ਸਿਹਤ ਮੰਤਰੀ ਦੇ ਛੋਟੇ ਭਰਾ ਮੇਅਰ ਜੀਤੀ ਸਿੱਧੂ ਤੇ ਹੋਰ ਕਾਂਗਰਸੀ ਉੱਡਾ ਰਹੇ ਨੇ ਕੋਵਿਡ ਨਿਯਮਾਂ ਦੀਆਂ ਧੱਜੀਆਂ

ਪੰਜਾਬ ਸਰਕਾਰ ਨੇ ਆਮ ਲੋਕਾਂ ਤੇ ਕਾਂਗਰਸੀਆਂ ਲਈ ਬਣਾਏ ਵੱਖੋ-ਵੱਖਰੇ ਨੇ ਨਿਯਮ\ਕਾਨੂੰਨ, ਪੁਲੀਸ ਮੂਕ ਦਰਸ਼ਕ ਬਣੀ

ਮੇਅਰ ਜੀਤੀ ਸਿੱਧੂ ਨੇ ਫੇਜ਼-7 ਅਤੇ ਸੈਕਟਰ-66 ਤੋਂ 69 ਵਿੱਚ ਸ਼ੁਰੂ ਕਰਵਾਏ ਵਿਕਾਸ ਕਾਰਜ

ਪਾਰਕਾਂ ਵਿੱਚ ਲਾਈਟਾਂ ਤੇ ਰੋਡ ਗਲੀਆਂ ਦੀ ਸਫ਼ਾਈ ਤੇ ਮੁਰੰਮਤ ਕਾਰਜਾਂ ’ਤੇ 56 ਲੱਖ ਖ਼ਰਚੇ ਜਾਣਗੇ: ਮੇਅਰ ਜੀਤੀ ਸਿੱਧੂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਮਈ:
ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਆਮ ਲੋਕਾਂ ਅਤੇ ਕਾਂਗਰਸੀ ਵਰਕਰਾਂ ਲਈ ਵੱਖੋ-ਵੱਖਰੇ ਨਿਯਮ ਤੇ ਕਾਨੂੰਨ ਬਣਾਏ ਗਏ ਜਾਪਦੇ ਹਨ। ਮੁਹਾਲੀ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਵਿਕਾਸ ਕਾਰਜਾਂ ਲਈ ਉਲੀਕੇ ਜਾ ਰਹੇ ਉਦਘਾਟਨੀ ਪ੍ਰੋਗਰਾਮਾਂ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਸਾਬਕਾ ਕੌਂਸਲਰ ਪਰਮਜੀਤ ਸਿੰਘ ਕਾਹਲੋਂ, ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਦਾਊ, ਬਲਵਿੰਦਰ ਸਿੰਘ ਕੁੰਭੜਾ ਅਤੇ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਹਾ ਕਿ ਮੇਅਰ ਜੀਤੀ ਸਿੱਧੂ ਰੋਜ਼ਾਨਾ ਹੀ ਸ਼ਹਿਰ ਦੇ ਕਿਸੇ ਨਾ ਕਿਸੇ ਹਿੱਸੇ ਵਿੱਚ ਵਿਕਾਸ ਕੰਮਾਂ ਦੇ ਨਾਂ ਉੱਤੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਇਕੱਠੇ ਕਰਕੇ ਸ਼ਰ੍ਹੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ, ਪ੍ਰੰਤੂ ਮੁਹਾਲੀ ਪੁਲੀਸ ਮੂਕ ਦਰਸ਼ਕ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਕਾਂਗਰਸੀ ਆਗੂਆਂ ਅਤੇ ਆਮ ਜਨਤਾ ਲਈ ਵੱਖੋ-ਵੱਖਰੇ ਨਿਯਮ ਤੇ ਕਾਨੂੰਨ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਸਿਹਤ ਮੰਤਰੀ ਲੋਕਾਂ ਨੂੰ ਕੋਵਿਡ ਨਿਯਮਾਂ ਦੀ ਪਾਲਣਾ ਕਰਨ ਅਤੇ ਇਕ ਦੂਜੇ ਤੋਂ ਜ਼ਰੂਰੀ ਫਾਸਲਾ ਬਣਾ ਕੇ ਰੱਖਣ ਦੀ ਨਸੀਹਤ ਦਿੰਦੇ ਨਹੀਂ ਥੱਕਦੇ ਹਨ, ਦੂਜੇ ਪਾਸੇ ਮੰਤਰੀ ਦਾ ਛੋਟਾ ਭਰਾ ਅਤੇ ਹੋਰ ਕਾਂਗਰਸੀ ਆਗੂ ਖੁੱਲ੍ਹੇਆਮ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ। ਇਨ੍ਹਾਂ ਇਕੱਠਾਂ ਵਿੱਚ ਜ਼ਿਆਦਾਤਰ ਕਾਂਗਰਸੀ ਬਿਨਾਂ ਮਾਸਕ ਅਤੇ ਇਕ ਦੂਜੇ ਨਾਲ ਚਿਪਕੇ ਹੁੰਦੇ ਹਨ। ਜਦੋਂਕਿ ਬਾਕੀ ਸ਼ਹਿਰਾਂ ਦੇ ਮੁਕਾਬਲੇ ਮੁਹਾਲੀ ਵਿੱਚ ਮਹਾਮਾਰੀ ਦੇ ਸਭ ਤੋਂ ਵੱਧ ਕੇਸ ਹਨ ਅਤੇ ਰੋਜ਼ਾਨਾ ਮੌਤਾਂ ਵੀ ਹੋ ਰਹੀਆਂ ਹਨ। ਉਨ੍ਹਾਂ ਸਬੰਧਤ ਵਿਅਕਤੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਵੀ ਕੀਤੀ।
ਮੇਅਰ ਜੀਤੀ ਸਿੱਧੂ ਨੇ ਅੱਜ ਇੱਥੋਂ ਦੇ ਫੇਜ਼-7 ਦੀ ਪਾਰਕ ਵਿੱਚ ਲਾਈਟਾਂ ਲਗਾਉਣ ਦਾ ਕੰਮ ਸ਼ੁਰੂ ਕਰਵਾਇਆ। ਇੰਜ ਹੀ ਸੈਕਟਰ-66 ਤੋਂ 69 ਵਿੱਚ ਰੋਡ ਗਲੀਆਂ ਦੀ ਸਫ਼ਾਈ ਅਤੇ ਮੁਰੰਮਤ ਦੇ ਕੰਮ ਸ਼ੁਰੂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ’ਤੇ 56 ਲੱਖ ਰੁਪਏ ਖ਼ਰਚੇ ਜਾਣਗੇ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਕੌਂਸਲਰ ਅਨੁਰਾਧਾ ਆਨੰਦ ਤੇ ਮਾ. ਚਰਨ ਸਿੰਘ, ਜਤਿੰਦਰ ਆਨੰਦ, ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਬੀਰ ਸਿੰਘ ਜੱਸੀ, ਜ਼ੋਨਲ ਸਕੱਤਰ ਐਸਐਸ ਮੱਖਣ, ਵਿਕਟਰ ਨਿਹੋਲਕਾ, ਅਮਨਦੀਪ ਸਿੰਘ, ਐਕਸੀਅਨ ਹਰਪ੍ਰੀਤ ਸਿੰਘ ਤੇ ਕਮਲਦੀਪ ਸਿੰਘ, ਚੈਰੀ ਸਿੱਧੂ, ਜੀਐਸ ਗਰੇਵਾਲ, ਪ੍ਰਿੰਸੀਪਲ ਗੁਰਮੁੱਖ ਸਿੰਘ, ਸੁਨੀਲ ਕੁਮਾਰ ਤੇ ਹੋਰ ਪਤਵੰਤੇ ਹਾਜ਼ਰ ਸਨ।

