
ਜੌੜਾਮਾਜਰਾ ਵਿਵਾਦ: ਅਧਿਆਪਕਾਂ ਦਾ ਅਪਮਾਨ ਬਰਦਾਸ਼ਤ ਨਹੀਂ ਕਰਾਂਗੇ: ਕੁਲਜੀਤ ਬੇਦੀ
ਨਬਜ਼-ਏ-ਪੰਜਾਬ, ਮੁਹਾਲੀ, 8 ਅਪਰੈਲ:
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਸਾਬਕਾ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ‘ਸਿੱਖਿਆ ਕ੍ਰਾਂਤੀ’ ਦੇ ਨਾਂ ’ਤੇ ਕਰਵਾਏ ਗਏ ਸਮਾਗਮ ਦੌਰਾਨ ਅਧਿਆਪਕਾਂ ਦੇ ਕੀਤੇ ਅਪਮਾਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਸ਼ਰਮਨਾਕ ਹੈ ਕਿ ਜੋ ਅਧਿਆਪਕ ਰੋਜ਼ਾਨਾ ਮਿਹਨਤ ਕਰਕੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਸਹੀ ਰਸਤਾ ਦਿਖਾ ਰਹੇ ਹਨ ਅਤੇ ਉਨ੍ਹਾਂ ਦਾ ਭਵਿੱਖ ਰੋਸ਼ਨ ਕਰਨ ਕਰ ਰਹੇ ਹਨ, ਉਨ੍ਹਾਂ ਨੂੰ ਜਨਤਕ ਤੌਰ ’ਤੇ ਬੇਇੱਜ਼ਤ ਕਰਨਾ ਮੰਦਭਾਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦਾ ਪੁਰਾਣਾ ਰਿਕਾਰਡ ਵੀ ਅਜਿਹਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਸੀਨੀਅਰ ਡਾਕਟਰ ਨੂੰ ਬੇਇੱਜ਼ਤ ਕੀਤਾ ਸੀ। ਉਨ੍ਹਾਂ ਮੰਗ ਕੀਤੀ ਕਿ ਜੌੜਾਮਾਜਰਾ ਨੂੰ ਪਾਰਟੀ ’ਚੋਂ ਬਰਖ਼ਾਸਤ ਕੀਤਾ ਜਾਵੇ।
ਉਨ੍ਹਾਂ ਦਾਅਵਾ ਕੀਤਾ ਕਿ ਸਮਾਗਮ ਦੌਰਾਨ ਸਾਬਕਾ ਮੰਤਰੀ ਨੇ ਸਟੇਜ ਤੋਂ ਬੋਲਦੇ ਹੋਏ ਨਾ ਸਿਰਫ਼ ਬੱਚਿਆਂ ਨੂੰ ਝਿੜਕਿਆਂ ਬਲਕਿ ਅਧਿਆਪਕਾਂ ਨੂੰ ਵੀ ਅਪਮਾਨਜਨਕ ਸ਼ਬਦਾਂ ਵਿੱਚ ਫਟਕਾਰ ਲਗਾਈ। ਸਾਬਕਾ ਮੰਤਰੀ ਦੇ ਸ਼ਬਦ ’’ਤੁਸੀਂ ਕੀ ਪੜ੍ਹਾਉਂਦੇ ਹੋਵੋਗੇ?’’, ’’ਸਾਰੇ ਅਧਿਆਪਕਾਂ ਦੀ ਸ਼ਿਕਾਇਤ ਅੱਜ ਹੀ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਨੂੰ ਭੇਜਾਂਗਾ’’ ਵਰਗੇ ਬਿਆਨ ਨਾ ਸਿਰਫ਼ ਬੇਲੋੜੀਂਦੇ ਸਨ, ਸਗੋਂ ਸਾਰੇ ਸਿੱਖਿਆ ਤੰਤਰ ਦੀ ਬੇਇੱਜ਼ਤੀ ਹਨ। ਡਿਪਟੀ ਮੇਅਰ ਨੇ ਕਿਹਾ ਕਿ ‘ਆਪ’ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨੂੰ ਆਪਣੇ ਘਟੀਆ ਅਤੇ ਅਸੰਵੇਦਨਸ਼ੀਲ ਵਿਵਹਾਰ ਲਈ ਜਨਤਕ ਤੌਰ ’ਤੇ ਅਧਿਆਪਕਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਧਿਆਪਕ ਸਮਾਜ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਉਨ੍ਹਾਂ ਦੀ ਬੇਇੱਜ਼ਤੀ, ਸਾਰੇ ਸਮਾਜ ਦੇ ਮਾਣ ਨੂੰ ਠੇਸ ਪਹੁੰਚਾਉਂਦੀ ਹੈ। ਸਮਾਗਮ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਜੌੜਾਮਾਜਰਾ ਦੇ ਵਿਵਹਾਰ ਨੂੰ ਸਾਫ਼ ਦੇਖਿਆ ਤੇ ਸੁਣਿਆ ਜਾ ਸਕਦਾ ਹੈ।