
ਪਾਵਰਕੌਮ ਦੇ ਜੇਈ ਨੇ ਦਫ਼ਤਰ ਵਿੱਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਜਨਵਰੀ:
ਪੰਜਾਬ ਰਾਜ ਪਾਵਰਕੌਮ ਕਾਰਪੋਰੇਸ਼ਨ ਦੇ ਜੂਨੀਅਰ ਇੰਜੀਨੀਅਰ (ਜੇਈ) ਨੇ ਅੱਜ ਆਪਣੇ ਦਫ਼ਤਰ ਵਿੱਚ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਸਾਹਿਲ ਸ਼ਰਮਾ (45) ਵਾਸੀ ਫੇਜ਼-7 ਵਜੋਂ ਹੋਈ ਹੈ। ਉਹ ਮੁਹਾਲੀ ਸਥਿਤ ਪਾਵਰਕੌਮ ਦੇ ਦਫ਼ਤਰ ਵਿੱਚ ਤਾਇਨਾਤ ਸੀ। ਦੱਸਿਆ ਗਿਆ ਹੈ ਕਿ ਉਹ ਪਿਛਲੇ ਕਾਫ਼ੀ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਮਿਲੀ ਜਾਣਕਾਰੀ ਅਨੁਸਾਰ ਸਾਹਿਲ ਸ਼ਰਮਾ ਅੱਜ ਰੋਜ਼ਾਨਾ ਵਾਂਗ ਸਵੇਰੇ ਕਰੀਬ ਸਾਢੇ 8 ਵਜੇ ਪਾਵਰਕੌਮ ਦੇ ਦਫ਼ਤਰ ਡਿਊਟੀ ’ਤੇ ਗਿਆ ਸੀ।
ਇਸ ਦੌਰਾਨ ਲਾਈਨਮੈਨ ਸ਼ਿਵ ਮੂਰਤੀ ਨੇ ਉਸ (ਜੇਈ ਸਾਹਿਲ ਸ਼ਰਮਾ) ਨੂੰ ਫੋਨ ਕਰਕੇ ਕਿਹਾ ਕਿ ਉਸ ਨੂੰ ਫੀਲਡ ਕੰਮ ਲਈ ਕੁੱਝ ਤਾਰ ਚਾਹੀਦੀ ਹੈ ਤਾਂ ਅੱਗਿਓਂ ਜੇਈ ਨੇ ਉਸ ਨੂੰ ਦਫ਼ਤਰ ਆ ਕੇ ਲੋੜ ਅਨੁਸਾਰ ਤਾਰ ਲਿਜਾਉਣ ਲਈ ਆਖਿਆ। ਸ਼ਿਵ ਮੂਰਤੀ ਦੇ ਦੱਸਣ ਅਨੁਸਾਰ ਜਦੋਂ ਉਹ ਤਾਰ ਲੈਣ ਪਾਵਰਕੌਮ ਦਫ਼ਤਰ ਵਿੱਚ ਪੁੱਜਾ ਤਾਂ ਜੇਈ ਦਾ ਦਫ਼ਤਰ ਅੰਦਰੋਂ ਬੰਦ ਸੀ। ਉਸ ਨੇ ਬਹੁਤ ਆਵਾਜ਼ਾਂ ਮਾਰੀਆਂ ਪਰ ਅੰਦਰੋਂ ਕੋਈ ਜਵਾਬ ਨਹੀਂ ਆਇਆ। ਇਸ ਉਪਰੰਤ ਉਸ ਨੇ ਦਫ਼ਤਰ ਦੇ ਹੋਰ ਮੁਲਾਜ਼ਮਾਂ ਨੂੰ ਸੱਦਿਆ। ਜਿਨ੍ਹਾਂ ਨੇ ਮਿਲ ਕੇ ਦਫ਼ਤਰ ਦਾ ਦਰਵਾਜਾ ਤੋੜਿਆ ਤਾਂ ਅੰਦਰ ਜਾ ਕੇ ਦੇਖਿਆ ਕਿ ਜੇਈ ਸਾਹਿਲ ਸ਼ਰਮਾ ਦੀ ਲਾਸ਼ ਲਮਕ ਰਹੀ ਸੀ। ਉਸ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲਿਆ ਹੋਇਆ ਸੀ। ਉਨ੍ਹਾਂ ਨੇ ਪਾਵਰਕੌਮ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰਨਾਂ ਸਾਥੀਆਂ ਨੂੰ ਇਸ ਘਟਨਾ ਬਾਰੇ ਦੱਸਿਆ। ਜਿਨ੍ਹਾਂ ਨੇ ਪੁਲੀਸ ਨੂੰ ਇਤਲਾਹ ਦਿੱਤੀ।
ਸੂਚਨਾ ਮਿਲਦੇ ਹੀ ਪੁਲੀਸ ਕਰਮਚਾਰੀ ਵੀ ਮੌਕੇ ’ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ। ਜਾਣਕਾਰੀ ਅਨੁਸਾਰ ਸਾਹਿਲ ਸ਼ਰਮਾ ਕੁੱਝ ਸਮੇਂ ਤੋਂ ਮਾਨਸਿਕ ਅਤੇ ਆਰਥਿਕ ਪੱਖੋਂ ਕਾਫ਼ੀ ਪ੍ਰੇਸ਼ਾਨ ਸੀ ਅਤੇ ਉਹ ਡਿਪਰੈਸ਼ਨ ਦੀ ਦਵਾਈ ਵੀ ਲੈ ਰਿਹਾ ਸੀ। ਪੁਲੀਸ ਮਾਮਲੇ ਦੀ ਜਾਣਕਾਰੀ ਕਰ ਰਹੀ ਹੈ।