ ਪ੍ਰੰਤੂ ਕਪਿਲ ਸ਼ਰਮਾ ਪੌਣਾ ਮਹੀਨਾ ਹਸਪਤਾਲ ਵਿੱਚ ਦਾਖ਼ਲ ਰਿਹਾ ਹੈ। ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ 14 ਦਿਨਾਂ ਦੇ ਅੰਤਰ ਨਾਲ ਉਸ ਦੇ ਕਈ ਸੈਂਪਲ ਲਏ ਗਏ ਸੀ ਲੇਕਿਨ ਹਮੇਸ਼ਾ ਹੀ ਰਿਪੋਰਟ ਪਾਜ਼ੇਟਿਵ ਆਉਂਦੀ ਸੀ ਲੇਕਿਨ ਹੁਣ ਕਿਤੇ ਜਾ ਕੇ ਉਸ ਦੇ ਦੋ ਨਮੂਨਿਆਂ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਅੱਜ ਉਸ ਨੂੰ ਹਸਪਤਾਲ ’ਚੋਂ ਛੁੱਟੀ ਮਿਲ ਗਈ ਹੈ ਅਤੇ ਉਹ ਸਹੀ ਸਲਾਮਤ ਆਪਣੇ ਘਰ ਪਰਤ ਆਇਆ ਹੈ, ਪ੍ਰੰਤੂ ਉਸ ਨੂੰ 14 ਦਿਨਾਂ ਤੱਕ ਆਪਣੇ ਘਰ ਵਿੱਚ ਇਕਾਂਤਵਾਸ ਵਿੱਚ ਰਹਿਣ ਦੀ ਹਦਾਇਤ ਕੀਤੀ ਗਈ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 105 ਹੋ ਗਈ ਸੀ। ਜਿਨ੍ਹਾਂ ’ਚੋਂ ਤਿੰਨ ਮਰੀਜ਼ਾਂ ਵਿਜੇ ਕੁਮਾਰ ਜ਼ੀਰਕਪੁਰ, ਓਮ ਪ੍ਰਕਾਸ਼ ਵਾਸੀ ਨਵਾਂ ਗਾਉਂ ਅਤੇ ਰਾਜ ਕੁਮਾਰੀ ਖਰੜ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 55 ਪੀੜਤ ਮਰੀਜ਼ ਕਰੋਨਾ ਨੂੰ ਮਾਤ ਦੇ ਚੁੱਕੇ ਹਨ ਅਤੇ ਇਸ ਸਮੇਂ 47 ਐਕਟਿਵ ਕੇਸ ਹਨ। ਇਹ ਸਾਰੇ ਮਰੀਜ਼ ਪੀਜੀਆਈ ਅਤੇ ਗਿਆਨ ਸਾਗਰ ਹਸਪਤਾਲ ਵਿੱਚ ਜੇਰੇ ਇਲਾਜ ਹਨ। ਇਨ੍ਹਾਂ ਦਾ ਵਧੀਆ ਢੰਗ ਨਾਲ ਇਲਾਜ ਚੱਲ ਰਿਹਾ ਹੈ ਅਤੇ ਇਨ੍ਹਾਂ ਸਾਰਿਆਂ ਦੀ ਹਾਲਤ ਸਥਿਰ ਹੈ ਅਤੇ ਕੋਈ ਵੀ ਮਰੀਜ਼ ਗੰਭੀਰ ਹਾਲਤ ਵਿੱਚ ਨਹੀਂ ਹੈ।
ਜ਼ਿਲ੍ਹਾ ਐਪੀਡੀਮੋਲੋਜਿਸਟ ਤੇ ਨੋਡਲ ਅਫ਼ਸਰ ਡਾ. ਹਰਮਨਦੀਪ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ ਸਿਹਤ ਵਿਭਾਗ ਨੇ 79 ਸ਼ੱਕੀ ਵਿਅਕਤੀਆਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਸੀ ਜਦੋਂਕਿ 24 ਨਮੂਨਿਆਂ ਦੀ ਰਿਪੋਰਟਾਂ ਪੈਂਡਿੰਗ ਸਨ। ਇਸ ਤਰ੍ਹਾਂ ਕੁੱਲ 103 ਸੈਂਪਲਾਂ ’ਚੋਂ ਅੱਜ 62 ਸੈਂਪਲਾਂ ਦੀ ਰਿਪੋਰਟ ਮਿਲੀ ਹੈ ਅਤੇ ਇਹ ਸਾਰੇ ਨਮੂਨੇ ਨੈਗੇਟਿਵ ਹਨ ਜਦੋਂਕਿ 41 ਸੈਂਪਲਾਂ ਦੀ ਰਿਪੋਰਟ ਪੈਂਡਿੰਗ ਹੈ, ਇਨ੍ਹਾਂ ਭਲਕੇ ਬੁੱਧਵਾਰ ਨੂੰ ਰਿਪੋਰਟ ਆਉਣ ਦੀ ਸੰਭਾਵਨਾ ਹੈ।

Load More Related Articles
Load More By Nabaz-e-Punjab
Load More In General News

Check Also

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ ਗੋਲੇ ਸੁੱਟੇ

ਬੰਦੀ ਸਿੰਘਾਂ ਦੀ ਰਿਹਾਈ: ਮੁੱਖ ਮੰਤਰੀ ਦੀ ਕੋਠੀ ਵੱਲ ਕੂਚ ਕਰ ਰਹੇ ਸਿੱਖਾਂ ਦਾ ਰਾਹ ਰੋਕਿਆ, ਅੱਥਰੂ ਗੈੱਸ ਦੇ…