
ਜਸਵਿੰਦਰ ਭੱਲਾ ਤੇ ਸਿੱਧੂ ਭਰਾਵਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਤਿੰਨ ਓਪਨ ਏਅਰ ਜਿਮਾਂ ਦਾ ਉਦਘਾਟਨ
ਲੋਕਾਂ ਦੀ ਚਿਰੋਕਣੀ ਮੰਗ ਪੂਰੀ ਕਰਦਿਆਂ ਫੇਜ਼-10 ਵਿੱਚ ਪਾਰਕਿੰਗ ਵਧਾਉਣ ਲਈ ਪਿੱਛੇ ਕੀਤੀ ਕੰਧ
ਵੱਖ-ਵੱਖ ਸਮਾਗਮਾਂ ਵਿੱਚ ਸਿੱਧੂ ਭਰਾਵਾਂ ਨਾਲ ਮੌਜੂਦ ਰਹੇ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ
ਮੁਹਾਲੀ ਵਿੱਚ ਚੱਲ ਰਹੇ 100 ਕਰੋੜ ਤੋਂ ਵੱਧ ਦੇ ਵਿਕਾਸ ਕਾਰਜ: ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ
ਵਿਕਾਸ ਪੱਖੋਂ ਟਰਾਈਸਿਟੀ ਵਿੱਚ ਚੰਡੀਗੜ੍ਹ ਤੇ ਪੰਚਕੂਲਾ ਨੂੰ ਪਿੱਛੇ ਛੱਡ ਰਿਹਾ ਮੁਹਾਲੀ: ਜਸਵਿੰਦਰ ਭੱਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਦਸੰਬਰ:
ਮੁਹਾਲੀ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ ਤਿੰਨ ਓਪਨ ਏਅਰ ਜਿਮਾਂ ਦਾ ਉਦਘਾਟਨ ਕੀਤਾ ਗਿਆ ਜਦੋਂਕਿ ਇੱਥੋਂ ਦੇ ਫੇਜ਼-10 ਵਿੱਚ ਲੋਕਾਂ ਦੀ ਚਿਰਕੌਣੀ ਮੰਗ ਨੂੰ ਪੂਰਾ ਕਰਦਿਆਂ ਪਾਰਕਿੰਗ ਦੀ ਸੁਵਿਧਾ ਲਈ ਕੰਧ ਨੂੰ ਪਿੱਛੇ ਹਟਾਇਆ ਗਿਆ। ਇਨ੍ਹਾਂ ਕੰਮਾਂ ਉੱਤੇ ਲਗਪਗ 50 ਲੱਖ ਰੁਪਏ ਖਰਚ ਕੀਤੇ ਗਏ ਹਨ। ਇਨ੍ਹਾਂ ’ਚੋਂ ਦੋ ਜਿੰਮਾਂ ਦਾ ਉਦਘਾਟਨ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕੀਤਾ ਅਤੇ ਕੰਧ ਪਿੱਛੇ ਕਰਾਉਣ ਦੇ ਕੰਮ ਦਾ ਉਦਘਾਟਨ ਵੀ ਮੇਅਰ ਜੀਤੀ ਸਿੱਧੂ ਨੇ ਕੀਤਾ ਜਦੋਂਕਿ ਇੱਕ ਓਪਨ ਏਅਰ ਜਿਮ ਜੋ ਕਿ (ਮੇਅਰ ਜੀਤੀ ਸਿੱਧੂ ਦੇ ਵਾਰਡ ਵਿੱਚ ਲਗਾਈ ਗਈ ਹੈ) ਦਾ ਉਦਘਾਟਨ ਪ੍ਰਮੁੱਖ ਕਾਮੇਡੀਅਨ ਜਸਵਿੰਦਰ ਭੱਲਾ ਨੇ ਕੀਤਾ। ਇਸ ਮੌਕੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੀ ਹਾਜ਼ਰ ਸਨ।
