Share on Facebook Share on Twitter Share on Google+ Share on Pinterest Share on Linkedin ਫਿਰੌਤੀ ਮਾਮਲਾ: ਜਲਾਲਾਬਾਦ ਗੰਨ ਹਾਊਸ ਦੇ ਮਾਲਕ ਨੂੰ ਮੁੜ ਪੁਲੀਸ ਰਿਮਾਂਡ ’ਤੇ ਭੇਜਿਆ ਕਪਿਲ ਦੇਵ ’ਤੇ ਫਿਰੌਤੀ ਮਾਮਲਿਆਂ ਵਿੱਚ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਦਾ ਹੈ ਦੋਸ਼ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਫਰਵਰੀ: ਜ਼ਿਲ੍ਹਾ ਸੀਆਈਏ ਸਟਾਫ਼ (ਮੁਹਾਲੀ) ਵੱਲੋਂ ਫਿਰੌਤੀ ਮਾਮਲੇ ਵਿੱਚ ਗ੍ਰਿਫ਼ਤਾਰ ਜਲਾਲਾਬਾਦ ਦੇ ਗੰਨ ਹਾਊਸ ਦੇ ਮਾਲਕ ਕਪਿਲ ਦੇਵ ਨੂੰ ਪਹਿਲਾਂ ਦਿੱਤਾ ਤਿੰਨ ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਸੋਮਵਾਰ ਨੂੰ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮੁਲਜ਼ਮ ਨੂੰ ਮੁੜ ਦੋ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ। ਇਸ ਤੋਂ ਪਹਿਲਾਂ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ। ਜ਼ਿਲ੍ਹਾ ਸੀਆਈਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਰਾਜੇਸ਼ ਹਸਤੀਰ ਨੇ ਦੱਸਿਆ ਕਿ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਪੰਜਾਬੀ ਫਿਲਮਾਂ ਦੇ ਅਦਾਕਾਰ ਗਿੱਪੀ ਗਰੇਵਾਲ ਤੋਂ 25 ਲੱਖ ਰੁਪਏ ਦੀ ਫਿਰੌਤੀ ਵਸੂਲੀ ਲਈ ਧਮਕੀ ਦੇਣ ਦੇ ਮਾਮਲੇ ਵਿੱਚ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਪੁੱਛਗਿੱਛ ਤੋਂ ਬਾਅਦ ਜਲਾਲਾਬਾਦ ਦੇ ਗੰਨ ਹਾਊਸ ਦੇ ਮਾਲਕ ਕਪਿਲ ਦੇਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਦੀ ਅਨੁਸਾਰ ਮੁਲਜ਼ਮ ਕਪਿਲ ਦੇਵ ਗੈਂਗਸਟਰ ਬੁੱਢਾ ਸਮੇਤ ਹੋਰਨਾਂ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਰਦਾ ਸੀ। ਜਿਨ੍ਹਾਂ ’ਚੋਂ ਇਸ ਸਮੇਂ ਕਈ ਗੈਂਗਸਟਰਾਂ ਦੀ ਮੌਤ ਹੋ ਚੁੱਕੀ ਹੈ। ਪੁਲੀਸ ਵੱਲੋਂ ਕੁਝ ਦਿਨ ਪਹਿਲਾਂ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਦੀ ਨਿਸ਼ਾਨਦੇਹੀ ’ਤੇ ਸੈਂਟਰਲ ਥਾਣਾ ਫੇਜ਼-8 ਦੇ ਖੇਤਰ ’ਚੋਂ ਇਕ ਕਾਰਬਾਈਨ ਅਤੇ 1 ਬੁਲਟ ਪਰੂਫ ਜੈਕਟ ਬਰਾਮਦ ਕੀਤੀ ਗਈ ਸੀ। ਜਾਣਕਾਰੀ ਅਨੁਸਾਰ ਗੈਂਗਸਟਰ ਬੁੱਢਾ ਨੇ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਸ ਵੱਲੋਂ ਜਲਾਲਾਬਾਦ ਦੇ ਗੰਨ ਹਾਊਸ ਦੇ ਮਾਲਕ ਕਪਲ ਦੇਵ ਕੋਲੋਂ ਹਥਿਆਰ ਖ਼ਰੀਦੇ ਗਏ ਸਨ। ਪੁਲੀਸ ਦੇ ਦੱਸਣ ਅਨੁਸਾਰ ਕਪਿਲ ਦੇਵ ਖ਼ਿਲਾਫ਼ ਪਹਿਲਾਂ ਵੀ ਧੋਖਾਧੜੀ ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਹਨ। ਗਿੱਪੀ ਗਰੇਵਾਲ ਦੇ ਮਾਮਲੇ ਵਿੱਚ ਮੁਹਾਲੀ ਅਦਾਲਤ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ ਖ਼ਿਲਾਫ਼ ਪਹਿਲਾਂ ਹੀ ਦੋਸ਼ ਤੈਅ ਕੀਤੇ ਜਾ ਚੁੱਕੇ ਹਨ। ਜਾਂਚ ਅਧਿਕਾਰੀ ਨੇ ਕਿਹਾ ਕਿ ਮੁਲਜ਼ਮ ਤੋਂ ਪਤਾ ਕਰਨਾ ਹੈ ਕਿ ਉਸ ਨੇ ਫਿਰੌਤੀ ਮਾਮਲੇ ਵਿੱਚ ਹੋਰ ਕਿਹੜੇ ਕਿਹੜੇ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਆਪਣੇ ਗੰਨ ਹਾਊਸ ’ਚੋਂ ਹਥਿਆਰ ਮੁਹੱਈਆ ਕਰਵਾਏ ਗਏ ਹਨ। ਫਿਰੌਤੀ ਦੇ ਪੈਸਿਆਂ ’ਚੋਂ ਉਸ ਨੂੰ ਕਿੰਨਾ ਹਿੱਸਾ ਆਉਂਦਾ ਸੀ। ਪੁਲੀਸ ਇਹ ਵੀ ਪਤਾ ਕਰ ਰਹੀ ਹੈ ਕਿ ਗਾਇਕ ਗਿੱਪੀ ਗਰੇਵਾਲ ਅਤੇ ਪਰਮੀਸ਼ ਵਰਮਾ ਤੋਂ ਇਲਾਵਾ ਹੋਰ ਕਿਹੜੇ ਵੱਡੇ ਕਾਰੋਬਾਰੀਆਂ ਨੂੰ ਡਰਾ ਧਮਕਾ ਕੇ ਫਿਰੌਤੀਆਂ ਮੰਗੀਆਂ ਗਈਆਂ ਹਨ ਅਤੇ ਕਿੰਨੇ ਲੋਕਾਂ ਨੇ ਡਰਦੇ ਮਾਰੇ ਗੈਂਗਸਟਰਾਂ ਨੂੰ ਪੈਸੇ ਦਿੱਤੇ ਗਏ ਹਨ। (ਬਾਕਸ ਆਈਟਮ) ਪੁਲੀਸ ਸੂਤਰਾਂ ਦੀ ਜਾਣਕਾਰੀ ਅਨੁਸਾਰ ਕਪਿਲ ਦੇਵ ਨੇ ਪੰਜ ਕੁ ਸਾਲ ਪਹਿਲਾਂ ਹੀ ਹਥਿਆਰ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ ਸੀ। ਇਕ ਨੰਬਰ ਵਿੱਚ ਕਮਾਈ ਨਾ ਹੋਣ ਕਰਕੇ ਉਹ ਹਥਿਆਰ ਅਤੇ ਕਾਰਤੂਸਾਂ ਦੇ ਬਿੱਲ ਗਾਇਬ ਕਰ ਦਿੰਦਾ ਸੀ ਅਤੇ ਗੈਂਗਸਟਰਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਅਸਲਾ ਮੁਹੱਈਆ ਕਰਵਾਇਆ ਜਾਂਦਾ ਸੀ। ਜਲਾਲਾਬਾਦ ਗੰਨ ਹਾਊਸ ਵਿੱਚ ਛਾਪੇਮਾਰੀ ਕਰਨ ਤੋਂ ਪਹਿਲਾਂ ਪੁਲੀਸ ਨੇ ਫਾਜ਼ਿਲਕਾ ਦੇ ਗੰਨ ਹਾਊਸ ਅਤੇ ਅਬੋਹਰ ਵਿੱਚ ਗੰਨ ਹਾਊਸ ਦੇ ਮਾਲਕ ਨੂੰ ਫਰਜ਼ੀ ਲਾਇਸੈਂਸ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕਪਿਲ ਦੇਵ ਜਿਨ੍ਹਾਂ ਗੈਂਗਸਟਰਾਂ ਅਤੇ ਹੋਰ ਅਪਰਾਧੀਆਂ ਨੂੰ ਅਸਲਾ ਮੁਹੱਈਆ ਕਰਵਾਇਆ ਗਿਆ ਹੈ, ਉਨ੍ਹਾਂ ਦੀ ਪੈੜ ਨੱਪਣ ਲਈ ਮੁਹਾਲੀ ਪੁਲੀਸ ਵੱਲੋਂ ਸਬੰਧਤ ਮੁਲਜ਼ਮਾਂ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਉਧਰ, ਮੁਹਾਲੀ ਪੁਲੀਸ ਵੱਲੋਂ ਇਸ ਮਾਮਲੇ ਵਿੱਚ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ਼ ਬਾਬਾ, ਅਰਸ਼ਦੀਪ ਸਿੰਘ ਅਤੇ ਰੇਨੂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਅਰਸ਼ਦੀਪ ਸਿੰਘ, ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੀ ਸੋਸ਼ਲ ਮੀਡੀਆ ’ਤੇ ਪ੍ਰਮੋਸ਼ਨ ਦਾ ਕੰਮਕਾਜ ਦੇਖਦਾ ਰਿਹਾ ਹੈ ਅਤੇ ਉਸ ਵੱਲੋਂ ਹੀ ਗੈਂਗਸਟਰਾਂ ਨੂੰ ਗਿੱਪੀ ਗਰੇਵਾਲ ਦੇ ਫੋਨ ਨੰਬਰ ਅਤੇ ਲੋਕੇਸ਼ਨ ਮੁਹੱਈਆ ਕਰਵਾਈ ਜਾਂਦੀ ਸੀ। ਗੈਂਗਸਟਰ ਦਿਲਪ੍ਰੀਤ ਬਾਬਾ ਨੂੰ ਪਹਿਲਾਂ ਹੀ ਮਸ਼ਹੂਰ ਗਾਇਕ ਪਰਮੀਸ਼ ਵਰਮਾ ’ਤੇ ਜਾਨਲੇਵਾ ਹਮਲਾ ਕਰਨ ਅਤੇ ਫਿਰੌਤੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਜੋ ਇਸ ਸਮੇਂ ਨਿਆਇਕ ਹਿਰਾਸਤ ਅਧੀਨ ਜੇਲ੍ਹ ਵਿੱਚ ਬੰਦ ਹੈ। ਉਸ ਦੇ ਖ਼ਿਲਾਫ਼ ਕਈ ਮੁਕੱਦਮੇ ਦਰਜ ਹਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