ਹੁਕਮਰਾਨਾਂ ਤੇ ਅਧਿਕਾਰੀਆਂ ਦੀ ਅਣਦੇਖੀ: ਜਗਤਪੁਰਾ ਲਿੰਕ ਸੜਕ ਦੀ ਹੋਂਦ ਗੁਆਚੀ, ਲੋਕ ਪ੍ਰੇਸ਼ਾਨ

ਅਕਾਲੀ ਭਾਜਪਾ ਨੇ ਕਰੋੜਾਂ ਰੁਪਏ ਦੀ ਲਾਗਤ ਨਾਲ ਮਜ਼ਬੂਤ ਪੁਲ ਤਾਂ ਬਣਾ ਦਿੱਤਾ ਪਰ ਲਿੰਕ ਸੜਕ ਦੇ ਨਿਰਮਾਣ ਦਾ ਚੇਤਾ ਭੁਲਿਆ

ਪਿਛਲੇ 9 ਮਹੀਨਿਆਂ ਤੋਂ ਕੈਪਟਨ ਸਰਕਾਰ ਨੇ ਵੀ ਨਹੀਂ ਲਈ ਕੋਈ ਸਾਰ

ਅਮਨਦੀਪ ਸਿੰਘ ਸੋਢੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਦਸੰਬਰ:
ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਹੁਕਮਰਾਨਾਂ ਦੀ ਕਥਿਤ ਅਣਦੇਖੀ ਦੇ ਚੱਲਦਿਆਂ ਇੱਥੋਂ ਦੇ ਨੇੜਲੇ ਕਸਬਾ ਨੁਮਾ ਪਿੰਡ ਜਗਤਪੁਰਾ ਲਿੰਕ ਸੜਕ ਦੀ ਹੋਂਦ ਗੁਆਚ ਗਈ ਹੈ। ਮੁਹਾਲੀ ਕੌਮਾਂਤਰੀ ਏਅਰਪੋਰਟ ਨਾਲ ਜਾ ਕੇ ਮਿਲਦੀ ਅਤੇ ਇਲਾਕੇ ਦੇ ਹੋਰ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਅਤੇ ਵਾਇਆ ਭਬਾਤ ਜ਼ੀਰਕਪੁਰ ਤੱਕ ਪਹੁੰਚ ਸੜਕ ਦੀ ਹਾਲਤ ਬਹੁਤ ਖਸਤਾ ਹੋ ਚੁੱਕੀ ਹੈ। ਇਸ ਸੜਕ ਦੀ ਲੰਮੇ ਸਮੇਂ ਤੋਂ ਮੁਰੰਮਤ ਨਾ ਹੋਣ ਕਾਰਨ ਥਾਂ ਥਾਂ ਖੱਡੇ ਪੈ ਗਏ ਹਨ ਅਤੇ ਰਸਤੇ ਵਿੱਚ ਪੱਥਰ ਖਿੱਲਰੇ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਐਨ.ਕੇ. ਸ਼ਰਮਾ ਵੱਲੋਂ ਮੁਹਾਲੀ ਹਲਕਾ ਛੱਡਣ ਤੋਂ ਬਾਅਦ ਵਿੱਚ ਅਕਾਲੀ-ਭਾਜਪਾ ਸਰਕਾਰ ਅਤੇ ਹੁਣ ਪਿਛਲੇ 9 ਮਹੀਨਿਆਂ ਤੋਂ ਕੈਪਟਨ ਸਰਕਾਰ ਨੇ ਵੀ ਇਸ ਸੜਕ ਦੇ ਨਿਰਮਾਣ ਲਈ ਧਿਆਨ ਨਹੀਂ ਦਿੱਤਾ ਹੈ।