ਇਸ ਮੌਕੇ ਬੋਲਦਿਆਂ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਮੁਹਾਲੀ ਵਿੱਚ ਕੋਨੇ ਕੋਨੇ ਵਿਚ ਚੱਲ ਰਹੇ ਵਿਕਾਸ ਕਾਰਜ ਇਸ ਗੱਲ ਦਾ ਪ੍ਰਤੱਖ ਸਬੂਤ ਹਨ ਕਿ ਨਵੀਂ ਚੁਣੀ ਜਾਣ ਵਾਲੀ ਨਗਰ ਨਿਗਮ ਦੀ ਚੋਣ ਮੌਕੇ ਉਨ੍ਹਾਂ ਨੇ ਜੋ ਵੀ ਵਾਅਦੇ ਇਲਾਕਾ ਵਾਸੀਆਂ ਨੂੰ ਕੀਤੇ ਸਨ ਉਹ ਇੱਕ ਕਰਕੇ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਇਸ ਨਵੀਂ ਚੁਣੀ ਗਈ ਨਿਗਮ ਨੂੰ ਇੱਕ ਸਾਲ ਵੀ ਨਹੀਂ ਹੋਇਆ ਪਰ ਜਿੱਥੇ 100 ਕਰੋੜ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ ਉੱਥੇ ਕਈ ਕਰੋੜਾਂ ਰੁਪਏ ਦੇ ਹੋਰ ਵਿਕਾਸ ਕਾਰਜ ਪੂਰੇ ਵੀ ਕਰਵਾਏ ਜਾ ਚੁੱਕੇ ਹਨ।
ਇਸ ਮੌਕੇ ਬੋਲਦਿਆਂ ਪ੍ਰਸਿੱਧ ਕਾਮੇਡੀਅਨ ਜਸਵਿੰਦਰ ਭੱਲਾ ਨੇ ਕਿਹਾ ਕਿ ਮੁਹਾਲੀ ਅੱਜ ਚੰਡੀਗੜ੍ਹ ਅਤੇ ਪੰਚਕੂਲਾ ਨੂੰ ਵੀ ਪਿੱਛੇ ਛੱਡਦਾ ਜਾ ਰਿਹਾ ਹੈ ਅਤੇ ਉਹ ਖ਼ੁਦ ਮੁਹਾਲੀ ਸ਼ਹਿਰ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਦੋਂ ਉਹ ਵਿਦੇਸ਼ਾਂ ਵਿੱਚ ਵੀ ਜਾਂਦੇ ਹਨ ਤਾਂ ਮੁਹਾਲੀ ਸ਼ਹਿਰ ਦੀ ਤਾਰੀਫ਼ ਹਰ ਪਾਸੇ ਸੁਣਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਮੇਅਰ ਵਧੀਆ ਕੰਮ ਕਰ ਰਹੇ ਹਨ ਅਤੇ ਮੁਹਾਲੀ ਵਿੱਚ ਹੋ ਰਹੇ ਵਿਕਾਸ ਕਾਰਜਾਂ ਦਾ ਸਿਹਰਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੇ ਸਿਰ ਜਾਂਦਾ ਹੈ।
ਇਸ ਤੋਂ ਇਲਾਵਾ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਸੈਕਟਰ-70 ਵਿੱਚ ਕੌਂਸਲਰ ਪ੍ਰਮੋਦ ਮਿੱਤਰਾ ਦੇ ਵਾਰਡ ਵਿੱਚ ਇਕ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ ਜਦੋਂਕਿ ਸੈਕਟਰ 70 ਵਿੱਚ ਹੀ ਕੌਂਸਲਰ ਬਲਰਾਜ ਕੌਰ ਧਾਲੀਵਾਲ ਦੇ ਵਾਰਡ ਵਿੱਚ ਇਕ ਹੋਰ ਓਪਨ ਏਅਰ ਜਿਮ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਫੇਜ਼-10 ਵਿੱਚ ਕੌਂਸਲਰ ਨਰਪਿੰਦਰ ਸਿੰਘ ਰੰਗੀ ਦੇ ਵਾਰਡ ਵਿੱਚ ਲੋਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕਰਦਿਆਂ ਕੰਧ ਨੂੰ ਪਿੱਛੇ ਹਟਾ ਕੇ ਪਾਰਕਿੰਗ ਦੀ ਥਾਂ ਦਾ ਬੰਦੋਬਸਤ ਕਰਨ ਦੇ ਕੰਮ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਦੀ ਯੋਗ ਅਗਵਾਈ ਹੇਠ ਮੁਹਾਲੀ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਸਿੱਧੂ ਨੇ ਮੁਹਾਲੀ ਨਗਰ ਨਿਗਮ ਨੂੰ ਲਗਪਗ 65 ਕਰੋੜ ਰੁਪਿਆ ਵੱਖ-ਵੱਖ ਵਿਭਾਗਾਂ ਤੋਂ ਲੈ ਕੇ ਦਿੱਤਾ ਹੈ ਜੋ ਕਿ ਨਗਰ ਨਿਗਮ ਦਾ ਉਨ੍ਹਾਂ ਵੱਲ ਬਕਾਇਆ ਸੀ ਤੇ ਨਾਲ ਹੀ ਗਮਾਡਾ ਨਾਲ ਸਮਝੌਤਾ ਵੀ ਕੀਤਾ ਹੈ ਕਿ ਵਿਕਾਸ ਕਾਰਜਾਂ ਦਾ ਇਕ ਹਿੱਸਾ ਗਮਾਡਾ ਵੱਲੋਂ ਨਗਰ ਨਿਗਮ ਨੂੰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਪਿਛਲੇ ਮੇਅਰ ਨੇ ਗਮਾਡਾ ਨਾਲ ਇਕ ਐਮਓਯੂ ਸਾਈਨ ਕੀਤਾ ਸੀ ਜਿਸ ਦੇ ਤਹਿਤ 50 ਕਰੋੜ ਰੁਪਏ ਪ੍ਰਤੀ ਵਰ੍ਹੇ ਗਮਾਡਾ ਨੇ ਨਗਰ ਨਿਗਮ ਨੂੰ ਦੇਣੇ ਸਨ ਪਰ ਪਿਛਲੇ ਮੇਅਰ ਨੇ ਇੱਕ ਕਾਣੀ ਕੌਡੀ ਵੀ ਗਮਾਡਾ ਤੋਂ ਲੈ ਕੇ ਨਹੀਂ ਆਉਂਦੀ ਜਦੋਂਕਿ ਸਾਬਕਾ ਸਿਹਤ ਮੰਤਰੀ ਤੇ ਹਲਕਾ ਵਿਧਾਇਕ ਸਿੱਧੂ ਨੇ 50 ਕਰੋੜ ਤੋਂ ਵੱਧ ਦੀ ਰਕਮ ਗਮਾਡਾ ਤੋਂ ਦਿਵਾਈ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੀਐਸਪੀਸੀਐਲ ਚੁੰਗੀ ਦੇ ਪੈਸੇ ਬਿਜਲੀ ਬਿੱਲ ਵਿੱਚ ਖਪਤਕਾਰਾਂ ਤੋਂ ਲੈਂਦਾ ਹੈ ਜੋ ਕਿ ਕਾਰਪੋਰੇਸ਼ਨ ਨੂੰ ਦੇਣੇ ਹੁੰਦੇ ਹਨ ਅਤੇ ਪੀਐੱਸਪੀਸੀਐੱਲ ਵੱਲ ਨਗਰ ਨਿਗਮ ਦੇ 30 ਕਰੋੜ ਰੁਪਏ ਤੋਂ ਵੱਧ ਬਕਾਇਆ ਹਨ ਪਰ ਪਿਛਲੇ ਮੇਅਰ ਕੁਲਵੰਤ ਸਿੰਘ ਨੇ ਇਸ ਪਾਸੇ ਵੀ ਕੋਈ ਧਿਆਨ ਨਾ ਦਿੱਤਾ ਤੇ ਹੁਣ ਵਿਧਾਇਕ ਬਲਬੀਰ ਸਿੱਧੂ ਦੀ ਬਦੌਲਤ ਇਸ ਵਿਭਾਗ ਤੋਂ ਵੀ ਦੱਸ ਕਰੋੜ ਦੀ ਰਕਮ ਵਾਪਸ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਵਿਧਾਇਕ ਬਲਬੀਰ ਸਿੱਧੂ ਨੇ ਉਨ੍ਹਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਵਿਕਾਸ ਕਾਰਜਾਂ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਅੱਜ ਮੁਹਾਲੀ ਵਿਚ ਇਸੇ ਦੀ ਬਦੌਲਤ ਲਗਾਤਾਰ ਇਕ ਤੋਂ ਬਾਅਦ ਇੱਕ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜੋ ਕਿ ਲੋਕਾਂ ਦੀਆਂ ਲੋੜਾਂ ਸਨ।