ਜਗਤਪੁਰਾ ਦੇ ਸਰਪੰਚ ਸਣੇ 51 ਵਿਅਕਤੀਆਂ ਨੇ ਲਈ ਖੁੱਲ੍ਹੀ ਹਵਾ, ਪੁਲੀਸ ਨੇ ਘਰ ਦਾ ਤਾਲਾ ਖੋਲ੍ਹਿਆ

ਮਹਿਲਾ ਪੰਚ ਦੇ ਪਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਰਪੰਚ ਤੇ ਹੋਰਨਾਂ ਨੂੰ ਕੀਤਾ ਗਿਆ ਸੀ ਘਰਾਂ ’ਚ ਨਜ਼ਰਬੰਦ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਅਪਰੈਲ:
ਮੁਹਾਲੀ ਨੇੜਲੇ ਪਿੰਡ ਜਗਤਪੁਰਾ ਵਿੱਚ ਪਿਛਲੇ ਦਿਨੀਂ ਕਰੋਨਾਵਾਇਰਸ ਤੋਂ ਪੀੜਤ ਕਪਿਲ ਸ਼ਰਮਾ (56) ਦੀ ਪੁਸ਼ਟੀ ਹੋਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਸਾਵਧਾਨੀ ਦੇ ਤੌਰ ’ਤੇ ਪਿੰਡ ਜਗਤਪੁਰਾ ਦੇ ਸਰਪੰਚ ਰਣਜੀਤ ਸਿੰਘ ਗਿੱਲ ਦੇ ਟੱਬਰ ਸਮੇਤ ਦਰਜਨ ਤੋਂ ਵੱਧ ਘਰਾਂ ਵਿੱਚ ਰਹਿੰਦੇ ਕਰੀਬ 51 ਵਿਅਕਤੀਆਂ ਨੂੰ ਹਾਊਸ ਆਈਸੋਲੇਟ ਕੀਤਾ ਗਿਆ ਸੀ। ਹਾਲਾਂਕਿ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਬੀਤੀ 16 ਅਪਰੈਲ ਨੂੰ ਸਰਪੰਚ ਸਣੇ ਉਕਤ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ ਹਾਊਸ ਆਈਸੋਲੇਸ਼ਨ ਤਹਿਤ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਸੀ। ਹੁਣ ਇਨ੍ਹਾਂ ਸਾਰਿਆਂ ਨੂੰ ਇਕਾਂਤਵਾਸ ਤੋਂ ਮੁਕਤ ਕਰ ਦਿੱਤਾ ਗਿਆ ਹੈ। ਅੱਜ ਸੋਹਾਣਾ ਪੁਲੀਸ ਦੇ ਕਰਮਚਾਰੀ ਨੇ ਸਰਪੰਚ ਦੇ ਘਰ ਦੇ ਮੁੱਖ ਗੇਟ ’ਤੇ ਲੱਗਿਆ ਤਾਲਾ ਖੋਲ੍ਹਿਆ। ਇਸ ਤੋਂ ਬਾਅਦ ਸਰਪੰਚ ਅਤੇ ਹੋਰਨਾਂ ਲੋਕਾਂ ਨੇ ਤਾਜ਼ੀ ਹਵਾ ਦਾ ਆਨੰਦ ਲਿਆ।
ਜਾਣਕਾਰੀ ਅਨੁਸਾਰ ਸਰਪੰਚ ਰਣਜੀਤ ਸਿੰਘ ਪਿੰਡ ਜਗਤਪੁਰਾ ਵਿੱਚ ਦੁੱਧ ਦੀ ਡਾਇਰੀ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਉਸ ਦੀ ਇਕ ਮਿੰਨੀ ਮਾਰਕੀਟ ਵੀ ਹੈ। ਪਤਨੀ ਵੀ ਬੁਟੀਕ ਚਲਾਉਂਦੀ ਹੈ। ਸਰਪੰਚ ਦੇ ਟੱਬਰ ਅਤੇ ਡਾਇਰੀ, ਬੁਟੀਕ ਤੇ ਸਟੋਰ ’ਤੇ ਕੰਮ ਕਰਦੇ 17 ਮੁਲਾਜ਼ਮਾਂ ਸਣੇ ਅਤੇ ਦੂਜੇ ਘਰਾਂ ਵਿੱਚ ਰਹਿੰਦੇ 34 ਵਿਅਕਤੀਆਂ ਨੂੰ ਬੀਤੀ 3 ਅਪਰੈਲ ਨੂੰ 14 ਦਿਨਾਂ ਲਈ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਸੀ। ਹਾਲਾਂਕਿ ਇਨ੍ਹਾਂ ਸਾਰੇ ਵਿਅਕਤੀਆਂ ਦੀ ਹਾਊਸ ਆਈਸੋਲੇਟ ਦੀ ਮਿਆਦ ਬੀਤੀ 16 ਅਪਰੈਲ ਨੂੰ ਪੂਰੀ ਹੋ ਚੁੱਕੀ ਹੈ ਪ੍ਰੰਤੂ ਕਰੋਨਾ ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਇਨ੍ਹਾਂ ਸਾਰਿਆਂ ਨੂੰ ਅਗਲੇ ਹੁਕਮਾਂ ਤੱਕ ਫਿਰ ਤੋਂ ਅਗਲੇ ਹੁਕਮਾਂ ਤੱਕ ਆਪੋ ਆਪਣੇ ਘਰਾਂ ਵਿੱਚ ਨਜ਼ਰਬੰਦ ਰਹਿਣ ਲਈ ਕਿਹਾ ਗਿਆ ਸੀ। ਉਂਜ ਇਸ ਸਮੇਂ ਜਗਤਪੁਰਾ ਵਿੱਚ ਹਾਲਾਤ ਪੂਰੀ ਤਰ੍ਹਾਂ ਕਾਬੂ ਹੇਠ ਹਨ। ਕਪਿਲ ਸ਼ਰਮਾ ਤੋਂ ਬਾਅਦ ਕੋਈ ਨਵਾਂ ਪਾਜ਼ੇਟਿਵ ਕੇਸ ਸਾਹਮਣੇ ਨਹੀਂ ਆਇਆ ਹੈ। ਸ਼ਰਮਾ ਦੀ ਪਤਨੀ ਜਗਤਪੁਰਾ ਦੀ ਪੰਚ ਹੈ। ਇਹ ਜੋੜਾ ਸਰਪੰਚ ਦੇ ਕਰੀਬੀਆਂ ’ਚੋਂ ਇਕ ਹੈ। ਕਰਫਿਊ ਲੱਗਣ ਤੋਂ ਬਾਅਦ ਕਪਿਲ ਸ਼ਰਮਾ ਨੇ ਸਰਪੰਚ ਨਾਲ ਮਿਲ ਕੇ ਜਗਤਪੁਰਾ ਅਤੇ ਕਲੋਨੀ ਵਿੱਚ ਲੋੜਵੰਦਾਂ ਨੂੰ ਰਾਸ਼ਨ ਵੀ ਵੰਡਿਆਂ ਜਾਂਦਾ ਰਿਹਾ ਹੈ। ਪਿਛਲੇ 20 ਦਿਨਾਂ ਤੋਂ ਜਗਤਪੁਰਾ ਸੜਕ ਪੂਰੀ ਤਰ੍ਹਾਂ ਸੀਲ ਹੈ। ਸਾਰੇ ਐਂਟਰੀ ਪੁਆਇੰਟਾਂ ’ਤੇ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲੀਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ

ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੋਹਾਣਾ ਸਾਹਿਬ ਤੋਂ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 5 ਜਨਵਰੀ: ਸਰਬੰ…