ਉਧਰ, ਦੂਜੇ ਪਾਸੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਨੇ ਕਿਹਾ ਕਿ ਵਿਰੋਧ ਕਰਨ ਵਾਲਿਆਂ ਦੇ ਸਾਰੇ ਦੋਸ਼ ਬਿਲਕੁਲ ਬੇਬੁਨਿਆਦ ਅਤੇ ਝੂਠ ਦਾ ਪੁਲੰਦਾ ਹਨ। ਵਿਕਾਸ ਕਾਰਜਾਂ ਦੌਰਾਨ ਕੋਵਿਡ ਨਿਯਮਾਂ ਅਤੇ ਸਰਕਾਰ ਦੀਆਂ ਹਦਾਇਤਾਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਤਾਂ ਹੁਣ ਅੰਦਰ ਵੜ ਕੇ ਬੈਠ ਗਈ ਹੈ ਜਦੋਂਕਿ ਉਹ ਪਹਿਲੇ ਦਿਨ ਤੋਂ ਵਿਕਾਸ ਨੂੰ ਤਰਜ਼ੀਹ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੀ ਹਾਰ ਹਜ਼ਮ ਨਹੀਂ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਉਹ ਸ਼ਹਿਰ ਵਿੱਚ ਕਿਸੇ ਵੀ ਥਾਂ ਵਿਕਾਸ ਕੰਮਾਂ ਕਰਵਾਉਣ ਜਾਂ ਜਾਇਜ਼ਾ ਲੈਣ ਜਾਂਦੇ ਹਨ ਤਾਂ: ਲੋਕ ਆਪ ਮੁਹਾਰੇ ਪਹੁੰਚ ਜਾਂਦੇ ਹਨ ਅਤੇ ਆਪਣੀ ਸਮੱਸਿਆਵਾਂ ਦੱਸਦੇ ਹਨ। ਜਿਨ੍ਹਾਂ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ।

Load More Related Articles

Check Also

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ 25 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਐਸਐਚਓ ਗ੍ਰਿਫ਼ਤਾਰ ਸ਼ਿਕਾਇਤਕਰਤਾ ਅਨੁਸਾਰ ਐਸਐਚਓ…