nabaz-e-punjab.com

ਜਥੇਦਾਰ ਕੁੰਭੜਾ ਵੱਲੋਂ ਧਾਰਮਿਕ ਅਸਥਾਨਾਂ ਵਿੱਚ ਲੰਗਰ ਉੱਤੇ ਜੀਐਸਟੀ ਤੁਰੰਤ ਹਟਾਉਣ ਦੀ ਮੰਗ

ਕੇਂਦਰ ਸਰਕਾਰ ਤੋਂ ਪਹਿਲਾਂ ਪੰਜਾਬ ਸਰਕਾਰ ਵੀ ਆਪਣੇ ਹਿੱਸੇ ਦਾ ਜੀਐਸਟੀ ਮੁਆਫ਼ ਕਰੇ: ਜਥੇਦਾਰ ਕੁੰਭੜਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜੁਲਾਈ:
ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਨੇ ਲੰਗਰ ਉਤੇ ਜੀ.ਐਸ.ਟੀ. ਲਗਾਏ ਜਾਣ ’ਤੇ ਤਿੱਖਾ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਇਹ ਸੰਜੀਦਾ ਮਸਲਾ ਹੱਲ ਕਰਨ ਅਤੇ ਸਿੱਖ ਧਰਮ ਅਸਥਾਨਾਂ ਸਮੇਤ ਬਾਕੀ ਧਾਰਮਿਕ ਅਸਥਾਨਾਂ ’ਤੇ ਲਾਇਆ ਜੀ.ਐਸ.ਟੀ. ਤੁਰੰਤ ਹਟਾਉਣ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਹੱਜ, ਅਜਮੇਰ ਉਰਸ, ਅਮਰਨਾਥ ਯਾਤਰਾ ਤੇ ਕਾਂਵੜ ਕੈਂਪਾਂ ਨੂੰ ਮਾਇਕ ਸਹਾਇਤਾ ਦਿੰਦੀ ਹੈ ਪਰ ਇੱਥੇ ਤਾਂ ਕਿਸੇ ਪ੍ਰਕਾਰ ਦੀ ਸਹਾਇਤਾ ਮੰਗਣ ਦੀ ਬਜਾਇ ਸਿਰਫ਼ ਟੈਕਸ ਛੋਟ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੰਵਿਧਾਨ ਸਾਨੂੰ ਭੋਜਨ ਅਤੇ ਧਰਮ ਚੁਣਨ ਦੀ ਆਜ਼ਾਦੀ ਦਿੰਦਾ ਹੈ ਪਰ ਜੀ.ਐਸ.ਟੀ. ਦਾ ਟੈਕਸ ਢਾਂਚਾ ਇਸ ’ਤੇ ਭਿਆਨਕ ਸੱਟ ਮਾਰ ਰਿਹਾ ਹੈ। ਕੇਂਦਰ ਸਰਕਾਰ ਨੇ ਅਜਿਹਾ ਕਰਕੇ ਦੇਸ਼ ਦੇ ਕਰੀਬ ਸਵਾ ਸੌ ਕਰੋੜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਜਥੇਦਾਰ ਕੁੰਭੜਾ ਨੇ ਬੀਤੇ ਦਿਨੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਦਿੱਤੇ ਬਿਆਨ ਕਿ ‘ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਕੇਂਦਰ ਸਰਕਾਰ ਤੱਕ ਪਹੁੰਚ ਕਰਨ ਤੋਂ ਪਹਿਲਾਂ ਪੰਜਾਬ ਦੇ ਹਿੱਸੇ ਦਾ 50 ਫੀਸਦੀ ਜੀ.ਐਸ.ਟੀ. ਮੁਆਫ਼ ਕਰੇ’ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੀ ਇਸ ਪਾਸੇ ਵੱਲ ਤੁਰੰਤ ਗੌਰ ਕਰੇ। ਉਨ੍ਹਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਣ ਵਾਲੀਆਂ ਵਸਤਾਂ ਉੱਤੇ ਜੀ.ਐੱਸ.ਟੀ ਲਾਉਣਾ ਜਾਇਜ਼ ਨਹੀਂ ਹੈ, ਕਿਉਂਕਿ ਇਨ੍ਹਾਂ ਸੰਸਥਾਵਾਂ ਦੀ ਆਮਦਨ ਦਾ ਕੋਈ ਸ੍ਰੋਤ ਨਹੀਂ ਤੇ ਇਹ ਦਾਨ ਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। ਇਸ ਲਈ ਧਾਰਮਿਕ ਸੰਸਥਾਵਾਂ ਨੂੰ ਜੀ.ਐਸ.ਟੀ. ਤੋਂ ਛੋਟ ਦਿੱਤੀ ਜਾਣੀ ਚਾਹੀਦੀ ਹੈ।

Load More Related Articles
Load More By Nabaz-e-Punjab
Load More In General News

Check Also

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਖ਼ੁਸ਼ੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਨਬਜ਼-ਏ-ਪੰਜਾਬ, ਮੁਹਾਲੀ, 13…