
ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ 30ਵਾਂ ਯਾਦਗਾਰੀ ਕੁਸ਼ਤੀ ਦੰਗਲ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਇੱਥੋਂ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੀ ਪ੍ਰਬੰਧਕ ਕਮੇਟੀ ਵੱਲੋਂ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ 30ਵਾਂ ਯਾਦਗਾਰੀ ਕੁਸ਼ਤੀ ਦੰਗਲ ਦਾ ਆਯੋਜਨ ਕੀਤਾ ਗਿਆ। ਬ੍ਰਹਮਲੀਨ ਬ੍ਰਹਮਗਿਆਨੀ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੀ ਪ੍ਰੇਰਨਾ ਸਦਕਾ ਕਰਵਾਏ ਗਏ ਇਸ ਕੁਸ਼ਤੀ ਦੰਗਲ ਵਿੱਚ ਪੰਜਾਬ, ਹਰਿਆਣਾ, ਯੂਪੀ ਅਤੇ ਦਿੱਲੀ ਦੇ ਅਖਾੜਿਆਂ ਦੇ 400 ਤੋੱ ਵੀ ਵੱਧ ਉੱਘੇ ਨਾਮੀ ਪਹਿਲਵਾਨਾਂ ਨੇ ਹਿਸਾ ਲਿਆ। ਇਸ ਕੁਸ਼ਤੀ ਦੰਗਲ ਵਿੱਚ 155 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ।
ਇਸ ਮੌਕੇ ਪਹਿਲੀ ਝੰਡੀ ਦੀ ਕੁਸ਼ਤੀ ਪ੍ਰਿਤਪਾਲ ਫਗਵਾੜਾ ਅਤੇ ਮਿਰਜਾ ਈਰਾਨ ਵਿਚਕਾਰ ਫਸਵੀਂ ਅਤੇ ਦਿਲ ਖਿੱਚਵੇਂ ਦਾਅ ਨਾਲ 25 ਮਿੰਟ ਚਲਣ ਤੋਂ ਬਾਅਦ ਬਰਾਬਰ ਰਹੀ। ਦੂਜੀ ਝੰਡੀ ਦੀ ਕੁਸ਼ਤੀ ਪਰਦੀਪ ਜ਼ੀਰਕਪੁਰ ਅਤੇ ਧਰਮਿੰਦਰ ਕੋਹਾਲੀ ਵਿੱਚ 30 ਮਿੰਟ ਚਲਣ ਤੋਂ ਬਾਅਦ ਬਰਾਬਰ ਰਹੀ। ਤੀਜੀ ਝੰਡੀ ਦੀ ਕੁਸ਼ਤੀ ਕਾਲੂ ਬਾਹੜੋਵਾਲ ਅਤੇ ਰਵੀ ਬਹਿੜਾ ਵਿੱਚਕਾਰ ਬਹੁਤ ਹੀ ਦਿਲ ਖਿੱਚਵੀਂ ਅਤੇ ਜ਼ੋਰਦਾਰ ਤਰੀਕੇ ਨਾਲ ਚੱਲੀ। ਅੰਤ ਵਿੱਚ ਕਾਲੂ ਬਾਹੜੋਵਾਲ ਨੇ ਇਸ ਕੁਸ਼ਤੀ ਨੂੰ ਆਪਣੇ ਨਾਮ ਕੀਤਾ।
ਗੁਰਦੁਆਰਾ ਕਮੇਟੀ ਦੇ ਬੁਲਾਰੇ ਨੇ ਦੱਸਿਆ ਕਿ ਕੁਸ਼ਤੀ ਦੰਗਲ ਵਿੱਚ ਕਈ ਦਿਲਚਸਪ ਅਤੇ ਫਸਵੀਆਂ ਕੁਸ਼ਤੀਆਂ ਹੋਈਆਂ, ਜਿਨ੍ਹਾਂ ਵਿੱਚ ਤਾਲਵ ਬਾਬਾ ਫਲਾਈ ਅਤੇ ਸੁਕੇਸ਼ ਪਟਿਆਲਾ, ਬਾਜ ਰੋਣੀ ਅਤੇ ਜੱਗਾ ਆਲਮਗੀਰ ਦੀਆਂ ਕੁਸ਼ਤੀਆਂ ਵਰਨਣਯੋਗ ਹਨ। ਕੁਸ਼ਤੀ ਦੰਗਲ ਤੋਂ ਬਿਨਾਂ ਪਹਿਲਵਾਨਾਂ ਨੇ ਆਪਣੇ ਸਰੀਰਕ ਤਾਕਤ ਦੇ ਕਈ ਤਰ੍ਹਾਂ ਦੇ ਕਰਤੱਬ ਵੀ ਵਿਖਾਏ, ਜਿਸ ਵਿੱਚ ਇੱਕ ਪਹਿਲਵਾਨ ਨੇ ਢਾਈ ਕੁਇੰਟਲ ਮਿੱਟੀ ਦੀ ਬੋਰੀ ਨੂੰ ਪਿੱਠ ਤੇ ਚੁੱਕ ਕੇ ਪਿੜ੍ਹ ਦਾ ਗੇੜਾ ਦਿੱਤਾ। ਇਸ ਮੌਕੇ ਨਾਜਰ ਡਡੋਲੀਖੇੜੀ ਅਤੇ ਜੱਸੀ ਰਹੀਯਾਵਾੜ ਨੇ ਕੁਮੈਂਟਰੀ ਦੇ ਨਾਲ ਕੁਸ਼ਤੀ ਦੰਗਲ ਦੀ ਪਰੰਪਰਾ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿਤੀ।
ਉਨ੍ਹਾਂ ਦੱਸਿਆ ਕਿ ਪਹਿਲਵਾਨਾਂ ਦੀ ਹੱਥ ਜੋੜੀ ਗੁਰਦੁਆਰਾ ਪ੍ਰਬੰਧਕ ਕਮੇਟੀ, ਬੂਟਾ ਸਿੰਘ, ਪਰਮਿੰਦਰ ਸਿੰਘ ਸੋਹਾਣਾ (ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ) ਦਵਿੰਦਰ ਬੌਬੀ, ਹਰਜੀਤ ਸਿੰਘ ਭੋਲੂ (ਕੌਂਸਲਰ), ਗੁਰਦੀਪ ਗੱਗਾ (ਸਾਬਕਾ ਸਰਪੰਚ), ਸੁਭਾਸ਼ ਸ਼ਰਮਾ, ਸੁਰਿੰਦਰ ਰੋਡਾ, ਨੀਨੂੰ ਚੌਧਰੀ, ਮਿੰਦਰ ਸੋਹਾਣਾ ਨੇ ਕਰਵਾਈ। ਇਸ ਕੁਸ਼ਤੀ ਦੰਗਲ ਵਿੱਚ ਪਹਿਲੀ ਝੰਡੀ ਦੀ ਕੁਸ਼ਤੀ 1 ਲੱਖ 50 ਹਜ਼ਾਰ ਰੁਪਏ, ਦੂਜੀ ਝੰਡੀ ਦੀ ਕੁਸ਼ਤੀ 1 ਲੱਖ ਰੁਪਏ, ਤੀਜੀ ਝੰਡੀ ਦੀ ਕੁਸ਼ਤੀ 61 ਹਜ਼ਾਰ ਰੁਪਏ ਤੋਂ ਇਲਾਵਾ ਸਾਰੀਆਂ ਕੁਸ਼ਤੀਆਂ ਦੇ ਜੇਤੂ ਪਹਿਲਵਾਨਾਂ ਨੂੰ ਯੋਗਤਾ ਅਨੁਸਾਰ ਰਾਸ਼ੀ ਦਿੱਤੀ ਗਈ। ਰੈਫਰੀ ਦੀ ਸੇਵਾ ਰਾਜਾ ਚੰਡੀਗੜ੍ਹ, ਤਿੱਤਰ ਸੋਹਾਣਾ, ਦੀਪਾ ਬਾਬਾ ਫਲਾਈ, ਸੰਤ ਸਿੰਘ ਮਾਮੂਪੁਰ ਨੇ ਨਿਭਾਈ। ਕੁਸ਼ਤੀ ਦੰਗਲ ਵਿੱਚ ਇਲਾਕੇ ਦੇ ਪਹਿਲਵਾਨਾਂ ਅਤੇ ਸਾਰੇ ਅਖਾੜਿਆਂ ਦੇ ਕੋਚਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਦੇਸ਼ ਕੌਮ ਅਤੇ ਧਰਮ ਬਚਾਉਣ ਖਾਤਰ ਅੰਗਰੇਜ਼ਾਂ ਨਾਲ ਕੀਤੀ ਜੰਗ ਵਿੱਚ ਹਜ਼ਾਰਾਂ ਸਿੰਘਾਂ ਸਮੇਤ ਇਸ ਅਸਥਾਨ ਤੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਅਮਰ ਸ਼ਹੀਦ ਜੱਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੀ ਯਾਦ ਵਿੱਚ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਕੁਸ਼ਤੀ ਦੰਗਲ ਕਰਾਉਣ ਦਾ ਮੁੱਖ ਮੰਤਵ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਪਤਿਤਪੁਣੇ ਤੋਂ ਬਚਾਉਣਾ ਹੈ ਤਾਂ ਜੋ ਉਹ ਚੰਗੇ ਉਸਾਰੂ ਕੰਮ ਕਰ ਕੇ ਦੇਸ਼ ਦੀ ਉਨਤੀ ਅਤੇ ਤਰੱਕੀ ਵਿੱਚ ਆਪਣਾ ਯੋਗਦਾਨ ਪਾ ਸਕਣ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ, ਨੰਬਰਦਾਰ ਹਰਵਿੰਦਰ ਸਿੰਘ, ਬੂਟਾ ਸਿੰਘ ਸੋਹਾਣਾ ਅਤੇ ਕੌਂਸਲਰ ਹਰਜੀਤ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।