nabaz-e-punjab.com

ਜਥੇਦਾਰ ਮੱਕੜ ’ਤੇ ਪੂਰੀ ਤਰ੍ਹਾਂ ਢੁਕਦੀ ਹੈ ‘ਸੌ ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ’ ਵਾਲੀ ਕਹਾਵਤ

ਜੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਬਚਾਉਣਾ ਹੈ ਤਾਂ ਪੂਰੇ ਵਿਧੀ ਵਿਧਾਨ ਨੂੰ ਬਦਲਣਾ ਪਵੇਗਾ: ਭਾਈ ਹਰਦੀਪ ਸਿੰਘ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 6 ਸਤੰਬਰ:
ਸਿੱਖ ਅਤੇ ਪੰਥਕ ਮਸਲਿਆਂ ਬਾਰੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਦੀ ਮੀਡੀਆ ਵਿੱਚ ਟਿੱਪਣੀ ਤੋਂ ਸਿਆਸਤ ਭਖ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਆਖਰਕਾਰ ਸ੍ਰੀ ਮੱਕੜ ਨੇ ਲਾਹਨਤਮਈ ਸੱਚ ਕਬੂਲ ਕਰਕੇ ਡੇਰਾ ਸਿਰਸਾ ਸਾਧ ਦੇ ਮੁਆਫ਼ੀਨਾਮੇ ਵਾਲੇ ਫੈਸਲੇ ਦਾ ਖੁਲਾਸਾ ਕਰਨ ਨਾਲ ਪਿਛਲੇ 15-20 ਸਾਲਾਂ ਤੋਂ ਕਹੀ ਜਾ ਕਹੀ ਗੱਲ ਦੀ ਤਸਦੀਕ ਹੋਈ ਹੈ।
ਅੱਜ ਇੱਥੇ ਜਾਰੀ ਬਿਆਨ ਵਿੱਚ ਭਾਈ ਹਰਦੀਪ ਸਿੰਘ ਨੇ ਕਿਹਾ ਕਿ ਕਈ ਅਕਾਲੀ ਆਗੂ ਜੋ ਦੇਰ ਨਾਲ ਹੀ ਸਹੀ ਨੂੰ ਸਹੀ ਹੁਣ ਬਦਲੇ ਹੋਏ ਹਾਲਾਤਾਂ ਦੇ ਚੱਲਦਿਆਂ ਗਲਤ ਨੂੰ ਗਲਤ ਕਹਿਣ ਦਾ ਹੌਂਸਲਾ ਕਰ ਰਹੇ ਹਨ। ਉਹ ਸਾਰੇ ਆਗੂ ਪ੍ਰਸ਼ੰਸ਼ਾ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਜੇ ਸਿੱਖਾਂ ਦੀਆਂ ਸੰਸਥਾਵਾਂ ਨੂੰ ਬਚਾਉਣਾ ਹੈ ਤਾਂ ਪੂਰੇ ਵਿਧੀ ਵਿਧਾਨ ਨੂੰ ਬਦਲਣਾ ਪਵੇਗਾ। ਉਨ੍ਹਾਂ ਕਿਹਾ ਕਿ ਮੱਕੜ ਨੇ ਖ਼ੁਦ ਮੰਨਿਆਂ ਹੈ ਕਿ ਡੇਰਾ ਸਿਰਸਾ ਵਾਲੇ ਬਾਬੇ ਨੂੰ ਮੁਆਫ਼ੀ ਦੇਣ ਦਾ ਫੈਸਲਾ ਬਾਦਲ ਪਰਿਵਾਰ ਵੱਲੋਂ ਕੀਤਾ ਗਿਆ ਸੀ ਅਤੇ ਸ੍ਰੀ ਮੱਕੜ ਦੇ ਬਿਆਨ ਨਾਲ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਕਰੀਬ ਦੋ ਦਹਾਕੇ ਤੋਂ ਬਾਦਲ ਪਰਿਵਾਰ ਹੀ ਚਲਾਉਂਦਾ ਆ ਰਿਹਾ ਹੈ।
ਭਾਈ ਹਰਦੀਪ ਸਿੰਘ ਨੇ ਕਿਹਾ ਕਿ ਉਕਤ ਘਟਨਾਕ੍ਰਮ ਲਈ ਮੱਕੜ ਵੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਹਨ। ਇਸ ਲਈ ਉਨ੍ਹਾਂ (ਮੱਕੜ) ਨੂੰ ਖ਼ੁਦ ਵੀ ਸਮੁੱਚੇ ਪੰਥ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ੍ਰੀ ਮੱਕੜ ਦੇ ਕਾਰਜਕਾਲ ਦੌਰਾਨ ਹੋਰ ਵੀ ਅਨੇਕਾਂ ਪੰਥ ਵਿਰੋਧੀ ਫੈਸਲੇ ਹੋਏ ਅਤੇ ਪੰਥ ਵਿਰੋਧੀ ਤਾਕਤਾਂ ਦਾ ਏਜੰਡਾ ਐਸਜੀਪੀਸੀ ਰਾਹੀਂ ਲਾਗੂ ਹੁੰਦਾ ਰਿਹਾ ਹੈ। ਉਨ੍ਹਾਂ ਦਾ ਸੱਚ ਸ੍ਰ. ਮੱਕੜ ਕਦੋਂ ਉਜਾਗਰ ਕਰਨਗੇ। ਹਾਲਾਂਕਿ ਇਹ ‘ਸੌ ਚੂਹੇ ਖਾ ਕੇ ਬਿੱਲੀ ਚੱਲੀ ਹੱਜ ਨੂੰ’ ਵਾਲੀ ਕਹਾਵਤ ਸ੍ਰ. ਮੱਕੜ ’ਤੇ ਪੂਰੀ ਤਰ੍ਹਾਂ ਢੁਕਦੀ ਹੈ, ਪਰ ਫਿਰ ਵੀ ਸ੍ਰ. ਮੱਕੜ ਵੱਲੋਂ ਕੌਮ ਨਾਲ ਕਮਾਏ ਕਥਿਤ ਧ੍ਰੋਹ ਬਦਲੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਤਿਗੁਰੂ ਪਾਤਸ਼ਾਹ ਅੱਗੇ ਪੇਸ਼ ਹੋ ਕੇ ਗੁਰੂ ਪੰਥ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪਿਛਲੇ ਕਈ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸੇਵਾਦਾਰ ਬਾਦਲਾਂ ਦੀਆਂ ਉਂਗਲਾ ਉੱਤੇ ਨੱਚਦੇ ਰਹੇ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ

ਪੰਜਾਬ ਸਰਕਾਰ, ਮੁਹਾਲੀ ਵਿੱਚ ਬਣਾਏਗੀ ਅਤਿ-ਆਧੁਨਿਕ ਵਰਕਿੰਗ ਵਿਮੈਨ ਹੋਸਟਲ, ਮਨਜ਼ੂਰੀ ਤੇ ਫ਼ੰਡ ਵੀ ਮਿਲੇ ਮੁੱਖ …