nabaz-e-punjab.com

ਜੰਟਾ ਕਤਲ ਕਾਂਡ: ਮੁਹਾਲੀ ਅਦਾਲਤ ਵੱਲੋਂ ਅਕਾਲੀ ਸਮਰਥਕ 8 ਦੋਸ਼ੀਆਂ ਨੂੰ ਉਮਰ ਕੈਦ

ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ ਗੁਰਜੰਟ ਸਿੰਘ ਜੰਟਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 13 ਅਕਤੂਬਰ:
ਮੁਹਾਲੀ ਅਦਾਲਤ ਨੇ ਕਰੀਬ ਚਾਰ ਸਾਲ ਪਹਿਲਾਂ ਲੋਕ ਸਭਾ ਚੋਣਾਂ ਦੀ ਕੁੜੱਤਣ ਦੇ ਚੱਲਦਿਆਂ ਇੱਕ ਨੌਜਵਾਨ ਦੀ ਬੇਰਹਿਮ ਹੱਤਿਆ ਦੇ ਮਾਮਲੇ ਦਾ ਨਿਬੇੜਾ ਕਰਦਿਆਂ ਅਕਾਲੀ ਸਮਰਥਕ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਦੋਸ਼ੀਆਂ ਵਿੱਚ ਕੁਲਦੀਪ ਸਿੰਘ ਉਰਫ਼ ਦੀਪਾ, ਸੁਖਪ੍ਰੀਤ ਸਿੰਘ ਉਰਫ਼ ਰੋਡਾ, ਦਲਬੀਰ ਸਿੰਘ, ਕੰਵਲਜੀਤ ਸਿੰਘ, ਗਗਨਦੀਪ ਸਿੰਘ ਸਾਰੇ ਵਾਸੀ ਪਿੰਡ ਧਰਮਗੜ੍ਹ, ਗੁਰਸੇਵਕ ਸਿੰਘ ਝਿਊਰਹੇੜੀ, ਹਰਪ੍ਰੀਤ ਸਿੰਘ ਵਾਸੀ ਪਿੰਡ ਬਾਕਰਪੁਰ ਅਤੇ ਰੁਪਿੰਦਰ ਸਿੰਘ ਵਾਸੀ ਪਿੰਡ ਲਾਂਡਰਾਂ ਸ਼ਾਮਲ ਹਨ। ਜਦੋਂਕਿ ਇੱਕ ਮੁਲਜ਼ਮ ਗੌਰਵ ਪਟਿਆਲਾ ਵਾਸੀ ਪਿੰਡ ਖੁੱਡਾ ਅਲੀਸ਼ੇਰ ਹਾਲੇ ਤੱਕ ਭਗੌੜਾ ਚਲ ਰਿਹਾ ਹੈ। ਮ੍ਰਿਤਕ ਗੁਰਜੰਟ ਸਿੰਘ ਵਿੱਚ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ 7 ਜੁਲਾਈ 2014 ਦੀ ਦੇਰ ਸ਼ਾਮ ਇੱਥੋਂ ਦੇ ਰੇਲਵੇ ਸਟੇਸ਼ਨ ਨੇੜਲੇ ਪਿੰਡ ਕੰਬਾਲੀ ਦੇ ਮੌਲਾ ਸਰਵਿਸ ਸਟੇਸ਼ਨ ’ਤੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅਕਾਲੀ ਵਰਕਰਾਂ ਨੇ ਕਬੱਡੀ ਖਿਡਾਰੀ ਗੁਰਜੰਟ ਸਿੰਘ ਉਰਫ਼ ਜੰਟਾਂ (25) ਵਾਸੀ ਪਿੰਡ ਸਿਆਊ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਦੋਸ਼ੀਆਂ ਨੇ ਜੰਟੇ ਨੂੰ ਗੰਡਾਸੀਆਂ ਅਤੇ ਕਿਰਪਾਨਾਂ ਨਾਲ ਬੂਰੀ ਤਰ੍ਹਾਂ ਕੱਟ ਸੱੁਟਿਆ ਸੀ। ਉਸ ਦਾ ਦੋਸਤ ਮੇਜਰ ਵਿੱਚ ਜ਼ਖ਼ਮੀ ਹੋ ਗਿਆ ਸੀ। ਖੂਨ ਨਾਲ ਲਥਪਥ ਗੁਰਜੰਟ ਸਿੰਘ ਨੂੰ ਤੁਰੰਤ ਸੈਕਟਰ-32 ਦੇ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਸ ਨੂੰ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਸੀ। ਜਿੱਥੇ ਉਸ ਨੇ ਜ਼ਖ਼ਮਾਂ ਦਾ ਦਰਦ ਨਾ ਸਹਾਰਦੇ ਹੋਏ ਦਮ ਤੋੜ ਦਿੱਤਾ ਸੀ। ਮ੍ਰਿਤਕ ਨੌਜਵਾਨ ਵੀ ਅਕਾਲੀ ਦਲ ਦਾ ਸਮਰਥਕ ਸੀ। ਜਿਸ ਨੇ ਪਿਛਲੀ ਲੋਕ ਸਭਾ ਚੋਣਾਂ ਦੌਰਾਨ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਵੀ ਕੀਤਾ ਸੀ।
ਇਸ ਸਬੰਧੀ ਉਕਤ ਦੋਸ਼ੀਆਂ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਆਈਪੀਸੀ ਦੀ ਧਾਰਾ 302, 341,506, 148 ਤੇ 149 ਅਤੇ ਅਸਲਾ ਐਕਟ ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਸੁਣਵਾਈ ਮੁਹਾਲੀ ਦੀ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਮੋਨਿਕਾ ਗੋਇਲ ਦੀ ਅਦਾਲਤ ਵਿੱਚ ਚਲ ਰਹੀ ਸੀ। ਸ਼ੁੱਕਰਵਾਰ ਨੂੰ ਖੁੱਲ੍ਹੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਉਕਤ ਅੱਠ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ ਵਾਲੀ ਸ਼ਾਮ ਗੁਰਜੰਟ ਸਿੰਘ ਆਪਣੇ ਦੋਸਤ ਮੇਜਰ ਸਿੰਘ ਨਾਲ ਮੌਲਾ ਸਰਵਿਸ ਸਟੇਸ਼ਨ ਉੱਤੇ ਆਪਣੀ ਫੀਗੋ ਗੱਡੀ ਦੀ ਸਰਵਿਸ ਲਈ ਆਇਆ ਸੀ। ਜਿੱਥੇ ਉੱਥੇ ਮੰਜੇ ’ਤੇ ਲੇਟਿਆ ਹੋਇਆ ਸੀ। ਇੰਨੇ ਵਿੱਚ ਦੋ ਗੱਡੀਆਂ ਵਿੱਚ ਸਵਾਰ ਉਕਤ ਵਿਅਕਤੀ ਆਏ। ਜਿਨ੍ਹਾਂ ਨੇ ਆਉਂਦਿਆਂ ਹੀ ਗੰਡਾਸੀਆਂ ਅਤੇ ਕਿਰਪਾਨਾਂ ਨਾਲ ਉਸ ’ਤੇ ਹਮਲਾ ਕਰ ਦਿੱਤਾ। ਹਾਲਾਂਕਿ ਗੁਰਜੰਟ ਅਤੇ ਮੇਜਰ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਗੁਰਜੰਟ ਤਾਰਾਂ ਵਿੱਚ ਉਲਝ ਕੇ ਉੱਥੇ ਜ਼ਮੀਨ ’ਤੇ ਡਿੱਗ ਗਿਆ ਸੀ। ਜਿਸ ਕਾਰਨ ਉਹ ਹਮਲਾਵਰਾਂ ਨੇ ਅੜਿੱਕੇ ਆ ਗਿਆ। ਦੋਸ਼ੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਨੂੰ ਬੂਰੀ ਤਰ੍ਹਾਂ ਕੱਟ ਸੁੱਟਿਆਂ ਸੀ। ਬਾਅਦ ਵਿੱਚ ਹਮਲਾਵਰ ਲਲਕਾਰੇ ਮਾਰਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਸੀ।
ਜ਼ਿਕਰਯੋਗ ਹੈ ਕਿ 30 ਅਪਰੈਲ 2014 ਨੂੰ ਲੋਕ ਸਭਾ ਦੀਆਂ ਵੋਟਾਂ ਵਾਲੇ ਦਿਨ ਸ਼ਾਮੀ ਇੱਥੋਂ ਦੇ ਸੈਕਟਰ-70 ਸਥਿਤ ਅਕਾਲੀ ਦਲ ਦੇ ਚੋਣ ਦਫ਼ਤਰ ਵਿੱਚ ਵੀ ਉਕਤ ਦੋਵੇਂ ਧੜਿਆਂ ਵਿੱਚ ਚੌਧਰ ਨੂੰ ਲੈ ਕੇ ਖੜਕ ਗਈ ਸੀ। ਇਸ ਸਬੰਧੀ ਪਿੰਡ ਧਰਮਗੜ੍ਹ ਦੇ ਵਸਨੀਕ ਸਖਪ੍ਰੀਤ ਸਿੰਘ ਦੇ ਬਿਆਨਾਂ ’ਤੇ ਗੁਰਜੰਟ ਸਿੰਘ, ਗੁੱਗੂ, ਨੀਟੂ ਤੇ ਕਈ ਹੋਰ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 323 ਤੇ 324 ਅਤੇ ਅਸਲਾ ਐਕਟ ਅਧੀਨ ਕੇਸ ਦਰਜ ਕੀਤਾ ਗਿਆ ਸੀ। ਪੀੜਤ ਦਾ ਦੋਸ਼ ਸੀ ਕਿ ਜੰਟੇ ਨੇ ਉਸ ’ਤੇ ਪਿਸਤੌਲ ਤਾਣੀ ਸੀ ਪਰ ਉਸ ਨੇ ਫਾਇਰ ਨਹੀਂ ਸੀ ਕੀਤਾ।
(ਬਾਕਸ ਆਈਟਮ)
ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਦੌਰਾਨ ਮ੍ਰਿਤਕ ਨੌਜਵਾਨ ਦੇ ਪਿਤਾ ਨੇ ਕਿਹਾ ਕਿ ਭਾਵੇਂ ਉਸ ਦਾ ਪੁੱਤ ਵਾਪਸ ਨਹੀਂ ਆ ਸਕਦਾ ਹੈ ਪ੍ਰੰਤੂ ਜ਼ਿਲ੍ਹਾ ਅਦਾਲਤ ਨੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਹੈ। ਬਜ਼ੁਰਗ ਪਿਤਾ ਰਣਧੀਰ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਉਨ੍ਹਾਂ ਦੇ ਪਰਿਵਾਰ ਨੇ ਲੰਮੀ ਲੜਾਈ ਲੜੀ ਹੈ, ਹਾਲਾਂਕਿ ਅਦਾਲਤੀ ਕਾਰਵਾਈ ਦੌਰਾਨ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਹੈ ਪ੍ਰੰਤੂ ਉਨ੍ਹਾਂ ਨੇ ਕਦੇ ਹਾਰ ਨਹੀਂ ਮੰਨੀ। ਉਸ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਤੱਕ ਇਹ ਪਤਾ ਨਹੀਂ ਲੱਗਾ ਕਿ ਦੋਸ਼ੀਆਂ ਨੇ ਉਸ ਦੇ ਇਕਲੌਤੇ ਪੁੱਤ ਨੂੰ ਕਿਹੜੀ ਗੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਸ ਦਾ ਕੀ ਕਸੂਰ ਸੀ। ਪਿਤਾ ਨੇ ਦੱਸਿਆ ਕਿ ਦੋਸ਼ੀ ਤਾਂ ਅਕਸਰ ਉਨ੍ਹਾਂ ਦੇ ਘਰ ਆਇਆ ਜਾਇਆ ਕਰਦੇ ਸੀ ਅਤੇ ਇਕੱਠੇ ਖਾਂਦੇ ਪੀਂਦੇ ਸੀ ਪ੍ਰੰਤੂ ਉਨ੍ਹਾਂ ਨੇ ਉਸ ਦੇ ਜੰਟੇ ਦੀ ਜਾਨ ਲੈ ਲਈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…