ਜਥੇਦਾਰ ਲੰਗਾਹ ਦੀ ਅਸ਼ਲੀਲ ਵੀਡੀਓ ਨੇ ਕੌਮ ਨੂੰ ਸ਼ਰਮਸਾਰ ਕੀਤਾ: ਸੰਘੇੜਾ

ਕਾਂਗਰਸ ਸਰਕਾਰ ’ਤੇ ਅਕਾਲੀ-ਭਾਜਪਾ ਸਰਕਾਰ ਦੇ ਕਥਿਤ ਭ੍ਰਿਸ਼ਟ ਮੰਤਰੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਨ ਦਾ ਦੋਸ਼

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 4 ਅਕਤੂਬਰ:
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਣੀ ਕਾਂਗਰਸ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਅਕਾਲੀ-ਭਾਜਪਾ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਬਚਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ ਰਹੇ ਹਨ ਅਤੇ ਕੈਪਟਨ-ਬਾਦਲ ਪਰਿਵਾਰ ਅੰਦਰੋਖਾਤੇ ਇੱਕਜੁੱਟ ਹਨ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਜਗਤਾਰ ਸਿੰਘ ਸੰਘੇੜਾ ਨੇ ਕੁਰਾਲੀ ਵਿਖੇ ਨਰਿੰਦਰ ਸਿੰਘ ਸ਼ੇਰਗਿੱਲ ਦੇ ਦਫਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਇਸ ਦੌਰਾਨ ‘ਆਪ’ ਦੇ ਜਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਕੁਰਾਲੀ ਦੇ ਅਹੁਦੇਦਾਰਾਂ ਨੇ ਜਗਤਾਰ ਸਿੰਘ ਸੰਘੇੜਾ ਦਾ ਸਨਮਾਨ ਕੀਤਾ।
ਇਸ ਮੌਕੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕੁਰਬਾਨੀਆਂ ਦੇ ਇਤਿਹਾਸ ਤੇ ਸਿਰਜੀ ਪਾਰਟੀ ਹੈ ਪਰ ਅੱਜ ਦੇ ਅਕਾਲੀਆਂ ਨੇ ਸਾਰੀਆਂ ਹੱਦਾਂ ਬੰਨੇ ਟੱਪਦੇ ਹੋਏ ਪਾਰਟੀ ਨੂੰ ਸ਼ਰਮਸਾਰ ਕੀਤਾ ਹੈ ਜਿਸ ਦੀ ਮਿਸ਼ਾਲ ਪਿਛਲੇ ਦਿਨੀ ਐਸ.ਜੀ.ਪੀ.ਸੀ ਮੈਂਬਰ ਅਤੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਸਾਹਮਣੇ ਇੱਕ ਅਸ਼ਲੀਲ ਵੀਡੀਓ ਅਤੇ ਉਸ ਤੋਂ ਪਹਿਲਾਂ ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਦੀ ਅਸ਼ਲੀਲ ਵੀਡੀਓ ਨੇ ਪ੍ਰਤੱਖ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਇਹਨਾਂ ਘਟਨਾਵਾਂ ਨੂੰ ਛੁਪਾਊਣ ਲਈ ਬਿਆਨਬਾਜ਼ੀ ਕਰ ਰਹੇ ਹਨ ਜਦਕਿ ਸਚਾਈ ਲੋਕਾਂ ਦੇ ਸਾਹਮਣੇ ਹੈ ਵੀਡੀਓ ਰਾਂਹੀ ਆ ਚੁੱਕੀ ਹੈ ਜਿਸ ਨਾਲ ਹਰੇਕ ਦਾ ਸਿਰ ਸ਼ਰਮ ਨਾਲ ਝੁੱਕ ਗਿਆ। ਕਿਉਂਕਿ ਕੋਈ ਸਮਾਂ ਸੀ ਜਦੋਂ ਸਿੱਖ ਕੌਮ ਨੂੰ ਅੌਰਤਾਂ ਦੀ ਰਾਖੀ ਕਰਨ ਲਈ ਜਾਣਿਆ ਜਾਂਦਾ ਸੀ ਤੇ ਅੱਜ ਇਨ੍ਹਾਂ ਅਖੌਤੀ ਆਗੂਆਂ ਨੇ ਪੂਰੀ ਕੌਮ ਨੂੰ ਬਦਨਾਮ ਕਰਕੇ ਰੱਖ ਦਿੱਤਾ। ਇਸ ਮੌਕੇ ਜਗਤਾਰ ਸਿੰਘ ਸੰਘੇੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਗਰਾਫ ਤੇਜ਼ੀ ਨਾਲ ਵੱਧ ਰਿਹਾ ਹੈ ਅਤੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਪਾਰਟੀ ਪੂਰੇ ਦੇਸ਼ ਅੰਦਰ ਜਿੱਤ ਦਰਜ ਕਰਕੇ ਇੱਕ ਇਤਿਹਾਸ ਸਿਰਜੇਗੀ ਜਿਸ ਲਈ ਪਾਰਟੀ ਵੱਲੋਂ ਵਿਉਂਤਬੰਦ ਤਰੀਕੇ ਨਾਲ ਚੋਣ ਲੜਨ ਦੀਆਂ ਤਿਆਰੀਆਂ ਲਈ ਪਾਰਟੀ ਆਗੂਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
ਸ੍ਰੀ ਸੰਘੇੜਾ ਨੇ ਕਿਹਾ ਕਿ ਕੈਪਟਨ ਅਤੇ ਬਾਦਲ ਪਰਿਵਾਰਾਂ ਦਾ ਸੱਚ ਲੋਕਾਂ ਸਾਹਮਣੇ ਆ ਚੁੱਕਾ ਹੈ ਜਿਸ ਕਾਰਨ ਕੈਪਟਨ ਅਮਰਿੰਦਰ ਸਿੰਘ ਸਾਬਕਾ ਉੱਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਸਮੁਚੇ ਭ੍ਰਿਸ਼ਟ ਮੰਤਰੀਆਂ ਖਿਲਾਫ ਕਾਰਵਾਈ ਤੋਂ ਪਾਸਾ ਵੱਟ ਗਏ ਹਨ। ਉਨ੍ਹਾਂ ਨਾਲ ਹੀ ਸਰਕਾਰ ਤੇ ਨਸ਼ੇ ਦੇ ਸੁਦਾਗਰਾਂ ਨੂੰ ਬਚਾਉਣ ਦੇ ਦੋਸ਼ ਵੀ ਲਗਾਉਂਦਿਆਂ ਕਿਹਾ ਕਿ ਸੂਬੇ ਅੰਦਰ ਸ਼ਰੇਆਮ ਨਸ਼ਾ ਵਿਕ ਰਿਹਾ ਹੈ ਜਿਸ ਵਿਚ ਸਰਕਾਰ ਤੇ ਪ੍ਰਸ਼ਾਸਨ ਦੀ ਮਿਲੀਭੁਗਤ ਜਗਜਾਹਿਰ ਹੈ। ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ ਅਤੇ ਨਰਿੰਦਰ ਸਿੰਘ ਸ਼ੇਰਗਿੱਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਨੂੰ ਕਾਂਗਰਸ ਅਤੇ ਭਾਜਪਾ ਤੋਂ ਮੁਕਤ ਕਰਵਾਉਣ ਲਈ ਆਪ ਨਾਲ ਜੁੜਿਆ ਜਾਵੇ ਤਾਂ ਜੋ ਦੇਸ਼ ਨੂੰ ਤਰੱਕੀ ਦੀਆਂ ਲੀਹਾਂ ਤੇ ਲਿਆਂਦਾ ਜਾ ਸਕੇ। ਇਸ ਮੌਕੇ ਹਿੰਮਤ ਸਿੰਘ ਸ਼ੇਰਗਿੱਲ, ਹਰੀਸ਼ ਕੌਂਸਲ ਬਲਾਕ ਪ੍ਰਧਾਨ ਕੁਰਾਲੀ, ਐਡਵੋਕੇਟ ਚੰਦਰ ਸ਼ੇਖਰ ਬਾਵਾ, ਮਨਜੀਤ ਸਿੰਘ ਘੁੰਮਣ, ਬਲਵਿੰਦਰ ਸਿੰਘ ਸ਼ਾਹੀ, ਗੁਰਪ੍ਰੀਤ ਗਿੱਲ, ਬਲਵਿੰਦਰ ਕੌਰ ਧਨੌੜਾਂ, ਦਿਲਾਵਰ ਸਿੰਘ, ਰਵੀ ਕੁਮਾਰ, ਮੇਜਰ ਸਿੰਘ ਝਿੰਗੜਾਂ, ਬਲਵੀਰ ਸਿੰਘ ਚਾਵਲਾ, ਹਰਮਨ ਸਿੰਘ ਆਦਿ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…