
ਟੀਡੀਆਈ ਰੈਜ਼ੀਡੈਂਟ ਵੈਲਫੇਅਰ ਸੁਸਾਇਟੀ ਦੀ ਚੋਣ, ਜਸਵਿੰਦਰ ਗਿੱਲ ਨੂੰ ਪ੍ਰਧਾਨ ਚੁਣਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਜੁਲਾਈ:
ਇੱਥੋਂ ਦੇ ਟੀਡੀਆਈ ਸਿਟੀ ਦੇ ਸੈਕਟਰ-111 ਵਿੱਚ ਰੈਜ਼ੀਡੈਂਸ ਵੈੱਲਫੇਅਰ ਸੁਸਾਇਟੀ ਵੱਲੋਂ ਸਥਾਨਕ ਵਸਨੀਕਾਂ ਦਾ ਆਮ ਇਜਲਾਸ ਸੱਦਿਆ ਗਿਆ। ਜਿਸ ਵਿੱਚ ਟੀਡੀਆਈ ਸਿਟੀ ਦੇ ਬਾਸ਼ਿੰਦਿਆਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਗਿੱਲ ਨੂੰ ਪ੍ਰਧਾਨ, ਗੁਰਪ੍ਰੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਚੇਤਨ ਸਿੰਘ ਨੂੰ ਮੀਤ ਹਿਰਦੇਪਾਲ ਕੌਰ ਨੂੰ ਜਨਰਲ ਸਕੱਤਰ, ਪੀਪੀ ਸਿੰਘ ਨੂੰ ਵਿੱਤ ਸਕੱਤਰ, ਸੰਤ ਸਿੰਘ ਨੂੰ ਸਕੱਤਰ, ਜਸਪ੍ਰੀਤ ਸਿੰਘ ਅਤੇ ਜਸਵੀਰ ਸਿੰਘ ਗੜਾਂਗ ਨੂੰ ਪ੍ਰੈਸ ਸਕੱਤਰ ਨੂੰ ਚੁਣਿਆ ਗਿਆ। ਇਸ ਤੋਂ ਇਲਾਵਾ ਰਵੇਲ ਸਿੰਘ, ਕਮਲਜੀਤ ਸਿੰਘ ਸਿੱਧੂ, ਬਲਵੰਤ ਸਿੰਘ, ਗੁਰਿੰਦਰ ਸਿੰਘ, ਰਾਜਿੰਦਰ ਸੂਦ, ਜਰਨੈਲ ਸਿੰਘ ਬਰਾੜ, ਚਰਨਜੀਤ ਸਿੰਘ, ਕੇ.ਕੇ. ਬਾਂਸਲ, ਨਵਦੀਪ ਸਿੰਘ ਅਤੇ ਦੀਪਕ ਆਚਾਰੀਆ ਨੂੰ ਕਾਰਜਕਾਰੀ ਮੈਂਬਰ ਨਾਮਜ਼ਦ ਕੀਤਾ ਗਿਆ।
ਇਸ ਮੌਕੇ ਨਵ-ਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਗਿੱਲ ਨੇ ਸਮੂਹ ਵਸਨੀਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਇਸ ਨੂੰ ਪੁਰੀ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਨਿਭਾਉਣਗੇ ਅਤੇ ਸੈਕਟਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਦੇ ਹੱਲ ਲਈ ਟੀਡੀਆਈ ਦੇ ਮਾਲਕ ਰਵਿੰਦਰ ਤਨੇਜਾ ਨਾਲ ਮੁਲਾਕਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟੀਡੀਆਈ ਦੀਆਂ ਸੜਕਾਂ ਦੀ ਹਾਲਤ ਬਹੁਤ ਮਾੜੀ ਹੈ। ਜਿਸ ਬਾਰੇ ਬਿਲਡਰ ਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਜਾ ਚੁੱਕਾ ਹੈ ਪਰ ਸੜਕਾਂ ਬਣਾਉਣ ਵਿੱਚ ਦੇਰੀ ਕੀਤੀ ਜਾ ਰਹੀ ਹੈ। ਉਨ੍ਹਾਂ ਐਲਾਨ ਕੀਤਾ ਕਿ ਟੀਡੀਆਈ ਸਿਟੀ ਨੂੰ ਹਰਿਆ ਭਰਿਆ ਬਣਾਉਣ ਲਈ ਛੇਤੀ ਹੀ ਪੌਦੇ ਲਗਾਉਣ ਦੀ ਮੁਹਿੰਮ ਵਿੱਢੀ ਜਾਵੇਗੀ।