ਸੰਨ੍ਹੀ ਐਨਕਲੇਵ ਦੇ ਮਾਲਕ ਜਰਨੈਲ ਬਾਜਵਾ ਨੇ ਹਾਈਕੋਰਟ ਵਿੱਚ ਮੁਆਫ਼ੀ ਮੰਗੀ

ਹਾਈਕੋਰਟ ਨੇ ਜਰਨੈਲ ਬਾਜਵਾ ਨੂੰ 15 ਦਿਨਾਂ ’ਚ ਅਦਾਲਤੀ ਉਲੰਘਣਾ ਸਬੰਧੀ ਜਵਾਬ ਦਾਇਰ ਕਰਨ ਦੇ ਆਦੇਸ਼

ਬਾਜਵਾ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ 53 ਕੇਸ, 39 ਕੇਸਾਂ ਦੀ ਜਾਂਚ ਪੈਂਡਿੰਗ, 6 ਕੇਸਾਂ ’ਚ ਸਮਝੌਤਾ

ਖਰੜ ਪੁਲੀਸ ਨੇ ਪੁਰਾਣੇ ਕੇਸਾਂ ਵਿੱਚ ਪੁੱਛਗਿੱਛ ਲਈ ਮੁਹਾਲੀ ਅਦਾਲਤ ’ਚ ਅਰਜ਼ੀ ਦਾਇਰ, ਮਨਜ਼ੂਰ

ਨਬਜ਼-ਏ-ਪੰਜਾਬ, ਮੁਹਾਲੀ, 30 ਅਗਸਤ:
ਮੁਹਾਲੀ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਸੰਨ੍ਹੀ ਐਨਕਲੇਵ ਦੇ ਮਾਲਕ ਜਰਨੈਲ ਸਿੰਘ ਬਾਜਵਾ ਨੇ ਅੱਜ ਹਾਈ ਕੋਰਟ ਦਾ ਸਖ਼ਤ ਰੂਪ ਦੇਖਦੇ ਹੋਏ ਅੱਜ ਸੁਣਵਾਈ ਦੌਰਾਨ ਸਿੱਧੇ ਤੌਰ ’ਤੇ ਮੁਆਫ਼ੀ ਮੰਗੀ। ਬਾਜਵਾ ਨੂੰ ਅਦਾਲਤੀ ਉਲੰਘਣਾ ਸਬੰਧੀ 15 ਦਿਨਾਂ ਦੇ ਅੰਦਰ-ਅੰਦਰ ਜਵਾਬ ਦਾਇਰ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਉਸ ਦੇ ਖ਼ਿਲਾਫ਼ ਸੋਹਾਣਾ ਥਾਣੇ ਵਿੱਚ ਧੋਖਾਧੜੀ ਦਾ ਕੇਸ ਦਰਜ ਹੈ। ਹਾਲਾਂਕਿ ਬਾਜਵਾ ਨੇ ਕਾਨੂੰਨੀ ਕਾਰਵਾਈ ਤੋਂ ਬਚਨ ਲਈ ਪਹਿਲਾਂ ਐਗਰੀਮੈਂਟ ਤੋਂ ਮੁਨਕਰ ਹੋ ਕੇ ਪੁਲੀਸ ਨੂੰ ਇਹ ਦੱਸਿਆ ਸੀ ਕਿ ਦਸਤਾਵੇਜ਼ਾਂ ’ਤੇ ਉਸ ਦੇ ਦਸਖ਼ਤ ਨਹੀਂ ਹਨ। ਕੇਸ ਦਰਜ ਹੋਣ ਤੋਂ ਬਾਅਦ ਪੁਲੀਸ ਉਸ ਨੂੰ ਗ੍ਰਿਫ਼ਤਾਰ ਨਹੀਂ ਸੀ ਕਰ ਰਹੀ।
ਇਸ ਸਬੰਧੀ ਪੀੜਤ ਕੁਲਦੀਪਕ ਮਿੱਤਲ ਨੇ ਉੱਚ ਅਦਾਲਤ ਦਾ ਬੂਹਾ ਖੜਾ ਕੇ ਇਨਸਾਫ਼ ਦੀ ਗੁਹਾਰ ਲਗਾਈ ਗਈ ਤਾਂ ਨਿਆਪਾਲਕਾਂ ਨੇ ਅਕਤੂਬਰ 2022 ਵਿੱਚ ਬਾਜਵਾ ਦੀ ਜ਼ਮਾਨਤ ਰੱਦ ਕਰ ਦਿੱਤੀ। ਇਸ ਮਗਰੋਂ ਉਹ ਸੁਪਰੀਮ ਕੋਰਟ ਦੀ ਸ਼ਰਨ ਵਿੱਚ ਚਲਾ ਗਿਆ। ਸਿਖਰਲੀ ਅਦਾਲਤ ਨੇ ਬਾਜਵਾ ਨੂੰ ਰਾਹਤ ਦਿੰਦੇ ਹੋਏ ਪੁਲੀਸ ਨੂੰ ਹਦਾਇਤ ਕੀਤੀ ਗਈ ਕਿ ਗ੍ਰਿਫ਼ਤਾਰੀ ਤੋਂ ਪਹਿਲਾਂ ਉਸ (ਬਾਜਵਾ) ਨੂੰ 15 ਦਿਨ ਦਾ ਨੋਟਿਸ ਦਿੱਤਾ ਜਾਵੇ। ਕਿਉਂਜੋ ਬਾਜਵਾ ਖ਼ਿਲਾਫ਼ ਬਹੁਤ ਸਾਰੇ ਪਰਚੇ ਦਰਜ ਹਨ। ਜਦੋਂ ਵੀ ਪੁਲੀਸ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਜਾਂਦੀ ਤਾਂ ਉਹ ਸੁਪਰੀਮ ਕੋਰਟ ਦੇ ਸਟੇਅ ਆਰਡਰ ਦਿਖਾ ਕੇ ਵਾਪਸ ਭੇਜ ਦਿੱਤਾ ਸੀ। ਇਸ ਤਰ੍ਹਾਂ ਪਟੀਸ਼ਨਰ ਨੇ ਮੁੜ ਉਚ ਅਦਾਲਤ ਦਾ ਬੂਹਾ ਖੜ੍ਹਾਉਂਦੇ ਹੋਏ ਕਿਹਾ ਕਿ ਬਾਜਵਾ ਅਦਾਲਤ ਦੇ ਹੁਕਮਾਂ ਦੀ ਗਲਤ ਵਰਤੋਂ ਕਰ ਰਿਹਾ ਹੈ। ਜਿਸ ਕਾਰਨ ਅਦਾਲਤ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਪੁਲੀਸ ਦੀ ਝਾੜ-ਝੰਬ ਕੀਤੀ ਅਤੇ ਬਾਜਵਾ ਨੂੰ ਗ੍ਰਿਫ਼ਤਾਰ ਕਰਕੇ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਗਏ ਪ੍ਰੰਤੂ ਪੰਜਾਬ ਪੁਲੀਸ ਅਤੇ ਸਿਆਸੀ ਆਗੂਆਂ ਨਾਲ ਉਸ ਦਾ ਚੰਗਾ ਰਸੂਖ਼ ਹੋਣ ਕਾਰਨ ਉਹ ਪਿਛਲੇ ਇੱਕ ਸਾਲ ਤੋਂ ਗ੍ਰਿਫ਼ਤਾਰੀ ਤੋਂ ਬਚਦਾ ਆ ਰਿਹਾ ਸੀ।
ਹਾਈ ਕੋਰਟ ਨੇ ਇਸ ਦਾ ਗੰਭੀਰ ਨੋਟਿਸ ਲੈ ਕੇ ਡੀਜੀਪੀ ਨੂੰ ਸੰਨ੍ਹੀ ਐਨਕਲੇਵ, ਬਾਜਵਾ ਡਿਵੈਲਪਰਜ਼ ਅਤੇ ਜਰਨੈਲ ਬਾਜਵਾ ਦੀ ਤਮਾਮ ਜਾਇਦਾਦਾਂ ਸਮੇਤ ਵੱਖ-ਵੱਖ ਥਾਣਿਆਂ ਵਿੱਚ ਉਸ ਵਿਰੁੱਧ ਦਰਜ ਕੇਸਾਂ ਸਬੰਧੀ ਰਿਕਾਰਡ ਲੈ ਕੇ ਨਿੱਜੀ ਤੌਰ ’ਤੇ ਪੇਸ਼ ਹੋਣ ਲਈ ਕਿਹਾ ਗਿਆ ਤਾਂ ਡੀਜੀਪੀ ਵੱਲੋਂ ਲੋਕਲ ਪੁਲੀਸ ਦੇ ਹਵਾਲੇ ਨਾਲ ਕਿਹਾ ਗਿਆ ਕਿ ਬਾਜਵਾ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲੀਸ ਆਪਣੀ ਰਿਪੋਰਟ ਵਿੱਚ ਹਮੇਸ਼ਾ ਇਹ ਲਿਖਦੀ ਰਹੀ ਕਿ ਬਾਜਵਾ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾਂਦੀ ਹੈ, ਪਰ ਉਹ ਪੁਲੀਸ ਨੂੰ ਨਹੀਂ ਮਿਲਿਆ। ਬਾਜਵਾ ਖ਼ਿਲਾਫ਼ ਕਰੀਬ 53 ਕੇਸ ਦਰਜ ਹਨ। ਜਿਨ੍ਹਾਂ ’ਚੋਂ 39 ਮਾਮਲਿਆਂ ’ਚ ਪੁਲੀਸ ਦੀ ਜਾਂਚ ਪੈਂਡਿੰਗ ਹੈ ਜਦੋਂਕਿ 4 ਕੇਸਾਂ ਵਿੱਚ ਸਟੇਅ ਅਤੇ 6 ਕੇਸਾਂ ਵਿੱਚ ਆਪਸੀ ਸਮਝੌਤੇ ਹੋ ਚੁੱਕੇ ਹਨ।
ਸੋਹਾਣਾ ਪੁਲੀਸ ਵੱਲੋਂ ਜਰਨੈਲ ਸਿੰਘ ਬਾਜਵਾ ਦਾ ਅੱਜ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾ ਕੇ ਉਸ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਅਦਾਲਤ ਵੱਲੋਂ ਧਾਰਾ 174 ਤਹਿਤ ਪੁਲੀਸ ਨੂੰ ਆਦੇਸ਼ ਜਾਰੀ ਕੀਤੇ ਗਏ ਸਨ। ਬਾਜਵਾ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਜਾ ਰਿਹਾ। ਵੀਰਵਾਰ ਦੇਰ ਸ਼ਾਮ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਅੱਜ ਅਦਾਲਤ ਨੇ ਬਾਜਵਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ। ਪ੍ਰੰਤੂ ਨਾਲ ਹੀ ਖਰੜ ਸਿਟੀ ਪੁਲੀਸ ਨੇ ਮੁਹਾਲੀ ਅਦਾਲਤ ਵਿੱਚ ਇੱਕ ਅਰਜ਼ੀ ਦਾਇਰ ਕਰਕੇ ਬਾਜਵਾ ਦੇ ਗ੍ਰਿਫ਼ਤਾਰੀ ਵਰੰਟ ਮੰਗੇ ਗਏ। ਖਰੜ ਪੁਲੀਸ ਨੇ ਉਸ ਤੋਂ ਪੁਰਾਣੇ ਕੇਸਾਂ ਵਿੱਚ ਪੁੱਛਗਿੱਛ ਕਰਨੀ ਹੈ। ਅਦਾਲਤ ਨੇ ਖਰੜ ਸਿਟੀ ਪੁਲੀਸ ਦੀ ਅਰਜ਼ੀ ਮਨਜ਼ੂਰ ਕਰ ਲਈ। ਇਸ ਮਗਰੋਂ ਖਰੜ ਪੁਲੀਸ ਬਾਜਵਾ ਨੂੰ ਗ੍ਰਿਫ਼ਤਾਰ ਕਰਕੇ ਲੈ ਗਈ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…