Share on Facebook Share on Twitter Share on Google+ Share on Pinterest Share on Linkedin ਜਗਦੀਸ਼ ਗਗਨੇਜਾ ਕੇਸ: ਐਨਆਈਏ ਵੱਲੋਂ ਸੀਬੀਆਈ ਅਦਾਲਤ ਵਿੱਚ ਜਵਾਬ ਦਾਇਰ, ਅਗਲੀ ਸੁਣਵਾਈ 9 ਮਈ ਨੂੰ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਪਰੈਲ: ਨੈਸ਼ਨਲ ਜਾਂਚ ਏਜੰਸੀ (ਐਨਆਈਏ) ਨੇ ਆਰਐਸਐਸ ਆਗੂ ਅਤੇ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਕਤਲ ਮਾਮਲੇ ਵਿੱਚ ਸੋਮਵਾਰ ਨੂੰ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ। ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ ਲਈ 9 ਮਈ ਦਾ ਦਿਨ ਨਿਰਧਾਰਿਤ ਕੀਤਾ ਹੈ। ਪਹਿਲਾਂ ਇਸ ਬਹੁਚਰਚਿਤ ਹੱਤਿਆ ਮਾਮਲੇ ਦੀ ਜਾਂਚ ਸੀਬੀਆਈ ਵੱਲੋਂ ਕੀਤੀ ਜਾ ਰਹੀ ਸੀ ਲੇਕਿਨ ਕੁਝ ਦਿਨ ਪਹਿਲਾਂ ਹੀ ਇਸ ਮਾਮਲੇ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ ਲੇਕਿਨ ਹੁਣ ਤੱਕ ਪੰਜਾਬ ਪੁਲੀਸ, ਸੀਬੀਆਈ ਜਾਂ ਐਨਆਈਏ ਦੀ ਟੀਮ ਆਰਐਸਐਸ ਆਗੂ ਕਤਲ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਜਾਣਕਾਰੀ ਅਨੁਸਾਰ ਜਿਵੇਂ ਹੀ ਇਸ ਕੇਸ ਦੀ ਜਾਂਚ ਐਨਆਈਏ ਦੇ ਸਪੁਰਦ ਕੀਤੀ ਗਈ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਮੁਹਾਲੀ ਸਥਿਤ ਐਨਆਈਏ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਇਕ ਅਰਜ਼ੀ ਦਾਇਰ ਕਰਕੇ ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਬੱਗਾ ਅਤੇ ਐਨਆਰਆਈ ਜਗਤਾਰ ਸਿੰਘ ਜੱਗੀ ਉਰਫ਼ ਜੱਗੀ ਜੌਹਲ ਦੇ ਸਟੇਟਸ ਬਾਰੇ ਪੁੱਛਿਆ ਗਿਆ ਸੀ ਕਿ ਕੀ ਐਨਆਈਏ ਦੀ ਜਾਂਚ ਟੀਮ ਨੂੰ ਉਕਤ ਨੌਜਵਾਨਾਂ ਦੀ ਇਸ ਮਾਮਲੇ ਵਿੱਚ ਗ੍ਰਿਫ਼ਤਾਰੀ ਦੀ ਲੋੜ ਹੈ ਜਾਂ ਨਹੀਂ। ਕਿਉਂਕਿ ਨਵੰਬਰ 2017 ਨੂੰ ਮੱੁਖ ਮੰਤਰੀ ਅਤੇ ਤਤਕਾਲੀ ਡੀਜੀਪੀ ਵੱਲੋਂ ਜਗਦੀਸ਼ ਗਗਨੇਜਾ ਕਤਲ ਨੂੰ ਸੁਲਝਾਉਣ ਸਬੰਧੀ ਬਿਆਨ ਦਿੱਤਾ ਗਿਆ ਸੀ ਅਤੇ ਉਕਤ ਤਿੰਨਾਂ ਨੌਜਵਾਨਾਂ ਦੇ ਨਾਂ ਲਏ ਗਏ ਸਨ। ਸੀਬੀਆਈ ਅਦਾਲਤ ਨੇ ਵਕੀਲ ਦੀ ਇਸ ਅਰਜ਼ੀ ’ਤੇ ਅੱਜ 22 ਅਪਰੈਲ ਲਈ ਐਨਆਈਏ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਰੱਖਣ ਲਈ ਆਖਿਆ ਗਿਆ ਸੀ। ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਐਨਆਈਏ ਨੇ ਅੱਜ ਅਦਾਲਤ ਵਿੱਚ ਆਪਣਾ ਜਵਾਬ ਦਾਇਰ ਕਰਦਿਆਂ ਕਿਹਾ ਹੈ ਕਿ ਫਿਲਹਾਲ ਜਾਂਚ ਟੀਮ ਨੂੰ ਉਕਤ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੀ ਲੋੜ ਨਹੀਂ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਵੱਲੋਂ ਜਗਦੀਸ਼ ਗਗਨੇਜਾ ਦੇ ਕਤਲ ਮਾਮਲੇ ਵਿੱਚ ਆਰ/ਸੀ-7/19 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੱਸਿਆ ਗਿਆ ਹੈ ਕਿ ਅਗਸਤ 2016 ਵਿੱਚ ਰਾਤ ਵੇਲੇ ਆਪਣੇ ਘਰੋਂ ਬਾਜ਼ਾਰ ਵਿੱਚ ਕੁਝ ਖਰੀਦਦਾਰੀ ਕਰਨ ਗਏ ਜਗਦੀਸ਼ ਗਗਨੇਜਾ ਉੱਤੇ ਮੋਟਰ ਸਾਈਕਲ ’ਤੇ ਸਵਾਰ ਕੁਝ ਵਿਅਕਤੀਆਂ ਨੇ ਸ਼ਰ੍ਹੇਆਮ ਗੋਲੀਆਂ ਚਲਾ ਦਿੱਤੀਆਂ ਸਨ। ਗਗਨੇਜਾ ਦੇ ਪੇਟ ਵਿੱਚ ਗੋਲੀਆਂ ਲੱਗਣ ਕਾਰਨ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਅਤੇ ਹਸਪਤਾਲ ਵਿੱਚ ਜੇਰੇ ਇਲਾਜ ਜਗਦੀਸ਼ ਗਗਨੇਜਾ ਦੀ ਕਈ ਦਿਨਾਂ ਬਾਅਦ ਮੌਤ ਹੋ ਗਈ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਹਿੰਦੂ ਆਗੂਆਂ ’ਤੇ ਹੋਏ ਜਾਨਲੇਵਾ ਹਮਲਿਆਂ ਅਤੇ ਕਤਲ ਮਾਮਲਿਆਂ ਸਬੰਧੀ ਭਾਵੇਂ ਪੰਜਾਬ ਪੁਲੀਸ ਵੱਲੋਂ ਵੱਖ ਵੱਖ ਥਾਣਿਆਂ ਵਿੱਚ ਕੇਸ ਦਰਜ ਕੀਤੇ ਗਏ ਸੀ ਪ੍ਰੰਤੂ ਪਿੱਛੇ ਜਿਹੇ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ ਅਤੇ ਐਨਆਈਏ ਵੱਲੋਂ ਵੱਖਰੇ ਤੌਰ ’ਤੇ ਕੇਸ ਦਰਜ ਕੀਤੇ ਗਏ ਸੀ ਅਤੇ ਇਨ੍ਹਾਂ ਸਾਰੇ ਮਾਮਲਿਆਂ ਦੀ ਸੁਣਵਾਈ ਵੀ ਮੁਹਾਲੀ ਅਦਾਲਤ ਵਿੱਚ ਚਲ ਰਹੀ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