ਅਮਰਜੀਤ ਸਿੰਘ ਜੀਤੀ ਸਿੱਧੂ ਬਣੇ ਮੁਹਾਲੀ ਦੇ ਨਵੇਂ ਮੇਅਰ, ਖੂਬ ਉਡਾਈਆਂ ਕੋਵਿਡ ਨਿਯਮਾਂ ਦੀਆਂ ਧੱਜੀਆਂ

ਸਿੱਧੂ ਦੀ ਸੱਜੀ ਬਾਂਹ ਸਾਬਕਾ ਸੀਨੀਅਰ ਡਿਪਟੀ ਮੇਅਰ, ਆਜ਼ਾਦ ਗਰੁੱਪ ਤੇ ਆਜ਼ਾਦ ਕੌਂਸਲਰਾਂ ਨੇ ਕੀਤਾ ਚੋਣ ਦਾ ਬਾਈਕਾਟ

ਰਿਸਵ ਜੈਨ ਤੇ ਸ੍ਰੀਮਤੀ ਜੈਨ ਨੇ ਸੀਨੀਅਰ ਆਗੂਆਂ ਨੂੰ ਅਣਗੌਲਿਆ ਕਰਕੇ ਪਰਿਵਾਰ ਨੂੰ ਅਹਿਮੀਅਤ ਦੇਣ ਦੇ ਲਗਾਏ ਦੋਸ਼

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਅਪਰੈਲ:
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਆਖ਼ਰਕਾਰ ਆਪਣੇ ਛੋਟੇ ਭਰਾ ਅਤੇ ਉੱਘੇ ਕਾਰੋਬਾਰੀ ਅਮਰਜੀਤ ਸਿੰਘ ਸਿੱਧੂ ਉਰਫ਼ ਜੀਤੀ ਸਿੱਧੂ ਨੂੰ ਮੁਹਾਲੀ ਦਾ ਮੇਅਰ ਬਣਾਉਣ ਲਈ ਕਾਮਯਾਬ ਹੋ ਗਏ ਹਨ। ਅੱਜ ਇੱਥੋਂ ਦੇ ਸੈਕਟਰ-68 ਸਥਿਤ ਨਗਰ ਨਿਗਮ ਭਵਨ ਵਿਖੇ ਸਵੇਰੇ 10 ਵਜੇ ਮੁਹਾਲੀ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੀ ਗਈ। ਜਿਸ ਵਿੱਚ ਸਿਹਤ ਮੰਤਰੀ ਸਿੱਧੂ ਦੇ ਛੋਟੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਸਰਬਸੰਮਤੀ ਨਾਲ ਮੇਅਰ ਚੁਣਿਆ ਗਿਆ। ਜਦੋਂਕਿ ਅਮਰੀਕ ਸਿੰਘ ਸੋਮਲ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਆਰਟੀਆਈ ਕਾਰਕੁਨ ਕੁਲਜੀਤ ਸਿੰਘ ਬੇਦੀ ਨੂੰ ਡਿਪਟੀ ਮੇਅਰ ਬਣਾਇਆ ਗਿਆ। ਜੀਤੀ ਸਿੱਧੂ ਪਹਿਲੀ ਵਾਰ ਕੌਂਸਲਰ ਬਣ ਕੇ ਹਾਊਸ ਵਿੱਚ ਪਹੁੰਚੇ ਹਨ।
ਚੋਣ ਪ੍ਰਕਿਰਿਆ ਦੌਰਾਨ ਦੋ ਕੈਬਨਿਟ ਮੰਤਰੀਆਂ ਦੀ ਮੌਜੂਦਗੀ ਵਿੱਚ ਕਾਂਗਰਸੀ ਵਰਕਰਾਂ ਵੱਲੋਂ ਕੋਵਿਡ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਗਈਆਂ। ਜ਼ਿਆਦਾਤਰ ਕਾਂਗਰਸ ਵਰਕਰਾਂ ’ਤੇ ਮੂੰਹ ’ਤੇ ਮਾਸਕ ਨਹੀਂ ਸਨ ਅਤੇ ਨਾ ਹੀ ਸੋਸ਼ਲ ਡਿਸਟੈਂਸੀ ਦਾ ਖਿਆਲ ਰੱਖਿਆ ਗਿਆ। ਸਗੋਂ ਖੁੱਲ੍ਹੇ ਮੂੰਹ ਅਤੇ ਇਕ ਦੂਜੇ ਦੇ ਗਲੇ ਮਿਲ ਕੇ ਵਧਾਈਆਂ ਦਿੰਦੇ ਦੇਖੇ ਗਏ। ਮੇਅਰ ਦੀ ਚੋਣ ਨੂੰ ਲੈ ਕੇ ਕਾਂਗਰਸੀ ਵਰਕਰਾਂ ਵਿੱਚ ਉਤਸ਼ਾਹ ਏਨਾ ਜ਼ਿਆਦਾ ਸੀ ਕਿ ਨਿਗਮ ਦਫ਼ਤਰ ਵਿੱਚ ਬਹੁਤ ਵੱਡੀ ਭੀੜ ਜਮ੍ਹਾ ਹੋ ਗਈ।
ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੇ ਲਿਫ਼ਾਫ਼ੇ ’ਚੋਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਲਈ ਕ੍ਰਮਵਾਰ ਅਮਰਜੀਤ ਸਿੰਘ ਜੀਤੀ ਸਿੱਧੂ, ਅਮਰੀਕ ਸਿੰਘ ਸੋਮਲ ਅਤੇ ਕੁਲਜੀਤ ਬੇਦੀ ਦੇ ਨਾਵਾਂ ਦੀ ਘੋਸ਼ਣਾ ਕੀਤੀ। ਜਿਸ ਨੂੰ ਹਾਊਸ ਵਿੱਚ ਹਾਜ਼ਰ ਬਹੁਗਿਣਤੀ ਕੌਂਸਲਰਾਂ ਨੇ ਜੈਕਾਰੇ ਛੱਡ ਕੇ ਪ੍ਰਵਾਨਗੀ ਦਿੱਤੀ। ਇਸ ਤੋਂ ਪਹਿਲਾਂ ਸਾਰੇ ਕੌਂਸਲਰਾਂ ਨੂੰ ਸੰਵਿਧਾਨ ਅਨੁਸਾਰ ਅਹੁਦੇ ਦੀ ਸਹੁੰ ਚੁਕਾਈ ਗਈ।
ਉਧਰ, ਜਿਵੇਂ ਹੀ ਮੇਅਰ ਦੀ ਚੋਣ ਪ੍ਰਕਿਰਿਆ ਸ਼ੁਰੂ ਹੋਈ ਤਾਂ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਸੱਜੀ ਬਾਂਹ ਸਮਝੇ ਜਾਂਦੇ ਅਤੇ ਜੀਤੀ ਸਿੱਧੂ ਨਾਲ ਸ਼ਰਾਬ ਦੇ ਕਾਰੋਬਾਰ ਵਿੱਚ ਹਿੱਸੇਦਾਰ ਰਹੇ ਸਾਬਕਾ ਸੀਨੀਅਰ ਡਿਪਟੀ ਮੇਅਰ ਰਿਸਵ ਜੈਨ ਅਤੇ ਚੌਥੀ ਵਾਰ ਕੌਂਸਲਰ ਬਣੀ ਉਨ੍ਹਾਂ ਦੀ ਪਤਨੀ ਰਾਜ ਰਾਣੀ ਜੈਨ ਚੋਣ ਦਾ ਬਾਈਕਾਟ ਕਰਕੇ ਬਾਹਰ ਆ ਗਏ। ਇਸ ਤੋਂ ਪਹਿਲਾਂ ਆਜ਼ਾਦ ਗਰੁੱਪ ਦੇ ਮੈਂਬਰ ਅਤੇ ਹੋਰ ਆਜ਼ਾਦ ਕੌਂਸਲਰ ਵੀ ਬਾਈਕਾਟ ਕਰਕੇ ਹਾਊਸ ’ਚੋਂ ਬਾਹਰ ਆ ਗਏ ਸੀ।
ਇਸ ਮੌਕੇ ਰਿਸਵ ਜੈਨ ਅਤੇ ਸ੍ਰੀਮਤੀ ਰਾਜ ਰਾਣੀ ਜੈਨ ਨੇ ਕਿਹਾ ਕਿ ਕੈਬਨਿਟ ਮੰਤਰੀ ਸਿੱਧੂ ਨੇ ਸੀਨੀਅਰ ਆਗੂਆਂ ਨੂੰ ਅਣਗੌਲਿਆ ਕਰਕੇ ਆਪਣੇ ਪਰਿਵਾਰ ਨੂੰ ਅਹਿਮੀਅਤ ਦਿੱਤੀ ਗਈ। ਹੁਣ ਉਹ ਕਾਂਗਰਸ ਵਿੱਚ ਰਹਿਣਗੇ ਜਾਂ ਨਹੀਂ ਇਸ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਛੇਤੀ ਹੀ ਫੈਸਲਾ ਲਿਆ ਜਾਵੇਗਾ। ਸ੍ਰੀਮਤੀ ਜੈਨ ਨੇ ਕਿਹਾ ਕਿ ਮੌਜੂਦਾ ਹਾਊਸ ਵਿੱਚ ਉਹ ਸਭ ਤੋਂ ਸੀਨੀਅਰ ਹਨ, ਉਹ ਲਗਾਤਾਰ ਚੌਥੀ ਵਾਰ ਚੋਣ ਜਿੱਤੇ ਹਨ ਪ੍ਰੰਤੂ ਪਹਿਲੀ ਵਾਰ ਚੋਣ ਜਿੱਤਣ ਵਾਲੇ ਨੂੰ ਮੇਅਰ ਬਣਾ ਦਿੱਤਾ। ਉਨ੍ਹਾਂ ਕਿਹਾ ਕਿ ਨਿਗਮ ਚੋਣਾਂ ਵੇਲੇ 50 ਫੀਸਦੀ ਵਾਰਡ ਅੌਰਤਾਂ ਲਈ ਰਾਖਵੇਂ ਕੀਤੇ ਗਏ ਸੀ ਲੇਕਿਨ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਆਦਿ ਤਿੰਨ ਅਹੁਦਿਆਂ ’ਚੋਂ ਇਕ ਵੀ ਅਹੁਦਾ ਕਿਸੇ ਯੋਗ ਅੌਰਤ ਨੂੰ ਨਹੀਂ ਦਿੱਤਾ ਗਿਆ ਹੈ।

ਸਾਬਕਾ ਡਿਪਟੀ ਮੇਅਰ ਮਨਜੀਤ ਸਿੰਘ ਸੇਠੀ ਨੇ ਕਿਹਾ ਕਿ ਅੱਜ ਹੋਈ ਚੋਣ ਨੂੰ ਉਹ ਗੈਰ-ਸੰਵਿਧਾਨਿਕ ਮੰਨਦੇ ਹਨ। ਜਿਸ ਕਾਰਨ ਉਨ੍ਹਾਂ ਨੇ ਬਾਈਕਾਟ ਕੀਤਾ ਹੈ। ਕਿਉਂਕਿ ਤਿੰਨੇ ਅਹੁਦਿਆਂ ਦੀ ਚੋਣ ਤੋਂ ਪਹਿਲਾਂ ਸਰਕਾਰ ਨੂੰ ਇਹ ਦੱਸਣਾ ਚਾਹੀਦਾ ਸੀ ਕਿ ਕਿਹੜੇ ਅਹੁਦੇ ਦੀ ਚੋਣ ਕਿਸ ਕੈਟਾਗਰੀ ਜਾਂ ਰਾਖਵੇਂਕਰਨ ਤਹਿਤ ਕਰਵਾਈ ਜਾ ਰਹੀ ਹੈ। ਫਿਰ ਉਹ ਆਪਣੇ ਸਾਥੀਆਂ ਨਾਲ ਚੋਣ ਵਿੱਚ ਹਿੱਸਾ ਲੈਣ ਬਾਰੇ ਸੋਚ ਲੈਂਦੇ। ਚੋਣ ਪ੍ਰਕਿਰਿਆ ਤੋਂ ਪਹਿਲਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਅੌਰਤਾਂ ਨੂੰ ਕੋਈ ਅਹੁਦਾ ਨਾ ਦੇਣਾ ਸਮੁੱਚੀ ਨਾਰੀ ਜਾਤੀ ਦਾ ਅਪਮਾਨ ਹੈ।
(ਬਾਕਸ ਆਈਟਮ)
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਚੋਣ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਓਪਨ ਹਾਊਸ ਵਿੱਚ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਸਰਬਸੰਮਤੀ ਨਾਲ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਚੋਣ ਢਾਈ ਸਾਲਾਂ ਲਈ ਹੈ। ਢਾਈ ਸਾਲਾਂ ਬਾਅਦ ਨਾਰਾਜ ਆਗੂ ਰਿਸਵ ਜੈਨ ਨੂੰ ਮੇਅਰ ਅਤੇ ਯੂਥ ਆਗੂ ਨਰਪਿੰਦਰ ਸਿੰਘ ਰੰਗ ਨੂੰ ਸੀਨੀਅਰ ਡਿਪਟੀ ਮੇਅਰ ਬਣਾਇਆ ਜਾਵੇਗਾ। ਡਿਪਟੀ ਮੇਅਰ ਬਾਰੇ ਮੌਕੇ ਦੇ ਹਾਲਾਤਾਂ ਮੁਤਾਬਕ ਢੁਕਵਾਂ ਫੈਸਲਾ ਲਿਆ ਜਾਵੇਗਾ। ਸ੍ਰੀ ਸਿੱਧੂ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …