
ਆਪ ਆਗੂ ਜਰਨੈਲ ਸਿੰਘ ਅਤੇ ਮੁਲਾਜ਼ਮ ਆਗੂ ਸੱਜਣ ਸਿੰਘ ਦੀ ਕਰੋਨਾ ਨਾਲ ਮੌਤ
ਨਬਜ਼-ਏ-ਪੰਜਾਬ, ਚੰਡੀਗੜ੍ਹ\ਨਵੀਂ ਦਿੱਲੀ 14 ਮਈ:
ਪੱਤਰਕਾਰ ਤੋਂ ਰਾਜਨੀਤੀ ਵਿੱਚ ਆਏ ਆਪ ਆਗੂ ਜਰਨੈਲ ਸਿੰਘ ਦੀ ਕਰੋਨਾ ਮਹਾਮਾਰੀ ਕਾਰਨ ਮੌਤ ਹੋ ਗਈ। ਉਹ ਨਵੀਂ ਦਿੱਲੀ ਦੇ ਰਾਜੌਰੀ ਗਾਰਡਨ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਸਨ। ਜਰਨੈਲ ਸਿੰਘ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਭਰਾ ਕਰਨੈਲ ਸਿੰਘ ਅਤੇ ਆਪ ਆਗੂ ਜਗਦੇਵ ਸਿੰਘ ਮਲੋਆ ਨੇ ਕੀਤੀ ਹੈ। ਮਲੋਆ ਨੇ ਕਿਹਾ ਕਿ ਜਰਨੈਲ ਸਿੰਘ ਦੀ ਮੌਤ ਨਾਲ ਸਿੱਖ ਕੌਮ ਨੂੰ ਵੱਡਾ ਘਾਟਾ ਪਿਆ ਹੈ। ਸਾਲ 2017 ਵਿੱਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਉਸ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖ਼ਿਲਾਫ਼ ਲੰਬੀ ਹਲਕੇ ਤੋਂ ਚੋਣ ਲੜੀ ਸੀ ਪਰ ਥੋੜ੍ਹੀਆਂ ਵੋਟਾਂ ਨਾਲ ਹਾਰ ਗਏ ਸੀ।
ਉਧਰ, ਮੁਲਾਜ਼ਮ ਸੰਘਰਸ਼ ਲਹਿਰ ਦੇ ਮੋਢੀ ਆਗੂ ਸੱਜਣ ਸਿੰਘ ਦੀ ਅੱਜ ਕਰੋਨਾ ਨਾਲ ਮੌਤ ਹੋ ਗਈ। ਉਹ ਚੰਡੀਗੜ੍ਹ ਦੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਤੇ ਜਨਰਲ ਹਸਪਤਾਲ ਵਿੱਚ ਜੇਰੇ ਇਲਾਜ ਸਨ। ਉਨ੍ਹਾਂ ਦੀ ਮੌਤ ਦੀ ਖ਼ਬਰ ਜੰਗਲ ਦੀ ਅੱਗ ਵਾਂਗ ਫੈਲ ਗਈ। ਸੱਜਣ ਸਿੰਘ ਦੀ ਮੌਤ ਨਾਲ ਮੁਲਾਜ਼ਮ ਵਰਗ ਨੂੰ ਇਕ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਮੁਲਾਜ਼ਮ ਹੱਕਾਂ ਲਈ ਵਿੱਢੇ ਜਾਣ ਵਾਲੇ ਸੰਘਰਸ਼ ਵਿੱਚ ਉਹ ਹਮੇਸ਼ਾ ਸਾਰਿਆਂ ਤੋਂ ਅੱਗੇ ਹੁੰਦੇ ਸੀ।