nabaz-e-punjab.com

ਜਸਵਿੰਦਰ ਭੱਲਾ ਦੇ ਘਰ ਲੁੱਟ ਮਾਮਲੇ ਵਿੱਚ ਲੁਟੇਰਿਆਂ ਦੀ ਪੈੜ ਨੱਪਣ ਲਈ ਯਤਨ ਤੇਜ਼, ਨਹੀਂ ਮਿਲਿਆ ਸੁਰਾਗ

ਐਸਪੀ, ਡੀਐਸਪੀ, ਐਸਐਚਓ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਜਾਂਚ ਤੇਜ਼

ਸ਼ਹਿਰ ਤੇ ਟੋਲ ਪਲਾਜ਼ਿਆਂ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਦੀ ਜਾਂਚ

ਨੇਪਾਲੀ ਨੌਕਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰ ਰਹੀ ਹੈ ਮੁਹਾਲੀ ਪੁਲੀਸ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 19 ਮਾਰਚ:
ਇੱਥੋਂ ਦੇ ਫੇਜ਼-7 ਸਥਿਤ ਪੰਜਾਬ ਦੇ ਉੱਘੇ ਕਾਮੇਡੀਅਨ ਅਤੇ ਅਦਾਕਾਰ ਜਸਵਿੰਦਰ ਭੱਲਾ ਦੇ ਘਰ ਵਿੱਚ ਬੀਤੇ ਦਿਨੀਂ ਬਜ਼ੁਰਗ ਮਾਂ ਨੂੰ ਬੰਦੀ ਬਣਾ ਕੇ ਲੁੱਟ ਖੋਹ ਦੇ ਮਾਮਲੇ ਵਿੱਚ ਮੁਹਾਲੀ ਪੁਲੀਸ ਨੇ ਲੁਟੇਰਿਆਂ ਦੀ ਪੈੜ ਨੱਪਣ ਲਈ ਯਤਨ ਤੇਜ਼ ਕਰ ਦਿੱਤੇ ਹਨ। ਇਸ ਸਬੰਧੀ ਐਸਪੀ (ਸਿਟੀ), ਐਸਪੀ (ਡੀ), ਡੀਐਸਪੀ (ਸਿਟੀ-1) ਅਤੇ ਮਟੌਰ ਥਾਣਾ ਦੇ ਐਸਐਚਓ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਵੱਲੋਂ ਅਦਾਕਾਰਾ ਦੇ ਘਰ ਹੋਈ ਲੁੱਟ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ ਲੇਕਿਨ ਅਜੇ ਤਾਈਂ ਪੁਲੀਸ ਨੂੰ ਕੋਈ ਠੋਸ ਸੁਰਾਗ ਨਹੀਂ ਮਿਲਿਆ ਹੈ।
ਮਟੌਰ ਥਾਣਾ ਦੇ ਐਸਐਚਓ ਇੰਸਪੈਕਟਰ ਨਵੀਨਪਾਲ ਸਿੰਘ ਲਹਿਰ ਨੇ ਦੱਸਿਆ ਕਿ ਅਦਾਕਾਰ ਜਸਵਿੰਦਰ ਭੱਲਾ ਦੀ ਬਜ਼ੁਰਗ ਮਾਂ ਨੂੰ ਬਦੀ ਬਣਾ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਦੀ ਪਛਾਣ ਉਨ੍ਹਾਂ ਦੇ ਘਰੇਲੂ ਨੇਪਾਲੀ ਨੌਕਰ ਵਜੋਂ ਹੋਈ ਹੈ, ਜੋ ਕਰੀਬ ਦੋ ਕੁ ਹਫ਼ਤੇ ਪਹਿਲਾਂ ਹੀ ਉਨ੍ਹਾਂ ਦੇ ਘਰ ਨੌਕਰ ਵਜੋਂ ਕੰਮ ਕਰਨ ਆਇਆ ਸੀ। ਭੱਲਾ ਪਰਿਵਾਰ ਨੇ ਲੁਟੇਰੇ ਨੌਕਰ ਨੂੰ ਆਪਣੇ ਪੁਰਾਣੇ ਨੇਪਾਲੀ ਨੌਕਰ ਦੇ ਕਹਿਣ ’ਤੇ ਹੀ ਰੱਖਿਆ ਗਿਆ ਸੀ। ਜਿਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਅਤੇ ਲੁਟੇਰੇ ਵੱਲੋਂ ਘਰ ਦਾ ਸਾਰਾ ਕੀਮਤੀ ਸਾਮਾਨ ਚੋਰੀ ਕਰਨ ਤੋਂ ਇਲਾਵਾ ਘਰ ਵਿੱਚ ਪਈ ਲਾਇਸੈਂਸੀ ਰਿਵਾਲਵਰ ਵੀ ਚੋਰੀ ਕਰ ਕੇ ਲੈ ਗਏ ਹਨ।
ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਦੀਆਂ ਟੀਮਾਂ ਵੱਲੋਂ ਸ਼ਹਿਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਮੇਤ ਮੁੱਖ ਸੜਕਾਂ ’ਤੇ ਟੋਲ ਪਲਾਜ਼ਿਆਂ ਉੱਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਰੇਲਵੇ ਸਟੇਸ਼ਨਾਂ, ਬੱਸ ਅੱਡਿਆਂ ਅਤੇ ਹਵਾਈ ਅੱਡਿਆਂ ਉੱਤੇ ਵੀ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨੇਪਾਲੀ ਨੌਕਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਮੋਬਾਈਲ ਡੰਪ ਚੁੱਕਣ ਸਮੇਤ ਕਾਲ ਡਿਟੇਲ ਇਕੱਠੀ ਕੀਤੀ ਜਾ ਰਹੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਰਾਣੇ ਨੇਪਾਲੀ ਨੌਕਰ ਦੇ ਟਿਕਾਣੇ ਦਾ ਪਤਾ ਕਰਕੇ ਉਸ ਨੂੰ ਜਾਂਚ ਵਿੱਚ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਲੁਟੇਰਿਆਂ ਬਾਰੇ ਸੁਰਾਗ ਮਿਲ ਸਕੇ। ਪੁਲੀਸ ਜਾਣਕਾਰੀ ਅਨੁਸਾਰ ਲੁਟੇਰਾ ਨੌਕਰ, ਭੱਲਾ ਪਰਿਵਾਰ ਦੇ ਪੁਰਾਣੇ
ਨੇਪਾਲੀ ਨੌਕਰ ਦੀ ਰਿਸ਼ਤੇਦਾਰੀ ’ਚੋਂ ਹੀ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਨੌਕਰ ਦੀ ਪੁਲੀਸ ਵੈਰੀਫਿਕੇਸ਼ਨ ਹੋਈ ਸੀ ਲੇਕਿਨ ਨਵੇਂ ਨੇਪਾਲੀ ਨੌਕਰ ਦੀ ਪੁਲੀਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਜਿਸ ਕਾਰਨ ਉਸ ਨੂੰ ਲੱਭਣ ਵਿੱਚ ਸਮਾਂ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …