
ਕੁਸ਼ਤੀ ਦੰਗਲ: ਜੱਸਾ ਪੱਟੀ ਨੇ ਕ੍ਰਿਸ਼ਨ ਦਿੱਲੀ ਨੂੰ ਚਿੱਤ ਕਰਕੇ ਜਿੱਤੀ ਝੰਡੀ ਦੀ ਕੁਸ਼ਤੀ
ਦੋ ਨੰਬਰ ਦੀ ਕੁਸ਼ਤੀ ਹੇਡੋਂ ਜਾਰਜ਼ੀਆ ਤੇ ਅਮ੍ਰਿਤਪਾਲ ਵਿਚਕਾਰ ਬਰਾਬਰ ਰਹੀ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 10 ਅਕਤੂਬਰ:
ਕੁਰਾਲੀ ਦੇ ਨੇੜਲੇ ਪਿੰਡ ਮੀਆਂਪੁਰ ਚੰਗਰ ਦੀ ਛਿੰਝ ਕਮੇਟੀ ਵੱਲੋਂ ਗ੍ਰਾਮ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਗਏ ਕੁਸ਼ਤੀ ਦੰਗਲ ਵਿੱਚ ਪੰਜਾਬ ਭਰ ਦੇ ਵੱਖ ਵੱਖ ਅਖਾੜਿਆਂ ਤੋਂ 200 ਤੋਂ ਵੱਧ ਪਹਿਲਵਾਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਤਾਕਤ ਦੇ ਜ਼ੌਹਰ ਦਿਖਾਏ। ਝੰਡੀ ਦੀ ਕੁਸ਼ਤੀ ਜੱਸਾ ਪੱਟੀ ਅਤੇ ਕ੍ਰਿਸ਼ਨ ਦਿੱਲੀ ਵਿਚਕਾਰ ਹੋਈ। ਇਸ ਕੁਸ਼ਤੀ ਮੁਕਾਬਲੇ ਦੀ ਹੱਥਜੋੜੀ ਯਾਦਵਿੰਦਰ ਸਿੰਘ ਬੰਨੀ ਕੰਗ ਅਤੇ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਕਰਵਾਈ। ਕਾਂਟੇ ਦੀ ਟੱਕਰ ਦੌਰਾਨ ਜੱਸਾ ਪੱਟੀ ਨੇ ਕ੍ਰਿਸ਼ਨ ਦਿੱਲੀ ਦੀ ਕੋਈ ਪੇਸ਼ ਨਾ ਜਾਣ ਦਿੱਤੀ ਅਤੇ ਝੰਡੀ ਆਪਣੇ ਨਾਂਅ ਕੀਤੀ। ਇਸ ਦੌਰਾਨ ਦੋ ਨੰਬਰ ਦੀ ਕੁਸ਼ਤੀ ਵਿੱਚ ਹੇਡੋਂ ਜਾਰਜ਼ੀਆ ਅਤੇ ਅੰਮ੍ਰਿਤਪਾਲ ਵਿਚਕਾਰ ਹੋਈ। ਇਸ ਕੁਸ਼ਤੀ ਦਾ ਉਦਘਾਟਨ ਯੂਥ ਕਾਂਰਗਸ ਦੇ ਹਲਕਾ ਖਰੜ ਦੇ ਪ੍ਰਧਾਨ ਰਾਣਾ ਕੁਸ਼ਲਪਾਲ ਨੇ ਕੀਤੀ। ਇਸ ਕੁਸ਼ਤੀ ਮੁਕਾਬਲੇ ਵਿੱਚ ਦੋਵੇਂ ਪਹਿਲਵਾਨਾਂ ਨੇ ਚੰਗੇ ਜੌਹਰ ਦਿਖਾਏ। ਅੰਤ ਇਹ ਮੁਕਾਬਲਾ ਬੇਸਿੱਟਾ ਰਿਹਾ ਅਤੇ ਦੋਵਾਂ ਨੂੰ ਸਾਂਝੇ ਜੇਤੂ ਐਲਾਨਿਆ ਗਿਆ।
ਇਸ ਮੌਕੇ ਵੱਖ ਵੱਖ ਕੁਸ਼ਤੀ ਦੰਗਲ ਮੁਕਾਬਲਿਆਂ ਵਿੱਚ ਬਿੰਦੂ ਕਾਈਨੌਰ ਨੇ ਵਿਸ਼ੂ ਚੰਡੀਗੜ੍ਹ ਨੂੰ, ਕਾਲਾ ਕੰਸਾਲਾ ਨੇ ਦਿਨੇਸ਼ ਨੂੰ, ਕਮਲਜੀਤ ਮੁੱਲਾਂਪੁਰ ਨੇ ਬਲਰਾਜ ਡੂਮਛੇੜੀ ਨੂੰ, ਰਹਿਮਤਅਲੀ ਨੇ ਗੁਰਿੰਦਰ ਸ਼ਿੰਗਾਰੀਵਾਲ ਨੂੰ, ਗਿੰਦਰ ਚਮਕੌਰ ਸਾਹਿਬ ਨੇ ਗੋਪੀ ਨੂੰ, ਨਰਿੰਦਰ ਗੋਚਰ ਨੇ ਹਰਸ਼ ਮੀਆਂਪੁਰ ਨੂੰ ਕ੍ਰਮਵਾਰ ਚਿੱਤ ਕੀਤਾ। ਇਸ ਤੋਂ ਇਲਾਵਾ ਕਾਕਾ ਤੋਗਾਂ ਤੇ ਕੁਲਵੀਰ, ਬਾਬੂ ਪੱਟੀ ਤੇ ਜੱਗਾ ਬਾਬਾ ਫਲਾਹੀ, ਪੂਰਨ ਚੌਂਤਾ ਤੇ ਗਾਮਾ ਚਮਕੌਰ ਸਾਹਿਬ, ਜਸਵੀਰ ਸ਼ਿੰਗਾਰੀਵਾਲ ਤੇ ਸੁਰਿੰਦਰ ਬਾਬਾ ਫਲਾਹੀ ਵਿਚਕਾਰ ਹੋਏ ਕੁਸ਼ਤੀ ਮੁਕਬਲੇ ਬੇਸਿੱਟਾ ਰਹੇ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖਰੜ ਦੇ ਇੰਚਾਰਜ਼ ਰਣਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਪਿੰਡ ਵਾਸੀਆਂ ਦੇ ਉੱਪਰਾਲੇ ਦੀ ਸ਼ਲਾਘਾ ਕਰਦਿਆਂ ਪਹਿਲਵਾਨਾਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਅਕਾਲੀ ਆਗੂ ਜਥੇਦਾਰ ਮਨਜੀਤ ਸਿੰਘ ਮੰਧੋਂ, ਸਰਬਜੀਤ ਸਿੰਘ ਕਾਦੀਮਾਜਰਾ, ਰੁਲਦਾ ਸਿੰਘ, ਅਮਨਿੰਦਰ ਸਿੰਘ ਖੇੜਾ, ਮਨਜੀਤ ਸਿੰਘ ਖੈਰਪੁਰ, ਚਰਨ ਸਿੰਘ, ਬਲਵੀਰ ਸਿੰਘ, ਦਿਲਬਾਗ ਸਿੰਘ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।