ਗੈਂਗਸਟਰ ਜਗਰੂਪ ਰੂਪਾ ਤੇ ਮੰਨੂ ਕੁੱਸਾ ਦਾ ਸਾਥੀ ਗੈਂਗਸਟਰ ਪਰਮਦਲੀਪ ਪੰਮਾ ਅਸਲੇ ਸਣੇ ਗ੍ਰਿਫ਼ਤਾਰ

ਮੁਲਜ਼ਮ ਕੋਲੋਂ 20 ਲੱਖ ਰੁਪਏ ਦੀ ਕੀਮਤ ਦੇ ਸੋਨਾ ਤੇ ਚਾਂਦੀ ਦੇ ਗਹਿਣੇ ਅਤੇ 2 ਕਾਰਾਂ ਬਰਾਮਦ

ਮੁਲਜ਼ਮ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਕਤਲ, ਲੁੱਟਾਂ-ਖੋਹਾਂ ਤੇ ਅਸਲਾ ਐਕਟ ਤਹਿਤ 7 ਕੇਸ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
ਇੱਥੋਂ ਦੇ ਨੇੜਲੇ ਕਸਬਾ ਲਾਂਡਰਾਂ ਦੀ ਮਾਰਕੀਟ ਵਿੱਚ ਕਰੀਬ ਮਹੀਨਾ ਪਹਿਲਾਂ ਪ੍ਰਵੀਨ ਜਿਊਲਰਜ਼ ਤੋਂ ਲੱਖਾਂ ਰੁਪਏ ਗਹਿਣੇ ਲੁੱਟਣ ਦੇ ਮਾਮਲੇ ਵਿੱਚ ਗੈਂਗਸਟਰ ਪਰਮਦਲੀਪ ਸਿੰਘ ਉਰਫ਼ ਪੰਮਾ ਵਾਸੀ ਪਿੰਡ ਕਾਜੀਕੋਟ (ਤਰਨ ਤਾਰਨ) ਨੂੰ ਅਸਲੇ ਸਣੇ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਉਸ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਬੀਤੀ 11 ਜੂਨ ਨੂੰ ਧਾਰਾ 379ਬੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਮੁਲਜ਼ਮ ਪਰਮਦਲੀਪ ਸਿੰਘ, ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਨਾਮਜ਼ਦ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਕੁੱਸਾ ਦਾ ਸਾਥੀ ਦੱਸਿਆ ਜਾ ਰਿਹਾ ਹੈ।
ਅੱਜ ਇੱਥੇ ਸ਼ਾਮ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਮੁਹਾਲੀ ਦੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਸੁਨਿਆਰਾ ਲੁੱਟ ਮਾਮਲੇ ਵਿੱਚ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਐਸਪੀ (ਡੀ) ਅਮਨਦੀਪ ਸਿੰਘ ਬਰਾੜ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਅਤੇ ਸੋਹਾਣਾ ਥਾਣਾ ਦੇ ਐਸਐਚਓ ਗੁਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਦਾ ਗਠਨ ਕਰਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੁਲੀਸ ਨੇ ਗੈਂਗਸਟਰ ਪਰਮਦਲੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਕੋਲੋਂ ਇੱਕ .32 ਬੋਰ ਦਾ ਪਿਸਤੌਲ ਤੇ 5 ਜ਼ਿੰਦਾ ਕਾਰਤੂਸ, ਸੋਨੇ ਦੇ 350 ਗਰਾਮ ਗਹਿਣੇ, 2 ਕਿੱਲੋ 200 ਗਰਾਮ ਚਾਂਦੀ ਦੇ ਗਹਿਣਿਆਂ ਸਮਤ ਦੋ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਚਿੱਟੇ ਰੰਗ ਦੀ ਵਰਨਾ ਕਾਰ ਅੰਮ੍ਰਿਤਸਰ ਤੋਂ ਖੋਹੀ ਸੀ ਜਦੋਂਕਿ ਚਿੱਟੇ ਰੰਗ ਦੀ ਆਈ-20 ਕਾਰ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤੀ ਗਈ ਸੀ। ਪੁਲੀਸ ਅਨੁਸਾਰ ਪਰਮਦਲੀਪ ਪੰਮਾ ਪਹਿਲਾਂ ਵੀ ਕਤਲ ਕੇਸ ਵਿੱਚ ਸਜਾ ਮੁਜਰਮ ਹੈ ਅਤੇ ਸਾਲ 2015 ਵਿੱਚ ਜ਼ਮਾਨਤ ’ਤੇ ਜੇਲ੍ਹ ’ਚੋਂ ਬਾਹਰ ਆ ਗਿਆ ਸੀ। ਉਸ ਨੇ ਜੇਲ੍ਹ ’ਚੋਂ ਬਾਹਰ ਮਗਰੋਂ ਲੁੱਟਾਂ ਖੋਹਾਂ ਅਤੇ ਸੁਪਾਰੀ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ।
ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ 7 ਅਪਰਾਧਿਕ ਪਰਚੇ ਦਰਜ ਹਨ। ਥਾਣਾ ਹਰੀਕੇ (ਤਰਨ ਤਾਰਨ) ਵਿੱਚ ਕਤਲ, ਥਾਣਾ ਸਦਰ ਤਰਨ ਤਾਰਨ ਵਿੱਚ ਲੜਾਈ ਝਗੜਾ ਤੇ ਅਸਲਾ ਐਕਟ, ਥਾਣਾ ਸਿਟੀ ਤਰਨ ਤਾਰਨ ਵਿੱਚ ਲੁੱਟ-ਖੋਹ ਤੇ ਅਸਲਾ ਐਕਟ, ਇਸੇ ਥਾਣੇ ਵਿੱਚ ਧਾਰਾ ਇਰਾਦਾ-ਏ-ਕਤਲ ਅਤੇ ਅਸਲਾ ਐਕਟ, ਥਾਣਾ ਚਾਟੀਵਿੰਡ (ਅੰਮ੍ਰਿਤਸਰ ਦਿਹਾਤੀ) ਵਿੱਚ ਲੁੱਟ-ਖੋਹ, ਥਾਣਾ ਚੌਹਲਾ ਸਾਹਿਬ (ਤਰਨ ਤਾਰਨ) ਵਿੱਚ ਇਰਾਦਾ-ਏ-ਕਤਲ ਅਤੇ ਅਸਲਾ ਐਕਟ, ਥਾਣਾ ਜਡਿਆਲਾ (ਅੰਮ੍ਰਿਤਸਰ ਦਿਹਾਤੀ) ਵਿੱਚ ਇਰਾਦਾ-ਏ-ਕਤਲ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹਨ। ਮੁਲਜ਼ਮ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 6 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਕੋਲੋਂ ਪੁੱਛਗਿੱਛ ਦੌਰਾਨ ਕਤਲ, ਲੁੱਟਾਂ-ਖੋਹਾਂ ਅਤੇ ਹੋਰ ਸੰਗੀਨ ਅਪਰਾਧਿਕ ਮਾਮਲੇ ਸਬੰਧੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।

Load More Related Articles
Load More By Nabaz-e-Punjab
Load More In General News

Check Also

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ

ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿੱਚ ਸੇਵਾਦਾਰ ਵੱਲੋਂ ਮਹਿੰਦਰਾ ਮੈਕਸ ਪਿਕਅੱਪ ਗੱਡੀ ਦਾਨ ਨਬਜ਼-ਏ-ਪੰਜਾਬ, ਮ…