ਜਗਤਪੁਰਾ ਕਤਲ ਕਾਂਡ: ਮੁਹਾਲੀ ਪੁਲੀਸ ਵੱਲੋਂ ਚਾਰ ਮੁਲਜ਼ਮ ਗ੍ਰਿਫ਼ਤਾਰ, ਬਾਕੀਆਂ ਦੀ ਭਾਲ ਜਾਰੀ

ਨਬਜ਼-ਏ-ਪੰਜਾਬ, ਮੁਹਾਲੀ, 19 ਸਤੰਬਰ:
ਸੋਹਾਣਾ ਪੁਲੀਸ ਨੇ ਪਿਛਲੇ ਹਫ਼ਤੇ ਮੁਹਾਲੀ ਦੀ ਜੂਹ ਵਿੱਚ ਜਗਤਪੁਰਾ ਵਿੱਚ ਹੋਏ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੰਚ ਸਫਲਤਾ ਹਾਸਲ ਕੀਤੀ ਹੈ। ਅੱਜ ਇੱਥੇ ਇਹ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਦਿਆਂ ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਪਿੰਡ ਜਗਤਪੁਰਾ ਵਿੱਚ ਦੋ ਧੜਿਆਂ ਵੱਲੋਂ ਮਿੱਥ ਕੇ ਲੜਾਈ ਕੀਤੀ ਗਈ ਸੀ। ਇਸ ਦੌਰਾਨ ਵਰਮਾ ਚੌਹਾਨ ਨਾਂਅ ਦੇ ਵਿਅਕਤੀ ਦਾ ਕਤਲ ਹੋ ਗਿਆ ਸੀ ਜਦੋਂਕਿ ਪ੍ਰਿੰਸ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਸੀ।
ਡੀਐਸਪੀ ਬੱਲ ਨੇ ਦੱਸਿਆ ਕਿ ਇਸ ਸਬੰਧੀ ਸੋਹਾਣਾ ਥਾਣੇ ਵਿੱਚ ਨਵੇਂ ਫੌਜਦਾਰੀ ਕਾਨੂੰਨ ਬੀਐਨਐਸ ਦੀ ਧਾਰਾ 115 (2),103 (1), 109, 191 (3) 190 ਤਹਿਤ ਪਰਚਾ ਦਰਜ ਕੀਤਾ ਗਿਆ ਸੀ ਅਤੇ ਸੋਹਾਣਾ ਥਾਣਾ ਦੇ ਐਸਐਚਓ ਇੰਸਪੈਕਟਰ ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਹੇਠ ਏਐਸਆਈ ਜੀਤ ਚੰਦ ਅਤੇ ਹੋਰਨਾਂ ਪੁਲੀਸ ਮੁਲਾਜ਼ਮਾਂ ਨੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਪੁਲੀਸ ਨੇ ਰਵੀ ਮਲਿਕ ਵਾਸੀ ਪਿੰਡ ਜਗਤਪੁਰਾ ਨੂੰ ਕਾਬੂ ਕੀਤਾ ਗਿਆ। ਉਸ ਦੀ ਪੁੱਛਗਿੱਛ ਤੋਂ ਬਾਅਦ ਬੀਤੇ ਦਿਨੀਂ ਨੀਟੂ ਵਾਸੀ ਜਗਤਪੁਰਾ ਅਤੇ ਪ੍ਰਿੰਸ ਰਾਣਾ ਵਾਸੀ ਪਿੰਡ ਕੰਡਾਲਾ ਨੂੰ ਆਈਸ਼ਰ ਚੌਂਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਇੰਜ ਹੀ ਮੁਲਜ਼ਮਾਂ ਦੀ ਇੱਕ ਹੋਰ ਸਾਥੀ ਜੈ ਦੀਪ ਵਾਸੀ ਅੰਬ ਸਾਹਿਬ ਕਲੋਨੀ ਫੇਜ਼-11 ਨੂੰ ਅੱਜ ਅਪੂਰਵ ਅਪਾਰਟਮੈਂਟ ਸੈਕਟਰ-88, ਮੁਹਾਲੀ ਨੇੜਿਓਂ ਕਾਬੂ ਕੀਤਾ ਗਿਆ।
ਡੀਐਸਪੀ ਬੱਲ ਨੇ ਦੱਸਿਆ ਕਿ ਮੁਲਜ਼ਮ ਰਵੀ ਮਲਿਕ, ਨੀਟੂ ਜਗਤਪੁਰਾ ਅਤੇ ਪ੍ਰਿੰਸ ਕੰਡਾਲਾ ਨੂੰ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮਾਂ ਨੂੰ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ, ਜਦੋਂਕਿ ਮੁਲਜ਼ਮ ਜੈ ਦੀਪ ਨੂੰ ਭਲਕੇ 20 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ਾਮਲ ਬਾਕੀ ਹੋਰਨਾਂ ਵਿਅਕਤੀਆਂ ਨੂੰ ਵੀ ਛੇਤੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਵਾਰਦਾਤ ਵਿੱਚ ਵਰਤੇ ਗਏ ਮਾਰੂ ਹਥਿਆਰ ਵੀ ਬਰਾਮਦ ਕਰ ਲਏ ਜਾਣਗੇ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।

Load More Related Articles
Load More By Nabaz-e-Punjab
Load More In General News

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…