ਕਿਸਾਨ ਗੁਰਦੇਵ ਸਿੰਘ ਭੁੱਲਰ, ਸਾਬਕਾ ਸਰਪੰਚ ਪ੍ਰੇਮ ਸਿੰਘ, ਰਣਧੀਰ ਸਿੰਘ, ਮਲਕੀਤ ਸਿੰਘ ਅਤੇ ਕੁਲਜੀਤ ਸਿੰਘ ਸਮੇਤ ਹੋਰਨਾਂ ਲੋਕਾਂ ਨੇ ਦੱਸਿਆ ਕਿ ਇਲਾਕੇ ਦੇ ਮੋਹਤਬਰ ਵਿਅਕਤੀ ਕਈ ਵਾਰ ਸਿਆਸੀ ਆਗੂਆਂ ਦੇ ਤਰਲੇ ਕੱਢ ਕੇ ਥੱਕ ਚੁੱਕੇ ਹਨ ਅਤੇ ਜ਼ਿਲ੍ਹਾ ਪ੍ਰਸ਼ਾਸਨ, ਗਮਾਡਾ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੂੰ ਚਿੱਠੀਆਂ ਲਿਖੀਆਂ ਜਾ ਚੁੱਕੀਆਂ ਹਨ ਲੇਕਿਨ ਹੁਣ ਤੱਕ ਇਸ ਸੜਕ ਦੀ ਜੂਨ ਨਹੀਂ ਸੁਧਰੀ। ਉਨ੍ਹਾਂ ਦੱਸਿਆ ਕਿ ਜਗਤਪੁਰਾ ਲਿੰਕ ਕੌਮਾਂਤਰੀ ਏਅਰਪੋਰਟ ਸਮੇਤ ਹੋਰ ਦਰਜਨਾਂ ਪਿੰਡਾਂ ਨੂੰ ਆਪਸ ਵਿੱਚ ਜੋੜਦੀ ਹੈ। ਚੰਡੀਗੜ੍ਹ, ਪੰਚਕੂਲਾ, ਮਨੀਮਾਜਰਾ ਅਤੇ ਗੁਆਂਢੀ ਸੂਬਾ ਹਰਿਆਣਾ ਦੇ ਯਾਤਰੀਆਂ ਨੂੰ ਏਅਰਪੋਰਟ ’ਤੇ ਜਾਣ ਲਈ ਫੇਜ਼-11 ਜਾਂ ਸੈਕਟਰ-82 ’ਚੋਂ ਹੋ ਕੇ ਜਾਣਾ ਪੈਂਦਾ ਹੈ। ਇਸ ਤਰ੍ਹਾਂ ਲੋਕਾਂ ਨੂੰ 5 ਤੋਂ 10 ਕਿੱਲੋਮੀਟਰ ਦਾ ਲੰਮਾ ਪੈਂਡਾ ਤੈਅ ਕਰਨਾ ਪੈਂਦਾ ਹੈ। ਜੇਕਰ ਜਗਤਪੁਰ ਸੜਕ ਬਣ ਜਾਂਦੀ ਹੈ ਤਾਂ ਲੋਕਾਂ ਨੂੰ ਭਾਰੀ ਰਾਹਤ ਮਿਲ ਸਕਦੀ ਹੈ।
ਸ੍ਰੀ ਭੁੱਲਰ ਨੇ ਦੱਸਿਆ ਕਿ ਕੰਡਾਲਾ, ਨੰਡਿਆਲੀ, ਭਬਾਤ ਅਤੇ ਅਲੀਪੁਰ ਵਿੱਚ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਜਾਂਦੇ ਬੱਚਿਆਂ ਅਤੇ ਪੜ੍ਹਾਉਣ ਲਈ ਆਉਂਦੇ ਅਧਿਆਪਕਾਂ ਨੂੰ ਕਾਫੀ ਮੁਸ਼ਕਲਾਂ ’ਚੋਂ ਗੁੱਜਰਨਾਂ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਐਨ.ਕੇ. ਸ਼ਰਮਾ ਨੇ ਮੁਹਾਲੀ ਦਾ ਇੰਚਾਰਜ ਹੁੰਦਿਆਂ ਜਗਤਪੁਰਾ ਤੋਂ ਜ਼ੀਰਕਪੁਰ ਤੱਕ ਅਤੇ ਬਾਕਰਪੁਰ-ਨੰਡਿਆਲੀ ਨੂੰ 20 ਫੁੱਟ ਚੌੜੀ ਤੇ ਮਜ਼ਬੂਤ ਬਣਾਇਆ ਗਿਆ ਸੀ ਲੇਕਿਨ ਉਨ੍ਹਾਂ ਦੇ ਜਾਣ ਪਿੱਛੋਂ ਕਿਸੇ ਆਗੂ ਨੇ ਹਲਕੇ ਵੱਲ ਧਿਆਨ ਨਹੀਂ ਦਿੱਤਾ। ਹਾਲਾਂਕਿ ਬਾਦਲ ਸਰਕਾਰ ਨੇ ਅਖੀਰਲੇ ਚੋਣ ਵਰ੍ਹੇ ਕਰੀਬ 6 ਕਰੋੜ ਦੀ ਲਾਗਤ ਨਾਲ ਜਗਤਪੁਰ ਪੁਲ ਬਣਾਇਆ ਗਿਆ ਸੀ ਲੇਕਿਨ ਹੁਕਮਰਾਨ ਅਤੇ ਅਧਿਕਾਰੀ ਜਗਤਪੁਰਾ ਲਿੰਕ ਸੜਕ ਦਾ ਨਿਰਮਾਣ ਕਰਨਾ ਭੁੱਲ ਗਏ। ਜੋ ਹੁਣ ਤੱਕ ਕਿਸੇ ਨੂੰ ਚੇਤੇ ਨਹੀਂ ਆਇਆ।
(ਬਾਕਸ ਆਈਟਮ)
ਉਧਰ, ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਕੈਪਟਨ ਸਰਕਾਰ ਨੇ ਸੱਤਾ ਸੰਭਾਲੀ ਸੀ ਉਦੋਂ ਸਾਨੂੰ ਪੰਜਾਬ ਦਾ ਖਜ਼ਾਨਾ ਖਾਲੀ ਮਿਲਿਆ ਸੀ ਲੇਕਿਨ ਸਰਕਾਰ ਦੇ ਉਪਰਾਲਿਆਂ ਸਦਕਾ ਹੌਲੀ ਹੌਲੀ ਗੱਡੀ ਲੀਹ ’ਤੇ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜਗਤਪੁਰਾ ਸਮੇਤ ਹੋਰ ਲਿੰਕ ਸੜਕਾਂ ਦੀ ਮੁਰੰਮਤ ਅਤੇ ਨਿਰਮਾਣ ਲਈ ਐਸਟੀਮੇਟ ਤਿਆਰ ਕੀਤੇ ਗਏ ਹਨ ਲੇਕਿਨ ਹੁਣ ਅਚਾਨਕ ਠੰਢ ਪੈਣੀ ਸ਼ੁਰੂ ਹੋ ਗਈ ਹੈ। ਜਿਸ ਕਾਰਨ ਸੜਕਾਂ ਦੇ ਨਿਰਮਾਣ ਦਾ ਕੰਮ ਰੁੱਕ ਗਿਆ ਹੈ। ਉਨ੍ਹਾਂ ਦੱਸਿਆ ਕਿ ਠੰਢ ਦੇ ਮੌਸਮ ਵਿੱਚ ਲੁੱਕ ਦੀ ਪਕੜ ਢਿੱਲੀ ਪੈ ਜਾਂਦੀ ਹੈ ਅਤੇ ਸੜਕਾਂ ਜਲਦੀ ਟੁੱਟਣ ਦਾ ਖ਼ਤਰਾ ਰਹਿੰਦਾ ਹੈ। ਸ੍ਰੀ ਸਿੱਧੂ ਨੇ ਦਾਅਵਾ ਕੀਤਾ ਕਿ ਸਰਦੀਆਂ ਤੋਂ ਤੁਰੰਤ ਬਾਅਦ ਸੜਕਾਂ ਦਾ ਨਿਰਮਾਣ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਸਰਕਾਰ ਵੇਲੇ ਜਿਹੜੀਆਂ ਚੰਦ ਸੜਕਾਂ ਬਣੀਆਂ ਵੀ ਸਨ। ਉਹ ਘਟੀਆਂ ਮਟੀਰੀਅਲ ਕਾਰਨ ਥੋੜ੍ਹੇ ਸਮੇਂ ਬਾਅਦ ਹੀ ਟੁੱਟ ਗਈਆਂ ਸਨ।

Load More Related Articles
Load More By Nabaz-e-Punjab
Load More In Problems

Check Also

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ

ਮੁਹਾਲੀ ਹਲਕੇ ਵਿੱਚ ਸੀਵਰੇਜ, ਟੁੱਟੀਆਂ ਸੜਕਾਂ ਤੇ ਸਿਹਤ ਸਹੂਲਤਾਂ ਦੀ ਵੱਡੀ ਘਾਟ: ਬੱਬੀ ਬਾਦਲ ਬੱਬੀ ਬਾਦਲ ਵੱ…