ਮੁਹਾਲੀ ਵਿੱਚ ਕੇਸਾਧਾਰੀ ਗੋਲਡ ਹਾਕੀ ਕੱਪ ਲਈ ਸਿੱਖ ਨੌਜਵਾਨਾਂ ’ਚ ਭਾਰੀ ਉਤਸ਼ਾਹ, ਜਥੇਦਾਰ ਬ੍ਰਹਮਪੁਰਾ ਕਰਨਗੇ ਉਦਘਾਟਨ

ਅਖੀਰਲੇ ਦਿਨ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੰਡਣਗੇ ਜੇਤੂ ਟੀਮ ਨੂੰ ਇਨਾਮ

ਕਰਨੈਲ ਸਿੰਘ ਪੀਰਮੁਹੰਮਦ ਤੇ ਹੋਰਨਾਂ ਆਗੂਆਂ ਨੇ ਕੀਤੀ ਜਥੇਦਾਰ ਬ੍ਰਹਮਪੁਰਾ, ਸੇਖਵਾਂ ਤੇ ਹੋਰ ਆਗੂਆਂ ਨਾਲ ਮੁਲਾਕਾਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਇੰਟਰਨੈਸ਼ਨਲ ਸਿੱਖ ਖੇਡ ਕੌਂਸਲ ਵੱਲੋਂ ਮੁਹਾਲੀ ਵਿੱਚ 31 ਜਨਵਰੀ ਤੋਂ 4 ਫਰਵਰੀ ਤੱਕ ਕਰਵਾਏ ਜਾ ਰਹੇ ਦੂਜੇ ਪੰਜ ਰੋਜ਼ਾ ਕੇਸਾਧਾਰੀ ਹਾਕੀ ਗੋਲਡ ਕੱਪ ਨੂੰ ਲੈ ਕੇ ਸਿੱਖ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਜੰਗੀ ਪੱਧਰ ’ਤੇ ਚਲ ਰਹੀਆਂ ਹਨ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਖੇਡ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰਮੁਹੰਮਦ ਅਤੇ ਪ੍ਰਧਾਨ ਜਸਬੀਰ ਸਿੰਘ ਮੁਹਾਲੀ ਨੇ ਦੱਸਿਆ ਕਿ ਇੱਥੋਂ ਦੇ ਹਾਕੀ ਸਟੇਡੀਅਮ ਵਿੱਚ ਕਰਵਾਏ ਜਾ ਰਹੇ ਇਸ ਕੇਸਾਧਾਰੀ ਗੋਲਡ ਕੱਪ ਦੀ ਜੇਤੂ ਟੀਮ ਨੂੰ 5 ਲੱਖ ਰੁਪਏ ਦੀ ਕੀਮਤ ਦਾ ਗੋਲਡ ਕੱਪ ਦਿੱਤਾ ਜਾਵੇਗਾ। ਇਸ ਦੌਰਾਨ 8 ਟੀਮਾਂ ਦੇ ਫਸਵੇਂ ਮੁਕਾਬਲੇ ਹੋਣਗੇ ਅਤੇ ਇਹ ਸਾਰੀਆਂ ਟੀਮਾਂ ਪੂਰਨ ਸਿੱਖੀ ਸਰੂਪ ਵਾਲੀਆਂ ਹੋਣਗੀਆਂ।
ਪ੍ਰਬੰਧਕਾਂ ਨੇ ਦੱਸਿਆ ਕਿ ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਪਹਿਲੇ ਦਿਨ 31 ਜਨਵਰੀ ਨੂੰ ਸਵੇਰੇ 9 ਵਜੇ ਹਾਕੀ ਗੋਲਡ ਕੱਪ ਦਾ ਉਦਘਾਟਨ ਕਰਨਗੇ। ਇਸ ਸਬੰਧੀ ਉਨ੍ਹਾਂ ਨੇ ਅੱਜ ਜਥੇਦਾਰ ਬ੍ਰਹਮਪੁਰਾ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਕੇਸਾਧਾਰੀ ਗੋਲਡ ਕੱਪ ਦਾ ਉਦਘਾਟਨ ਕਰਨ ਦਾ ਸੱਦਾ ਦਿੱਤਾ ਗਿਆ। ਜਿਸ ਨੂੰ ਟਕਸਾਲੀ ਆਗੂ ਨੇ ਪ੍ਰਵਾਨ ਕਰਦਿਆ ਪ੍ਰਬੰਧਕਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿੱਚ ਸਿੱਖੀ ਸਰੂਪ ਵਾਲੇ ਖਿਡਾਰੀਆਂ ਨੂੰ ਵਿਸ਼ਵ ਪੱਧਰ ’ਤੇ ਬੁਲੰਦੀਆਂ ’ਤੇ ਦੇਖਣਾ ਚਾਹੁੰਦੇ ਹਨ। ਪ੍ਰਬੰਧਕਾਂ ਨੇ ਦੱਸਿਆ ਕਿ ਅਖੀਰਲੇ ਦਿਨ ਰਾਜ ਸਭਾ ਦੇ ਮੈਂਬਰ ਸੁਖਦੇਵ ਸਿੰਘ ਢੀਂਡਸਾ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕਰਨਗੇ। ਉਨ੍ਹਾਂ ਦੱਸਿਆ ਕਿ ਪ੍ਰਸਿੱਧ ਕਾਰੋਬਾਰੀ ਤੇ ਸਮਾਜ ਸੇਵੀ ਐਸਪੀ ਸਿੰਘ ਉਬਰਾਏ ਨੇ ਪ੍ਰਬੰਧਕਾਂ ਦਾ ਹੌਸਲਾ ਵਧਾਉਂਦਿਆਂ ਗੋਲਡ ਕੱਪ ਤੋਂ ਇਲਾਵਾ ਇੱਕ ਲੱਖ ਰੁਪਏ ਵਿੱਤੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ ਹੈ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾਂ, ਜਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਐਡਵੋਕੇਟ ਜਗਰੂਪ ਸਿੰਘ ਸੇਖਵਾਂ, ਫੈਡਰੇਸ਼ਨ ਆਗੂ ਪਰਮਜੀਤ ਸਿੰਘ ਤਨੇਲ, ਫੈਡਰੇਸ਼ਨ ਇਸਤਰੀ ਵਿੰਗ ਦੀ ਪ੍ਰਧਾਨ ਮਨਦੀਪ ਕੌਰ ਸੰਧੂ, ਜਥੇਦਾਰ ਉਜਾਗਰ ਸਿੰਘ ਬੰਡਾਲੀ, ਸਾਹਿਬ ਸਿੰਘ ਬੰਡਾਲੀ, ਜਥੇਦਾਰ ਮੱਖਣ ਸਿੰਘ ਨੰਗਲ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਕਨਵੀਨਰ ਜਗਰੂਪ ਸਿੰਘ ਚੀਮਾ, ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅੰਮ੍ਰਿਤਪਾਲ ਸਿੰਘ ਬਿੱਲਾ, ਜਨਰਲ ਸਕੱਤਰ ਮਹਾਵੀਰ ਸਿੰਘ, ਪ੍ਰੈੱਸ ਸਕੱਤਰ ਮਨਮੋਹਨ ਸਿੰਘ, ਤਾਲਮੇਲ ਸਕੱਤਰ ਅਮਰੀਕ ਸਿੰਘ ਭਾਗੋਵਾਲੀਆਂ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In Sports

Check Also

Archer Avneet Kaur wins Bronze Medal in World Cup

Archer Avneet Kaur wins Bronze Medal in World Cup Sports Minister Meet Hayer congratulates…